ਪਿੰਡ ਤਲਵੰਡੀ ''ਚ ਵਾਪਰ ਗਿਆ ਹਾਦਸਾ, ਮੌਕੇ ''ਤੇ ਨੌਜਵਾਨ ਦੀ ਮੌਤ; ਦੂਜਾ ਗੰਭੀਰ ਜ਼ਖਮੀ
Wednesday, Mar 19, 2025 - 10:13 PM (IST)

ਬਰਨਾਲਾ (ਪੁਨੀਤ) - ਬਰਨਾਲਾ ਦੇ ਭਦੌੜ ਨੇੜੇ ਪਿੰਡ ਤਲਵੰਡੀ ਵਿੱਚ ਇਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਪਿੰਡ ਤਲਵੰਡੀ ਦੇ ਸਾਬਕਾ ਸਰਪੰਚ ਯਾਦਵਿੰਦਰ ਯਾਦੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਦੋ ਗਰੀਬ ਪਰਿਵਾਰਾਂ ਦੇ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਵਿੱਚ ਇੱਕ ਨੌਜਵਾਨ ਸੁਰਿੰਦਰ ਸਿੰਘ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਲੋੜਵੰਦ ਪਰਿਵਾਰ ਨਾਲ ਸਬੰਧਤ ਹੈ ਜਿਸ ਦੇ ਤਿੰਨ ਛੋਟੇ ਬੱਚੇ ਹਨ। ਇਸ ਨੌਜਵਾਨ ਦੀ ਸੜਕ ਹਾਦਸੇ 'ਚ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਇੱਕ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਪਰਿਵਾਰ ਬਹੁਤ ਗਰੀਬ ਹਨ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਤੋਂ ਦੋਵਾਂ ਪਰਿਵਾਰਾਂ ਦੀ ਮਦਦ ਦੀ ਅਪੀਲ ਕੀਤੀ ਹੈ।
ਉਥੇ ਹੀ ਸਰਕਾਰੀ ਹਸਪਤਾਲ ਬਰਨਾਲਾ ਦੇ ਡਾਕਟਰ ਬਾਂਕੇ ਬਿਹਾਰੀ ਨੇ ਦੱਸਿਆ ਕਿ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਦੋ ਨੌਜਵਾਨਾਂ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਗਿਆ। ਇਹ ਹਾਦਸਾ ਤਲਵੰਡੀ ਬਿਹਲਾ ਰੋਡ ’ਤੇ ਭਦੌੜ ਨੇੜੇ ਵਾਪਰਿਆ, ਜਿਸ ਵਿੱਚ ਪਿੰਡ ਤਲਵੰਡੀ ਦੇ ਸੁਰਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਹਰਮਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਰਨਾਲਾ ਤੋਂ ਰੈਫਰ ਕਰ ਦਿੱਤਾ ਗਿਆ।