ਵੱਡਾ ਖੁਲਾਸਾ ; ਦੋਸਤਾਂ ਨੇ ਹੀ ਕਾਂਗਰਸੀ ਆਗੂ ਦੇ ਪੁੱਤ ਨੂੰ ਉਤਾਰਿਆ ਸੀ ਮੌਤ ਦੇ ਘਾਟ, ਪੁਲਸ ਨੇ 4 ਮੁਲਜ਼ਮ ਕੀਤੇ ਕਾਬੂ

Tuesday, Oct 08, 2024 - 01:01 AM (IST)

ਖਮਾਣੋਂ (ਜਟਾਣਾ) : ਪਿੰਡ ਬਦੀਨਪੁਰ ਵਿਖੇ ਕਾਂਗਰਸੀ ਆਗੂ ਮਨਜੀਤ ਸਿੰਘ ਦੇ ਨੌਜਵਾਨ ਪੁੱਤਰ ਤਰਨਜੀਤ ਸਿੰਘ ਨੰਨੀ ਦੇ ਹੋਏ ਕਤਲ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ ਇਕ ਦੇਸੀ ਪਿਸਟਲ, 2 ਦਾਤਰ ਤੇ ਇਕ ਸਕਾਰਪੀਓ ਗੱਡੀ ਬਰਾਮਦ ਕੀਤੀ ਗਈ ਹੈ। 

ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਤਰਨਜੀਤ ਸਿੰਘ ਦੇ ਪਿਤਾ ਦੇ ਬਿਆਨਾਂ ’ਤੇ ਮੰਡੀ ਗੋਬਿੰਦਗੜ੍ਹ ਪੁਲਸ ਥਾਣੇ ’ਚ ਧੀਰਜ ਬੱਤਾ ਉਰਫ ਧੀਰੂ, ਅਮਨਿੰਦਰ ਸਿੰਘ ਉਰਫ ਪ੍ਰਿੰਸ ਭੁੱਲਰ, ਤਰਨਪ੍ਰੀਤ ਸਿੰਘ ਉਰਫ ਤਰਨ, ਗੌਰਵ ਕੁਮਾਰ ਉਰਫ ਗੱਗੀ ਤੇ ਸੰਦੀਪ ਸਿੰਘ ਉਰਫ ਬਾਕਸਰ ਖ਼ਿਲਾਫ਼ 2 ਅਕਤੂਬਰ ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। 

ਡਾ. ਗਰੇਵਾਲ ਨੇ ਦੱਸਿਆ ਕਿ ਤਫਤੀਸ਼ ’ਚ ਇਹ ਪਤਾ ਚੱਲਿਆ ਹੈ ਕਿ ਕਤਲ ਕਰਨ ਵਾਲੇ ਵਿਅਕਤੀਆਂ ਨੇ ਇਕ ਗੈਂਗ ਬਣਾਇਆ ਹੋਇਆ ਸੀ ਤੇ ਇਹ ਵਿਅਕਤੀ ਸ਼ਹਿਰ ਮੰਡੀ ਗੋਬਿੰਦਗੜ੍ਹ, ਖੰਨਾ, ਖਰੜ, ਚੰਡੀਗੜ੍ਹ, ਦੋਰਾਹਾ, ਸਮਰਾਲਾ ਤੇ ਹੋਰਨਾਂ ਇਲਾਕਿਆਂ ’ਚੋਂ ਫਿਰੌਤੀਆਂ ਵਸੂਲਦੇ ਸਨ ਤੇ ਨਸ਼ਾ ਵੇਚਣ ਦਾ ਕੰਮ ਕਰਦੇ ਸਨ। ਇਹ ਪਹਿਲਾਂ ਵੀ ਕਈ ਵਾਰ ਜੇਲ੍ਹ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਤਰਨਜੀਤ ਸਿੰਘ ਉਰਫ ਨੰਨੀ ਦੀ ਧੀਰਜ ਬੱਤਾ ਨਾਲ ਕਰੀਬ 5 ਸਾਲ ਪਹਿਲਾਂ ਦੋਸਤੀ ਹੋ ਗਈ ਸੀ। ਤਰਨਜੀਤ ਸਿੰਘ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਮੋਤੀਆ ਖਾਨ ’ਚ ਲੋਹੇ ਦੀ ਟਰੇਡਿੰਗ ਦਾ ਕੰਮ ਕਰਦਾ ਸੀ। ਕਿਸੇ ਕਾਰਨ ਇਨ੍ਹਾਂ ਦੀ ਅਣਬਣ ਹੋ ਗਈ ਤੇ ਤਰਨਜੀਤ ਸਿੰਘ ਨੰਨੀ ਆਪਣਾ ਵੱਖਰਾ ਕੰਮ ਕਰਨ ਲੱਗ ਪਿਆ ਤੇ ਉਸ ਨੇ ਇਨ੍ਹਾਂ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ। 

ਇਹ ਵੀ ਪੜ੍ਹੋ- ਕੁੜੀ ਨੂੰ ਬਾਈਕ ਨਾਲ ਘੜੀਸਣ ਵਾਲੇ ਚੜ੍ਹੇ ਪੁਲਸ ਦੇ ਅੜਿੱਕੇ, ਦੇਖੋ ਮੁਲਜ਼ਮਾਂ ਦਾ ਹੁਣ ਕੀ ਹੋਇਆ ਹਾਲ...

ਉਨ੍ਹਾਂ ਦੱਸਿਆ ਕਿ ਧੀਰਜ ਬੱਤਾ ਗੈਂਗ ਨੂੰ ਇਹ ਗੱਲ ਬਰਦਾਸ਼ਤ ਨਹੀਂ ਸੀ ਤੇ ਉਹ ਇਸ ਗੱਲ ਨੂੰ ਲੈ ਕੇ ਤਰਨਜੀਤ ਸਿੰਘ ਨਾਲ ਖਾਰ ਖਾਂਦੇ ਸਨ। ਉਨ੍ਹਾਂ ਦੱਸਿਆ ਕਿ ਦੋਹਾਂ ਧੜਿਆਂ ’ਚ ਹਾਲਾਤ ਤਣਾਅ ਪੂਰਨ ਰਹਿਣ ਲੱਗ ਪਏ ਕਿਉਂਕਿ ਧੀਰਜ ਬੱਤਾ ਨੂੰ ਇਹ ਖਦਸ਼ਾ ਸੀ ਕਿ ਤਰਨਜੀਤ ਸਿੰਘ ਨੰਨੀ ਕੋਈ ਹੋਰ ਵੱਡਾ ਗੈਂਗ ਨਾ ਬਣਾ ਲਵੇ। ਇਸ ਕਰਕੇ ਧੀਰਜ ਬੱਤਾ ਨੇ ਆਪਣੇ ਗੈਂਗ ਨਾਲ ਰਲ ਕੇ ਤਰਨਜੀਤ ਸਿੰਘ ਨੰਨੀ ਨੂੰ ਕਤਲ ਕਰਨ ਦੀ ਸਾਜਿਸ਼ ਬਣਾਈ ਸੀ। ਬੱਤਾ ਗੈਂਗ ਵੱਲੋਂ ਤਰਨਜੀਤ ਸਿੰਘ ਨੰਨੀ ਦੀ ਕਾਫੀ ਸਮੇਂ ਤੋਂ ਰੇਕੀ ਕੀਤੀ ਜਾ ਰਹੀ ਸੀ ਤੇ 2 ਅਕਤੂਬਰ ਨੂੰ ਪਿੰਡ ਬਦੀਨਪੁਰ ਵਿਖੇ ਉਸ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਮਿੱਟੀ ਦੀ ਟਰਾਲੀ ਲਿਜਾ ਰਹੇ ਵਿਅਕਤੀ ਨੂੰ ਰਾਹ 'ਚ ਟੱਕਰਿਆ 'ਕਾਲ', ਵਿਅਕਤੀ ਨੇ ਧੌਣ ਵੱਢ ਕੇ ਉਤਾਰਿਆ ਮੌਤ ਦੇ ਘਾਟ

ਵੱਖ-ਵੱਖ ਟੀਮਾਂ ਬਣਾ ਕੇ ਕੀਤਾ ਮੁਲਜ਼ਮਾਂ ਨੂੰ ਗ੍ਰਿਫ਼ਤਾਰ
ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਐੱਸ.ਪੀ. (ਜਾਂਚ) ਰਾਕੇਸ਼ ਯਾਦਵ ਦੀ ਸੁਪਰਵੀਜ਼ਨ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ’ਚ ਸੀ.ਆਈ.ਏ. ਸਰਹਿੰਦ, ਮੰਡੀ ਗੋਬਿੰਦਗੜ੍ਹ ਤੇ ਤਕਨੀਕੀ ਸੈੱਲ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਐੱਸ.ਪੀ. (ਜਾਂਚ) ਤੇ ਡੀ.ਐੱਸ.ਪੀ. ਅਮਲੋਹ ਗੁਰਦੀਪ ਸਿੰਘ ਦੀ ਨਿਗਰਾਨੀ ਹੇਠ ਪੁਲਸ ਨੇ ਦਿਨ-ਰਾਤ ਕੰਮ ਕਰਕੇ ਕੇਸ ਦੀ ਤਫਤੀਸ਼ ਕਰਦੇ ਹੋਏ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਕਤ ਗੈਂਗ ਦੇ ਮੈਂਬਰ ਸੰਦੀਪ ਸਿੰਘ ਉਰਫ ਬਾਕਸਰ ਵਾਸੀ ਖੰਨਾ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੀ ਪੁਛਗਿੱਛ ਦੇ ਆਧਾਰ ’ਤੇ ਨੀਰਜ ਕੁਮਾਰ ਵਾਸੀ ਖੰਨਾ ਨੂੰ ਨਾਮਜ਼ਦ ਕੀਤਾ ਗਿਆ ਤੇ ਮੁਲਜ਼ਮ ਧੀਰਜ ਬੱਤਾ ਉਰਫ ਧੀਰੂ, ਅਮਨਿੰਦਰ ਸਿੰਘ ਉਰਫ ਪ੍ਰਿੰਸ ਭੁੱਲਰ ਤੇ ਨੀਰਜ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ’ਚ ਵਰਤੇ ਹਥਿਆਰ ਇਕ ਦੇਸੀ ਪਿਸਟਲ, ਲੋਹੇ ਦੇ 2 ਦਾਤਰ ਤੇ ਇਕ ਸਕਾਰਪੀਓ ਗੱਡੀ ਬਰਾਮਦ ਕੀਤੀ ਗਈ। ਇਸ ਮਾਮਲੇ ’ਚ ਅਮਰਜੀਤ ਸਿੰਘ ਉਰਫ ਭਲਵਾਨ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਧੀਰੂ ’ਤੇ 15, ਪ੍ਰਿੰਸੀ ਭੁੱਲਰ ’ਤੇ 12 ਅਤੇ ਬਾਕਸਰ ’ਤੇ 8 ਮਾਮਲੇ ਹਨ ਦਰਜ
ਐੱਸ.ਐੱਸ.ਪੀ. ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁਲਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਜਿਸ ’ਚੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਧੀਰਜ ਬੱਤਾ ਉਰਫ ਧੀਰੂ ਖ਼ਿਲਾਫ਼ ਪਹਿਲਾਂ ਹੀ 15, ਅਮਨਿੰਦਰ ਸਿੰਘ ਉਰਫ ਪ੍ਰਿੰਸ ਭੁੱਲੜ ਖਿਲਾਫ 12 ਤੇ ਸੰਦੀਪ ਸਿੰਘ ਉਰਫ ਬਾਕਸਰ ਵਾਸੀ ਖੰਨਾ ਜ਼ਿਲ੍ਹਾ ਲੁਧਿਆਣਾ ਵਿਰੁੱਧ 8 ਕੇਸ ਦਰਜ ਹਨ।

ਇਹ ਵੀ ਪੜ੍ਹੋ- ਨਵੇਂ ਬਣੇ ਸਰਪੰਚ ਦੇ ਪਿੰਡ 'ਚ ਵੜਦਿਆਂ ਹੀ ਹੋ ਗਈ ਵੱਡੀ ਵਾਰਦਾਤ, ਕਿਰਪਾਨ ਨਾਲ ਵੱਢਿਆ ਗਿਆ ਨੌਜਵਾਨ ਦਾ ਗੁੱਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News