ਸਿੱਖ ਨਾਬਾਲਗ ਲੜਕੀ ਨਾਲ ਛੇੜਛਾੜ ਦਾ ਦੋਸ਼ੀ DIG ਸਸਪੈਂਡ

01/09/2020 9:33:27 PM

ਜਲੰਧਰ/ਨਵੀਂ ਦਿੱਲੀ, (ਜ.ਬ.)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਮਹਾਰਾਸ਼ਟਰ 'ਚ ਨਾਬਾਲਗ ਸਿੱਖ ਲੜਕੀ ਨਾਲ ਛੇੜਛਾੜ ਦੇ ਦੋਸ਼ੀ ਡੀ. ਆਈ. ਜੀ. ਨਿਸ਼ੀਕਾਂਤ ਮੋਰੇ ਨੂੰ ਮਹਾਰਾਸ਼ਟਰ ਸਰਕਾਰ ਨੇ ਸਸਪੈਂਡ ਕਰ ਦਿੱਤਾ ਹੈ ਤੇ ਅਦਾਲਤ ਨੇ ਉਸ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।
ਸਿਰਸਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਊਧਵ ਠਾਕਰੇ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਡੀ. ਆਈ. ਜੀ. ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਛੇਤੀ ਤੋਂ ਛੇਤੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜਿਸ ਡਰਾਈਵਰ ਨੇ ਮੁੱਖ ਮੰਤਰੀ ਦਾ ਨਾਂ ਲੈ ਕੇ ਪਰਿਵਾਰ ਨੂੰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ, ਉਸ ਨੂੰ ਵੀ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡੀ. ਆਈ. ਜੀ. ਵੱਲੋਂ ਵਾਰ-ਵਾਰ ਉਸ ਨਾਲ ਛੇੜਛਾੜ ਕੀਤੇ ਜਾਣ ਦੇ ਯਤਨਾਂ ਕਾਰਣ ਉਹ ਆਤਮਹੱਤਿਆ ਦੇ ਰਾਹ ਪਈ ਹੈ। ਸਿਰਸਾ ਨੇ ਕਿਹਾ ਕਿ ਉਹ ਵਿਅਕਤੀ ਜਿਨ੍ਹਾਂ ਦੇ ਮਨਾਂ ਵਿਚ ਲੜਕੀਆਂ ਪ੍ਰਤੀ ਕੋਈ ਮਾਣ-ਸਤਿਕਾਰ ਨਹੀਂ ਹੈ, ਨੂੰ ਜੀਵਨ ਭਰ ਯਾਦ ਰਹਿਣ ਵਾਲਾ ਸਬਕ ਸਿਖਾਇਆ ਜਾਣਾ ਚਾਹੀਦਾ ਹੈ।

ਜਾਮੀਆ ਦੇ ਟੀਚਰਾਂ ਦਾ ਵਫ਼ਦ ਪਹੁੰਚਿਆ ਦਿੱਲੀ ਕਮੇਟੀ ਦੇ ਦਫਤਰ
ਜਾਮੀਆ ਮਿਲੀਆ ਯੂਨੀਵਰਸਿਟੀ ਦੇ ਟੀਚਰਾਂ ਦੇ ਇਕ ਵਫ਼ਦ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਪਹੁੰਚ ਕੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਅਤੇ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਨਕਾਣਾ ਸਾਹਿਬ ਹਮਲੇ ਦੀ ਨਿੰਦਾ ਮਗਰੋਂ ਪਾਕਿ ਹਾਈ ਕਮਿਸ਼ਨ ਨੂੰ ਸੌਂਪੇ ਗਏ ਮੰਗ ਪੱਤਰ ਦੀ ਕਾਪੀ ਦਿੱਤੀ।
ਟੀਚਰਾਂ ਦੇ ਵਫ਼ਦ ਜਿਸ ਵਿਚ ਡਾ. ਸ਼ਰਨਜੀਤ ਭਸੀਨ, ਪ੍ਰੋ. ਸਾਜਿਦ ਜਮੀਲ, ਡਾ. ਹਰਪ੍ਰੀਤ ਕੌਰ, ਪ੍ਰੋ. ਸਿਰਜੁਦੀਨ ਸ਼ਾਮਲ ਸਨ, ਨੇ ਦੱਸਿਆ ਕਿ ਨਨਕਾਣਾ ਸਾਹਿਬ ਹਮਲੇ ਦੀ ਜਾਣਕਾਰੀ ਮਿਲਣ 'ਤੇ ਸਾਰੇ ਟੀਚਰਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਅਤੇ ਉਨ੍ਹਾਂ ਲੋਕਾਂ ਖਿਲਾਫ਼ ਸਖਤ ਕਾਰਵਾਈ ਦੀ ਗੱਲ ਕਹੀ ਗਈ ਸੀ ਜਿਨ੍ਹਾਂ ਨੇ ਪਵਿੱਤਰ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਹਮਲਾ ਕਰਨ ਦੀ ਕੋਝੀ ਹਰਕਤ ਕੀਤੀ ਸੀ।


KamalJeet Singh

Content Editor

Related News