ਥਾਣੇ ਤੋਂ ਮੁਲਜ਼ਮ ਫਰਾਰ, ਥਾਣੇਦਾਰ ਸਮੇਤ 3 ਪੁਲਸ ਮੁਲਾਜ਼ਮਾਂ ''ਤੇ ਕੇਸ ਦਰਜ
Monday, Jul 01, 2019 - 08:06 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)— ਥਾਣਾ ਅਮਰਗੜ੍ਹ ਤੋਂ ਇਕ ਦੋਸ਼ੀ ਫਰਾਰ ਹੋ ਗਿਆ। ਪੁਲਸ ਵਲੋਂ ਲਾਪਰਵਾਹੀ ਕਰਨ 'ਤੇ ਇਕ ਥਾਣੇਦਾਰ ਸਮੇਤ ਤਿੰਨ ਪੁਲਸ ਮੁਲਾਜ਼ਮਾਂ 'ਤੇ ਕੇਸ ਦਰਜ ਕਰ ਲਿਆ ਹੈ। ਫਰਾਰ ਹੋਏ ਦੋਸ਼ੀ ਦੀ ਵੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਰਘਬੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਗੁਰਵਿੰਦਰ ਸਿੰਘ ਵਾਸੀ ਖੇੜੀ ਜੱਟਾਂ ਐੱਨ. ਡੀ. ਪੀ. ਐੱਸ ਐਕਟ ਅਧੀਨ ਹਵਾਲਾਤ ਵਿਚ ਬੰਦ ਸੀ ਤਾਂ ਡਿਊਟੀ ਦੌਰਾਨ ਥਾਣੇਦਾਰ ਨਾਜਰ ਸਿੰਘ, ਹੌਲਦਾਰ ਚਰਨਜੀਤ ਸਿੰਘ ਮੁੱਖ ਮੁਨਸ਼ੀ ਅਤੇ ਪੀ. ਐੱਚ. ਜੀ. ਸੁਖਵਿੰਦਰ ਸਿੰਘ ਸੰਤਰੀ ਨੇ ਲਾਪਰਵਾਹੀ ਕਰਦਿਆਂ ਡਿਊਟੀ ਅਫਸਰ ਨੂੰ ਬਿਨਾਂ ਦੱਸੇ ਦੋਸ਼ੀ ਗੁਰਵਿੰਦਰ ਸਿੰਘ ਉਕਤ ਨੂੰ ਹਵਾਲਾਤ 'ਚੋਂ ਬਾਹਰ ਕੱਢ ਲਿਆ। ਜੋ ਲਾਪਰਵਾਹੀ ਦਾ ਲਾਭ ਲੈਂਦਿਆਂ ਅਮਰਗੜ੍ਹ ਬਾਜ਼ਾਰ ਵੱਲ ਭੱਜਣ 'ਚ ਸਫਲ ਹੋ ਗਿਆ। ਪੁਲਸ ਨੇ ਥਾਣੇਦਾਰ ਨਾਜਰ ਸਿੰਘ, ਹੌਲਦਾਰ ਚਰਨਜੀਤ ਸਿੰਘ ਮੁੱਖ ਮੁਨਸ਼ੀ, ਪੀ. ਐੱਸ. ਜੀ. ਸੁਖਵਿੰਦਰ ਸਿੰਘ ਸੰਤਰੀ ਅਤੇ ਗੁਰਵਿੰਦਰ ਸਿੰਘ ਉਕਤ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।