ਕਪੂਰਥਲਾ ਦੇ ਨੌਜਵਾਨ ਦੀ ਭੇਦਭਰੇ ਹਾਲਾਤ ''ਚ ਮੌਤ, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ

Tuesday, Oct 06, 2026 - 05:02 PM (IST)

ਕਪੂਰਥਲਾ ਦੇ ਨੌਜਵਾਨ ਦੀ ਭੇਦਭਰੇ ਹਾਲਾਤ ''ਚ ਮੌਤ, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ

ਕਪੂਰਥਲਾ (ਗੁਰਪ੍ਰੀਤ)- ਜ਼ਿਲ੍ਹਾ ਕਪੂਰਥਲਾ ਦੇ ਪਿੰਡ ਫੱਤੂਢੀਂਗਾ 'ਚ ਇਕ ਨੌਜਵਾਨ ਦੀ ਭੇਦਭਰੇ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਵੱਲੋਂ ਇਕ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ’ਤੇ ਗੰਭੀਰ ਦੋਸ਼ ਲਗਾਏ ਗਏ ਹਨ, ਜਦਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਸਾਹਿਬ ਸਿੰਘ ਪੁੱਤਰ ਦਲਬੀਰ ਸਿੰਘ ਪਿੰਡ ਫੱਤੂਢੀਂਗਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਦੇ ਗੁਆਂਢ ਰਹਿੰਦੀ ਇੱਕ ਕੁੜੀ ਨਾਲ ਕਥਿਤ ਤੌਰ ’ਤੇ ਪ੍ਰੇਮ ਸਬੰਧ ਸਨ। ਪਰਿਵਾਰ ਦਾ ਦੋਸ਼ ਹੈ ਕਿ ਕੁੜੀ ਦੇ ਪਰਿਵਾਰ ਵੱਲੋਂ ਨੌਜਵਾਨ ਨੂੰ ਘਰ ਬੁਲਾਇਆ ਗਿਆ, ਜਿੱਥੇ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਅਤੇ ਤਸ਼ੱਦਦ ਕੀਤਾ ਗਿਆ।

ਪਰਿਵਾਰ ਵੱਲੋਂ ਨੌਜਵਾਨ ਦੇ ਸਰੀਰ ’ਤੇ ਵੱਖ-ਵੱਖ ਸੱਟਾਂ ਹੋਣ ਅਤੇ ਉਸ ਨਾਲ ਕਥਿਤ ਤੌਰ ’ਤੇ ਅਣਮਨੁੱਖੀ ਵਿਵਹਾਰ ਕੀਤੇ ਜਾਣ ਦੇ ਦੋਸ਼ ਲਗਾਏ ਗਏ ਹਨ। ਪਰਿਵਾਰ ਦਾ ਇਹ ਵੀ ਦਾਅਵਾ ਹੈ ਕਿ ਪੋਸਟਮਾਰਟਮ ਦੌਰਾਨ ਡਾਕਟਰੀ ਜਾਂਚ 'ਚ ਸਰੀਰ ਦੇ ਇੱਕ ਸੰਵੇਦਨਸ਼ੀਲ ਹਿੱਸੇ ਨਾਲ ਸਬੰਧਤ ਗੰਭੀਰ ਸੱਟ ਬਾਰੇ ਜਾਣਕਾਰੀ ਦਰਜ ਕੀਤੀ ਗਈ ਹੈ।

ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਹੋਣਾ ਹਾਲੇ ਬਾਕੀ ਹੈ ਅਤੇ ਮਾਮਲੇ ਦੀ ਅਸਲ ਤਸਵੀਰ ਪੁਲਸ ਜਾਂਚ ਅਤੇ ਬਾਕੀ ਮੈਡੀਕਲ ਰਿਪੋਰਟਾਂ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਘਟਨਾ ਤੋਂ ਬਾਅਦ ਕੁੜੀ ਅਤੇ ਉਸਦੇ ਪਰਿਵਾਰਕ ਮੈਂਬਰ ਘਰ ਤੋਂ ਚਲੇ ਗਏ ਹਨ। ਪਰਿਵਾਰ ਨੇ ਪੁਲਸ ਤੋਂ ਮਾਮਲੇ ਦੀ ਨਿਰਪੱਖ ਜਾਂਚ ਅਤੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਉਹ ਥਾਣੇ ਦੇ ਬਾਹਰ ਧਰਨਾ ਦੇਣ ਲਈ ਮਜਬੂਰ ਹੋਣਗੇ।

ਦੂਜੇ ਪਾਸੇ ਥਾਣਾ ਮੁਖੀ ਦਲਵਿੰਦਰਬੀਰ ਸਿੰਘ ਨੇ ਕਿਹਾ ਕਿ ਮਾਮਲਾ ਪੁਲਸ ਦੇ ਧਿਆਨ ਵਿੱਚ ਹੈ ਅਤੇ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦੇ ਕਾਰਨ ਸਬੰਧੀ ਵਿਸਰਾ ਰਿਪੋਰਟ ਹਾਲੇ ਆਉਣੀ ਬਾਕੀ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਇੱਕ ਹੋਰ ਮੈਡੀਕਲ ਰਿਪੋਰਟ ਵੀ ਪ੍ਰਾਪਤ ਹੋਣੀ ਹੈ। ਥਾਣਾ ਮੁਖੀ ਅਨੁਸਾਰ ਸਾਰੀਆਂ ਰਿਪੋਰਟਾਂ ਮਿਲਣ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਸਬੰਧੀ ਕਿਸੇ ਨਤੀਜੇ ’ਤੇ ਪਹੁੰਚਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਤੁਰੰਤ ਕੋਈ ਨਤੀਜਾ ਕੱਢਣਾ ਉਚਿਤ ਨਹੀਂ ਹੋਵੇਗਾ। ਫਿਲਹਾਲ ਪੁਲਸ ਜਾਂਚ ਅਤੇ ਬਾਕੀ ਮੈਡੀਕਲ ਰਿਪੋਰਟਾਂ ਦਾ ਇੰਤਜ਼ਾਰ ਹੈ। ਇਨ੍ਹਾਂ ਦੇ ਆਧਾਰ ’ਤੇ ਹੀ ਨੌਜਵਾਨ ਦੀ ਮੌਤ ਦੇ ਕਾਰਨਾਂ ਅਤੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਸਬੰਧੀ ਸਥਿਤੀ ਹੋਰ ਸਪੱਸ਼ਟ ਹੋ ਸਕੇਗੀ।


author

Shivani Bassan

Content Editor

Related News