ਸੁਭਾਸ਼ ਸੋਂਧੀ ਤੇ ਉਸਦੇ ਪੁੱਤਰ ''ਤੇ ਲਾਇਆ ਅਗਵਾ ਦਾ ਦੋਸ਼
Thursday, Aug 03, 2017 - 07:27 AM (IST)

ਜਲੰਧਰ, (ਪ੍ਰੀਤ)— ਬੀਤੀ ਰਾਤ ਬੀ. ਐੱਸ.ਐੱਫ. ਕਾਲੋਨੀ ਕੋਲੋਂ 'ਅਗਵਾ' ਕਰਕੇ ਥਾਣਾ ਨੰਬਰ 1 ਕੋਲ ਛੱਡੇ ਗਏ ਪੁਨੀਤ ਸੋਨੀ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੇ ਦੋਸ਼ ਲਗਾਇਆ ਹੈ ਕਿ ਸੁਭਾਸ਼ ਸੋਂਧੀ, ਉਸਦੇ ਬੇਟੇ ਤੇ ਹੋਰਨਾਂ ਨੇ ਬੀਤੀ ਰਾਤ ਪਿਸਤੌਲ ਦੀ ਨੋਕ 'ਤੇ ਉਸ ਨੂੰ ਅਗਵਾ ਕਰ ਲਿਆ ਸੀ। ਉਸ ਨਾਲ ਗੱਡੀ ਵਿਚ ਕੁੱਟਮਾਰ ਕੀਤੀ ਗਈ ਪਰ ਜਦੋਂ ਪਤਾ ਲੱਗਾ ਕਿ ਉਸ ਨੂੰ ਅਗਵਾ ਕਰਨ ਸੰਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ ਹੈ ਤਾਂ ਉਕਤ ਵਿਅਕਤੀ ਉਸ ਨੂੰ ਥਾਣਾ ਨੰਬਰ 1 ਲੈ ਗਏ। ਪੁਨੀਤ ਸੋਨੀ ਨੇ ਡੀ. ਸੀ. ਪੀ. ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਮੁਲਜ਼ਮਾਂ 'ਤੇ ਕੇਸ ਦਰਜ ਕਰ ਉਸਨੂੰ ਇਨਸਾਫ ਦਿਵਾਇਆ ਜਾਵੇ।
ਏ. ਸੀ. ਪੀ. ਨਵਨੀਤ ਮਾਹਲ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ 'ਚ ਪੁਨੀਤ ਸੋਨੀ ਪੁੱਤਰ ਬਲਰਾਜ ਸੋਨੀ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਬੀ. ਐੱਸ. ਐੱਫ. ਕਾਲੋਨੀ ਵਿਚ ਰੈਸਟੋਰੈਂਟ ਦੇ ਬਾਹਰ ਖੜ੍ਹਾ ਸੀ, ਜਿਥੇ ਸੁਭਾਸ਼ ਸੋਂਧੀ ਦਾ ਬੇਟਾ ਹਿਮਾਂਸ਼ੂ ਸੋਂਧੀ ਵੀ ਮੌਜੂਦ ਸੀ। ਇਸ ਦੌਰਾਨ ਉਹ ਆਪਣੇ ਦੋਸਤ ਰੋਹਿਤ ਕੁਮਾਰ ਦੇ ਨਾਲ ਉਥੋਂ ਇਕ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਚਲਾ ਗਿਆ, ਉਸਨੇ ਆਪਣਾ ਮੋਟਰਸਾਈਕਲ ਰੈਸਟੋਰੈਂਟ ਚਾਹ-ਸ਼ਾਹ ਦੇ ਬਾਹਰ ਖੜ੍ਹਾ ਕਰ ਦਿੱਤਾ। ਰਾਤ ਕਰੀਬ 9.30 ਵਜੇ ਜਦੋਂ ਉਹ ਆਪਣਾ ਮੋਟਰਸਾਈਕਲ ਲੈਣ ਆਇਆ ਤਾਂ ਉਸਨੂੰ ਸੁਭਾਸ਼ ਸੋਂਧੀ ਉਸਦੇ ਬੇਟੇ ਹਿਮਾਂਸ਼ੂ ਸੋਂਧੀ, ਅੰਕੁਸ਼ ਸੋਂਧੀ, ਸੁਰਿੰਦਰ ਖੋਸਲਾ, ਪਵਨ ਕੁਮਾਰ ਤੇ ਹੋਰਨਾਂ ਨੇ ਉਸ ਨਾਲ ਗਾਲੀ ਗਲੋਚ ਕੀਤਾ ਤੇ ਪਿਸਤੌਲ ਦਿਖਾ ਕੇ ਆਪਣੀ ਗੱਡੀ ਵਿਚ ਸੁੱਟ ਲਿਆ ਤੇ ਉਸ ਨਾਲ ਕੁੱਟਮਾਰ ਵੀ ਕੀਤੀ।
ਪੁਨੀਤ ਸੋਨੀ ਨੇ ਦੱਸਿਆ ਕਿ ਜਦੋਂ ਉਸਨੂੰ ਕੁੱਟਮਾਰ ਕਰਕੇ ਕਿਤੇ ਲਿਜਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਸੁਭਾਸ਼ ਸੋਂਧੀ ਨੂੰ ਕਿਸੇ ਦਾ ਫੋਨ ਆਇਆ ਤੇ ਉਹ ਆਪਣੇ ਬੇਟੇ ਹਿਮਾਂਸ਼ੂ ਸੋਂਧੀ ਨੂੰ ਕਹਿਣ ਲੱਗਾ ਕਿ ਵਾਇਰਲ ਹੋ ਚੁੱਕੀ ਹੈ। ਗੱਡੀ ਥਾਣੇ ਹੀ ਲੈ ਚਲੋ। ਪੁਨੀਤ ਸੋਨੀ ਦਾ ਦੋਸ਼ ਹੈ ਕਿ ਗੱਡੀ ਵਿਚ ਉਕਤ ਸਾਰੇ ਲੋਕ ਹੀ ਉਸ ਨਾਲ ਕੁੱਟਮਾਰ ਕਰਦੇ ਹੋਏ ਉਸ ਨੂੰ ਥਾਣੇ ਲੈ ਗਏ। ਪੁਨੀਤ ਨੇ ਦੋਸ਼ ਲਾਇਆ ਕਿ ਉਸ ਵਲੋਂ ਘਟਨਾ ਦੱਸੇ ਜਾਣ ਦੇ ਬਾਵਜੂਦ ਥਾਣਾ ਨੰਬਰ 1 ਦੀ ਪੁਲਸ ਨੇ ਉਸ ਨੂੰ ਅਗਵਾ ਕਰਨ ਵਾਲਿਆਂ 'ਤੇ ਕਾਰਵਾਈ ਦੀ ਬਜਾਏ ਉਸ ਨੂੰ ਹੀ ਬਿਠਾ ਲਿਆ। ਪੁਲਸ ਨੇ ਕਥਿਤ ਦਬਾਅ ਵਿਚ ਉਸ ਨੂੰ ਅਗਵਾ ਕਰ ਕੇ ਲਿਜਾਣ ਵਾਲਿਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ। ਪੁਨੀਤ ਨੇ ਪੁਲਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਉਸਨੂੰ ਅਗਵਾ ਕਰਨ ਵਾਲਿਆਂ ਦੇ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ।