ਭਿਆਨਕ ਹਾਦਸੇ ’ਚ ਨਵ-ਵਿਆਹੇ ਨੌਜਵਾਨ ਸਣੇ ਦੋ ਦੋਸਤਾਂ ਦੀ ਮੌਤ, ਘਰਾਂ ’ਚ ਵਿਛ ਗਏ ਸੱਥਰ
Tuesday, Mar 07, 2023 - 06:17 PM (IST)

ਘਨੌਰ (ਅਲੀ) : ਲੰਘੇ ਦਿਨੀਂ ਘਨੌਰ ਤੋਂ ਸ਼ੰਭੂ ਰੋਡ ’ਤੇ ਸਕਾਰਪੀਓ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਦੋ ਨੌਜਵਾਨਾਂ ਬਲਕਾਰ ਸਿੰਘ (34) ਅਤੇ ਰਾਜਵਿੰਦਰ ਸਿੰਘ (29) ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਘਨੌਰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਸ਼ਿਕਾਇਤਕਰਤਾ ਵਿਸਾਖਾ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਪਿੱਪਲ ਮੰਗੋਲੀ ਨੇ ਦੱਸਿਆ ਕਿ ਮੇਰਾ ਲੜਕਾ ਬਲਕਾਰ ਸਿੰਘ ਜੋ ਕਿ ਆਪਣੇ ਪਿੰਡ ਦੇ ਰਾਜਵਿੰਦਰ ਸਿੰਘ ਸਮੇਤ ਮੋਟਰਸਾਇਕਲ ਨੰਬਰ ਪੀਬੀ39ਜੀ4262 ’ਤੇ ਸਵਾਰ ਹੋ ਕੇ ਰਾਤ 8 ਵਜੇ ਦੇ ਕਰੀਬ ਕੰਮ ਤੋਂ ਘਰ ਨੂੰ ਵਾਪਸ ਆ ਰਹੇ ਸਨ ਕਿ ਜਦੋਂ ਤੁਸਾਰ ਫੈਕਟਰੀ ਸੰਧਾਰਸੀ ਨੇੜੇ ਪਹੁੰਚੇ ਤਾਂ ਘਨੌਰ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਸਕਾਰਪੀਓ ਗੱਡੀ ਨੰਬਰ ਸੀ. ਐੱਚ 01 ਬੀ. ਐੱਸ 4100 ਦੇ ਡਰਾਈਵਰ ਨੇ ਲਾਪਰਵਾਹੀ ਨਾਲ ਲਿਆ ਕੇ ਮੋਟਰਸਾਈਕਲ ਦੇ ਵਿਚ ਮਾਰੀ। ਜਿਸ ਨਾਲ ਮੋਟਰਸਾਈਕਲ ਚੂਰ-ਚੂਰ ਹੋ ਗਿਆ ਅਤੇ ਮੋਟਰਸਾਈਕਲ ਸਵਾਰ ਬਲਕਾਰ ਸਿੰਘ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਕਿ ਰਾਜਵਿੰਦਰ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ ਪਰ ਜਿਸ ਦੀ ਥੋੜੇ ਸਮੇਂ ਬਾਅਦ ਹੀ ਮੋਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਜ਼ਰੂਰੀ ਖ਼ਬਰ, ਸੂਬਾ ਸਰਕਾਰ ਵਲੋਂ ਜਾਰੀ ਹੋਏ ਸਖ਼ਤ ਹੁਕਮ
ਉਨ੍ਹਾਂ ਦੱਸਿਆ ਕਿ ਮ੍ਰਿਤਕ ਬਲਕਾਰ ਸਿੰਘ ਦੇ ਦੋ ਛੋਟੇ-ਛੋਟੇ ਬੱਚੇ ਹਨ ਅਤੇ ਮ੍ਰਿਤਕ ਰਾਜਵਿੰਦਰ ਸਿੰਘ ਦਾ ਹਾਲੇ ਦਸ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਮ੍ਰਿਤਕ ਰਾਜਵਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਕਿਉਂਕਿ ਕਿ 5 ਸਾਲ ਪਹਿਲਾਂ ਰਾਜਵਿੰਦਰ ਸਿੰਘ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ। ਜਿਸ ਕਰਕੇ ਮ੍ਰਿਤਕ ਆਪਣੇ ਮਾਤਾ-ਪਿਤਾ ਦਾ ਸਹਾਰਾ ਸੀ। ਇਨ੍ਹਾਂ ਗਰੀਬ ਪਰਿਵਾਰਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਥਾਣਾ ਘਨੌਰ ਪੁਲਸ ਨੇ ਮਾਮਲਾ ਦਰਜ ਕਰਕੇ ਨਾ-ਮਾਲੂਮ ਵਿਅਕਤੀ ਦੀ ਭਾਲ ਕਰਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਸੂਬਾ ਸਰਕਾਰ ਨੇ ਜਾਰੀ ਕੀਤੇ ਇਹ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।