ਪੁਲਸ ਮੁਲਾਜ਼ਮ ਹੋਟਲ ''ਤੇ ਬੈਠ ਕੇ ਲੁਤਫ਼ ਲੈਂਦੇ ਰਹਿ ਗਏ ਤੇ ਰਿਮਾਂਡ ''ਤੇ ਲਿਆਂਦਾ ਨੌਜਵਾਨ ਹੱਥਕੜੀ ਸਣੇ ਹੋਇਆ ਫ਼ਰਾਰ
Sunday, May 18, 2025 - 07:16 PM (IST)

ਝਬਾਲ (ਨਰਿੰਦਰ)-ਥਾਣਾ ਝਬਾਲ ਦੀ ਪੁਲਸ ਪਾਰਟੀ ਦੀ ਇਕ ਪੁੱਛਗਿੱਛ ਲਈ ਰਿਮਾਂਡ 'ਤੇ ਲਿਆਂਦੇ ਦੋਸ਼ੀ ਨੌਜਵਾਨ ਦੇ ਕੇਸ ਵਿਚ ਵਰਤੀ ਅਣਗਹਿਲੀ ਉਸ ਵੇਲੇ ਭਾਰੀ ਪੈ ਗਈ ਜਦੋਂ ਪੁਲਸ ਪਾਰਟੀ ਕਥਿਤ ਦੋਸ਼ੀ ਨੂੰ ਲੈ ਕੇ ਝਬਾਲ ਨੇੜੇ ਇਕ ਹੋਟਲ 'ਤੇ ਜ਼ਿੰਦਗੀ ਦੇ ਲੁਤਫ਼ ਲੈਣ ਲੱਗੇ। ਇਸ ਦੌਰਾਨ ਰਿਮਾਂਡ 'ਤੇ ਲਿਆਂਦਾ ਕਥਿਤ ਦੋਸ਼ੀ ਹੀਰਾ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਝਬਾਲ ਅੱਖ ਬਚਾ ਕੇ ਹੱਥਕੜੀ ਸਮੇਤ ਫਰਾਰ ਹੋ ਗਿਆ ਜਦੋਂ ਕਿ ਪੁਲਸ ਵਾਲੇ ਹੋਟਲ ਵਿੱਚ ਬੈਠੇ ਚੰਗਾ ਚੋਖਾ ਖਾਣ ਵਿੱਚ ਮਸਰੂਫ ਰਹੇ।
ਜਾਣਕਾਰੀ ਮੁਤਾਬਕ ਹੀਰਾ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਪੱਕਾ ਕਿਲਾਂ ਝਬਾਲ ਨੂੰ ਪਹਿਲਾਂ ਤੋਂ ਦਰਜ ਮੁਕੱਦਮੇ ਵਿਚ ਨਾਮਜ਼ਦ ਕੀਤਾ ਗਿਆ ਸੀ ਤੇ ਸ਼ਨੀਵਾਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਝਬਾਲ ਥਾਣੇ ਦੇ ਦੋ ਥਾਣੇਦਾਰ ਆਪਣੀ ਨਿੱਜੀ ਗੱਡੀ ਵਿਚ ਵਾਪਿਸ ਝਬਾਲ ਪੁੱਜੇ ਤਾਂ ਤਰਨਤਾਰਨ ਰੋਡ ਸਥਿਤ ਇਕ ਮੀਟ ਸ਼ਾਪ ਤੋਂ 10 ਕੁ ਵਜੇ ਮੂਡ ਬਣਾਉਣ ਲਈ ਚਿਕਨ ਵਗ਼ੈਰਾ ਲੈਣ ਲਈ ਗੱਡੀ ਵਿਚੋਂ ਬਾਹਰ ਆਏ। ਮੁਲਜ਼ਮ ਹੀਰਾ ਸਿੰਘ ਸਹਿਜ ਨਾਲ ਗੱਡੀ ਖੋਲ੍ਹ ਕੇ ਭੱਜ ਗਿਆ ਉਸ ਦੇ ਇਕ ਥਾਣੇਦਾਰ ਭੱਜਾ ਤੇ ਜ਼ਰੂਰ ਪਰ ਮੁਲਜ਼ਮ ਨਾ ਕਾਬੂ ਆਇਆ। ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਇਕ ਫਰੋਜੀ ਰੰਗ ਦੀ ਕਾਰ ਮੀਟ ਦੀ ਦੁਕਾਨ 'ਤੇ ਰੁਕੀ ਤੇ ਦੋ ਪੁਲਸ ਵਾਲੇ ਗੱਡੀ 'ਚੋਂ ਬਾਹਰ ਆਏ ਤੇ ਪਿਛੇ ਬੈਠਾ ਵਿਅਕਤੀ ਗੱਡੀ ਵਿਚੋਂ ਨਿਕਲ ਕੇ ਭੱਜ ਗਿਆ ਤੇ ਇਕ ਮੋਨਾ ਥਾਣੇਦਾਰ ਪਿੱਛੇ ਭੱਜਿਆ ਪਰ ਨਾ ਫੜਿਆ ਗਿਆ ਤੇ ਪੁਲਿਸ ਵਾਲੇ ਕਹਿੰਦੇ ਸੀ ਕਿ ਮੁਲਜ਼ਮ ਹੱਥਕੜੀ ਵੀ ਨਾਲ ਲੈ ਗਿਆ।
ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੁਲਜ਼ਮ ਭੱਜਣ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਸੜਕ 'ਤੇ ਟਿਪਰ ਰੁਕਣ ਕਰ ਕੇ ਲੱਗੇ ਜਾਮ ਦੇ ਚੱਲਦਿਆਂ ਮੁਲਜ਼ਮ ਗੱਡੀ ਰੁਕਣ 'ਤੇ ਭੱਜ ਗਿਆ ਹੈ ਤੇ ਮੀਟ ਸ਼ਰਾਬ ਲੈਣ ਲਈ ਰੁਕੇ ਥਾਣੇਦਾਰ ਦੀ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੁਲਜ਼ਮ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ।ਜਦੋਂ ਕਿ ਐੱਸਐੱਸਪੀ ਅਭਿਮੰਨਿਊ ਰਾਣਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਲਾਪਰਵਾਹੀ ਵਰਤਣ ਵਾਲੇ ਪੁਲਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਦੋਂ ਕਿ ਫਰਾਰ ਦੋਸ਼ੀ ਨੂੰ ਲੱਭਣ ਲਈ ਕੋਸ਼ਿਸ਼ਾਂ ਜਾਰੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e