ਹਾਦਸਿਆਂ ''ਚ 4 ਕਾਰਾਂ ਨੁਕਸਾਨੀਆਂ

Sunday, Jun 10, 2018 - 06:39 AM (IST)

ਭੋਗਪੁਰ, (ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਪਿੰਡ ਸੱਧਾ ਚੱਕ ਨੇੜੇ 2 ਵੱਖ-ਵੱਖ ਹਾਦਸਿਆਂ ਦੌਰਾਨ 4 ਵਾਹਨਾਂ ਦਾ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਪਠਾਨਕੋਟ ਸਾਈਡ ਤੋਂ ਆ ਰਹੀ ਆਈ-20 ਕਾਰ ਜਿਸ ਨੂੰ ਜਤਿੰਦਰ ਪੁੱਤਰ ਮੋਹਣ ਲਾਲ ਡੋਗਰਾ ਵਾਸੀ ਬਸਤੀ ਦਾਨਿਸ਼ਮੰਦਾ ਚਲਾ ਰਿਹਾ ਸੀ, ਅਚਾਨਕ ਬੇਕਾਬੂ ਹੋ ਗਈ ਅਤੇ ਉਸ ਨੇ ਆਪਣੇ ਅੱਗੇ ਜਾ ਰਹੀ ਮਾਰੂਤੀ ਜ਼ੈੱਨ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਮਾਰੂਤੀ ਕਾਰ ਪਲਟੀਆਂ ਖਾਂਦੀ ਹੋਈ ਖੇਤਾਨਾਂ ਵਿਚ ਜਾ ਡਿੱਗੀ। ਮਾਰੂਤੀ ਜ਼ੈੱਨ ਕਾਰ ਨੂੰ ਕੁਲਵਿੰਦਰ ਕੁਮਾਰ ਪੁੱਤਰ ਦੇਵ ਰਾਜ ਵਾਸੀ ਮਹਾਰਾਜਾ ਗਾਰਡਨ, ਲੈਦਰ ਕੰਪਲੈਕਸ ਜਲੰਧਰ ਚਲਾ ਰਿਹਾ ਸੀ। ਇਸ ਹਾਦਸੇ ਦੌਰਾਨ ਭਾਵੇਂ ਦੋਵੇਂ ਕਾਰਾਂ ਨੁਕਸਾਨੀਆਂ ਗਈਆਂ ਪਰ ਕਾਰ ਚਾਲਕਾਂ ਅਤੇ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। 
PunjabKesari
ਇਸ ਹਾਦਸੇ ਨੂੰ ਵੇਖਣ ਦੇ ਚੱਕਰ ਵਿਚ ਜਲੰਧਰ ਤੋਂ ਪਠਾਨਕੋਟ ਵੱਲ ਨੂੰ ਆ ਰਹੀਆਂ ਦੋ ਹੋਰ ਗੱਡੀਆਂ ਆਪਸ ਵਿਚ ਟਕਰਾ ਗਈਆਂ । ਇਕ ਹੋਰ ਕਾਰ ਜਿਸ ਨੂੰ ਮਨਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਮਲਕਪੁਰ ਬੋਦਲ (ਹੁਸ਼ਿਆਰਪੁਰ) ਚਲਾ ਰਿਹਾ ਸੀ, ਜਦੋਂ ਪਹਿਲੇ ਹਾਦਸੇ ਵਾਲੇ ਸਥਾਨ ਕੋਲ ਪਹੁੰਚਿਆ ਤਾਂ ਹਾਦਸਾਗ੍ਰਸਤ ਗੱਡੀਆਂ ਨੂੰ ਵੇਖਣ ਦੇ ਚੱਕਰ ਵਿਚ ਆਪਣੀ ਕਾਰ ਤੋਂ ਕੰਟਰੋਲ ਗੁਆ ਬੈਠਾ, ਜੋ ਅੱਗੇ ਚੱਲ ਰਹੀ ਮਹਿੰਦਰਾ ਐਕਸ ਯੂ ਵੀ ਨਾਲ ਜਾ ਟਕਰਾਈ।ਦੋਵੇਂ ਗੱਡੀਆਂ ਦੇ ਏਅਰਬੈਗ ਖੁੱਲ੍ਹਣ ਨਾਲ ਭਾਵੇਂ ਹਾਦਸਾ ਹੋਣੋਂ ਬਚ ਗਿਆ ਪਰ ਦੋਵੇਂ ਗੱਡੀਆਂ ਨੁਕਸਾਨੀਆਂ ਗਈਆਂ। ਸਥਾਨਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਗੱਡੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।


Related News