ਸਿਵਲ ਹਸਪਤਾਲ ''ਚੋਂ ਪੁਲਸ ਦੀ ਗੱਡੀ ਲੈ ਕੇ ਫਰਾਰ ਹੋਇਆ ਮੁਲਜ਼ਮ, ਮੈਡੀਕਲ ਕਰਵਾਉਣ ਲਿਆਈ ਸੀ ਪੁਲਸ

09/26/2023 11:01:35 PM

ਬਠਿੰਡਾ (ਵਿਜੇ ਵਰਮਾ) : ਬੀਤੀ 25 ਸਤੰਬਰ ਨੂੰ ਪਿੰਡ ਪੱਕਾ ਕਲਾਂ ਦੇ ਪੈਟਰੋਲ ਪੰਪ ਦੇ ਮੈਨੇਜਰ ਤੋਂ ਰਿਵਾਲਵਰ ਦਿਖਾ ਕੇ ਨਕਦੀ ਲੁੱਟਣ ਦੇ ਦੋਸ਼ ’ਚ ਥਾਣਾ ਸੰਗਤ ਦੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਮੰਗਲਵਾਰ ਨੂੰ ਸਿਵਲ ਹਸਪਤਾਲ ਬਠਿੰਡਾ ਤੋਂ ਪੁਲਸ ਮੁਲਾਜ਼ਮ ਦੀ ਨਿੱਜੀ ਗੱਡੀ ਲੈ ਕੇ ਫਰਾਰ ਹੋ ਗਿਆ। ਪੁਲਸ ਮੁਲਾਜ਼ਮ ਮੁਲਜ਼ਮ ਦਾ ਮੈਡੀਕਲ ਕਰਵਾਉਣ ਲਈ ਹਸਪਤਾਲ ਲੈ ਕੇ ਆਏ ਸੀ।

ਗੱਡੀ ਲੈ ਕੇ ਫਰਾਰ ਹੋਏ ਮੁਲਜ਼ਮ ਨੂੰ ਫੜਨ ਲਈ ਪੁਲਸ ਮੁਲਾਜ਼ਮ ਨੇ ਗੱਡੀ ਦੇ ਅੱਗੇ ਆ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਪੁਲਸ ਮੁਲਾਜ਼ਮ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਹਸਪਤਾਲ ’ਚ ਹਫੜਾ-ਦਫੜੀ ਮਚ ਗਈ ਅਤੇ ਸਿਵਲ ਹਸਪਤਾਲ ਦੀ ਪੁਲਸ ਚੌਕੀ ਦੀ ਟੀਮ ਦੀ ਮਦਦ ਨਾਲ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਜਦਕਿ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦੇਣ ’ਤੇ ਜ਼ਿਲ੍ਹੇ ’ਚ ਨਾਕਾਬੰਦੀ ਕੀਤੀ ਗਈ ਤਾਂ ਜੋ ਮੁਲਜ਼ਮ ਨੂੰ ਕਾਬੂ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਭਜਨ ਗਾਇਕ ਕਨ੍ਹੱਈਆ ਮਿੱਤਲ ਖ਼ਿਲਾਫ਼ ਕੇਸ ਦਰਜ

ਦੱਸ ਦਈਏ ਕਿ ਬੀਤੀ 25 ਸਤੰਬਰ ਨੂੰ ਥਾਣਾ ਸੰਗਤ ਦੀ ਪੁਲਸ ਨੇ ਪਿੰਡ ਪੱਕਾ ਕਲਾਂ ਸਥਿਤ ਛਾਬੜਾ ਪੈਟਰੋਲ ਪੰਪ ਦੇ ਮੈਨੇਜਰ ਸੁਰਿੰਦਰ ਕੁਮਾਰ ਤੋਂ ਖਿਡੌਣਾਨੁਮਾ ਪਿਸਤੌਲ ਦਿਖਾ ਕੇ 4 ਹਜ਼ਾਰ ਦੀ ਨਕਦੀ ਲੁੱਟਣ ਵਾਲੇ ਲੁਟੇਰੇ ਰਾਜਵੀਰ ਸਿੰਘ ਉਰਫ ਰਾਜੂ ਵਾਸੀ ਪਿੰਡ ਜੈ ਸਿੰਘ ਵਾਲਾ ਨੂੰ ਸੋਮਵਾਰ ਦੇਰ ਸ਼ਾਮ ਥਾਣਾ ਸੰਗਤ ਦੀ ਪੁਲਸ ਨੇ ਕਾਬੂ ਕਰ ਲਿਆ ਸੀ। ਮੰਗਲਵਾਰ ਸ਼ਾਮ ਨੂੰ ਥਾਣਾ ਸੰਗਤ ਪੁਲਸ ਦੀ ਟੀਮ ਉਕਤ ਮੁਲਜ਼ਮ ਨੂੰ ਨਿੱਜੀ ਵਾਹਨ ’ਚ ਬਿਠਾ ਕੇ ਉਸ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਬਠਿੰਡਾ ਲੈ ਗਈ।

ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਪਿਕਅਪ ਤੇ ਸਕੂਟੀ 'ਚ ਭਿਆਨਕ ਟੱਕਰ, ਇਕ ਦੀ ਮੌਤ, ਦੂਜਾ ਵਾਲ-ਵਾਲ ਬਚਿਆ

ਪੁਲਸ ਮੁਲਾਜ਼ਮਾਂ ਨੇ ਲਾਪ੍ਰਵਾਹੀ ਦਿਖਾਉਂਦਿਆਂ ਕਾਰ ਦੀਆਂ ਚਾਬੀਆਂ ਕਾਰ ’ਚ ਛੱਡ ਦਿੱਤੀਆਂ ਅਤੇ ਉਹ ਖੁਦ ਬਾਹਰ ਆ ਗਏ, ਜਦੋਂਕਿ ਮੁਲਜ਼ਮ ਰਾਜੂ ਕਾਰ ’ਚ ਬੈਠਾ ਸੀ। ਮੌਕਾ ਮਿਲਦੇ ਹੀ ਉਸ ਨੇ ਕਾਰ ਸਟਾਰਟ ਕੀਤੀ ਅਤੇ ਹਸਪਤਾਲ ਤੋਂ ਪੁਲਸ ਮੁਲਾਜ਼ਮ ਦੀ ਕਾਰ ਲੈ ਕੇ ਫਰਾਰ ਹੋ ਗਿਆ। ਹਾਲਾਂਕਿ, ਪੁਲਸ ਮੁਲਾਜ਼ਮਾਂ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜਣ ’ਚ ਕਾਮਯਾਬ ਹੋ ਗਿਆ। ਇਸ ਤੋਂ ਬਾਅਦ ਥਾਣਾ ਸੰਗਤ ਦੀ ਪੁਲਸ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਸੂਚਨਾ ਦਿੱਤੀ ਅਤੇ ਜ਼ਿਲ੍ਹੇ ’ਚ ਨਾਕਾਬੰਦੀ ਕਰ ਦਿੱਤੀ ਤੇ ਫਰਾਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News