4 ਸਾਲ ਪਹਿਲਾਂ ਹਾਦਸੇ ’ਚ ਹੋਈ ਸੀ ਮੌਤ, ਹੁਣ ਮਾਪਿਆਂ ਨੂੰ ਮਿਲਿਆ 31.45 ਲੱਖ ਦਾ ਮੁਆਵਜ਼ਾ

Tuesday, May 30, 2023 - 11:32 AM (IST)

4 ਸਾਲ ਪਹਿਲਾਂ ਹਾਦਸੇ ’ਚ ਹੋਈ ਸੀ ਮੌਤ, ਹੁਣ ਮਾਪਿਆਂ ਨੂੰ ਮਿਲਿਆ 31.45 ਲੱਖ ਦਾ ਮੁਆਵਜ਼ਾ

ਚੰਡੀਗੜ੍ਹ (ਸੁਸ਼ੀਲ) : ਕੀਰਤਪੁਰ ਸਵਾਰਘਾਟ ਵਿਚਾਕਾਰ ਕੈਂਚੀ ਮੋੜ ’ਤੇ 4 ਸਾਲ ਪਹਿਲਾਂ ਹੋਏ ਸੜਕ ਹਾਦਸੇ 'ਚ ਜਾਨ ਗਵਾਉਣ ਵਾਲੇ 22 ਸਾਲਾ ਇੰਜੀਨੀਅਰ ਵਿਦਿਆਰਥੀ ਰਵਿੰਦਰ ਦੇ ਮਾਤਾ-ਪਿਤਾ ਨੂੰ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਚੰਡੀਗੜ੍ਹ ਨੇ 31 ਲੱਖ 45 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਮੁਆਵਜੇ ਦੀ ਰਾਸ਼ੀ ਕਾਰ ਦੀ ਬੀਮਾ ਕੰਪਨੀ ਨੂੰ ਦੇਣੀ ਪਵੇਗੀ। ਰਾਸ਼ੀ ਮ੍ਰਿਤਕ ਦੇ ਮਾਤਾ-ਪਿਤਾ ਨੂੰ ਅੱਧੀ-ਅੱਧੀ ਮਿਲੇਗੀ। 24 ਮਈ, 2019 ਨੂੰ ਬੇਟੇ ਦੀ ਮੌਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਪਿੰਡ ਚੌਂਕ ਨਿਵਾਸੀ ਮਾਂ ਰੀਤਾ ਦੇਵੀ ਅਤੇ ਸੁਰੇਸ਼ ਕੁਮਾਰ ਨੇ ਪਟੀਸ਼ਨ ਦਰਜ ਕੀਤੀ ਸੀ। ਦਿਨੇਸ਼ ਕੁਮਾਰ (ਗੱਡੀ ਚਾਲਕ), ਗੀਤਾ ਨੰਦ ( ਗੱਡੀ ਮਾਲਕ), ਗੌਰਵ ਸ਼ਰਮਾ (ਗੱਡੀ ਦਾ ਪਹਿਲਾ ਮਾਲਕ), ਨਿਊ ਇੰਡੀਆ ਇੰਸ਼ੋਰੈਂਸ ਕੰਪਨੀ, ਚੰਪਾ ਦੇਵੀ (ਟਰੱਕ ਮਾਲਕ), ਦਿ ਓਰੀਐਂਟਲ ਇੰਸ਼ੋਰੈਂਸ ਕੰਪਨੀ (ਟਰੱਕ) ਨੂੰ ਪਾਰਟੀ ਬਣਾਇਆ ਗਿਆ ਸੀ।
ਪੀੜਤ ਪਰਿਵਾਰ ਨੇ 75 ਲੱਖ ਮੁਆਵਜ਼ੇ ਦੀ ਕੀਤੀ ਸੀ ਮੰਗ
ਪਟੀਸ਼ਨਰਾਂ ਦੇ ਵਕੀਲ ਅਸ਼ਵਨੀ ਅਰੋੜਾ ਨੇ ਦੱਸਿਆ ਕਿ ਰਵਿੰਦਰ ਕੁਮਾਰ ਦੇ ਮਾਤਾ-ਪਿਤਾ ਨੇ ਮੁਆਵਜ਼ੇ ਦੀ ਮੰਗ ਸਬੰਧੀ ਜ਼ਿਲ੍ਹਾ ਅਦਾਲਤ ਵਿਚ ਪਟੀਸ਼ਨ ਲਾਈ ਸੀ। ਪੀੜਤ ਪਰਿਵਾਰ ਨੇ 75 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਸੀ। ਟ੍ਰਿਬਿਊਨਲ ਵਿਚ ਦਰਜ ਪਟੀਸ਼ਨ ਵਿਚ ਦੱਸਿਆ ਗਿਆ ਸੀ ਕਿ ਬੇਟੇ ਰਵਿੰਦਰ ਕੁਮਾਰ ਨੇ ਸੁੰਦਰਨਗਰ ਵਿਚ ਇਕ ਪ੍ਰਾਈਵੇਟ ਕਾਲਜ ਤੋਂ ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕਸ ਵਿਚ ਇੰਜੀਨੀਅਰਿੰਗ ਕੀਤੀ ਸੀ। ਘਟਨਾ ਵਾਲੇ ਦਿਨ ਉਹ ਮੰਡੀ ਤੋਂ ਚੰਡੀਗੜ੍ਹ ਲਈ ਕਾਰ ਵਿਚ ਸਫ਼ਰ ਕਰ ਰਿਹਾ ਸੀ। ਉਹ ਡਰਾਈਵਰ ਦਿਨੇਸ਼ ਕੁਮਾਰ ਦੇ ਨਾਲ ਅੱਗੇ ਵਾਲੀ ਸੀਟ ’ਤੇ ਬੈਠਾ ਸੀ।

ਕੀਰਤਪੁਰ ਸਵਾਰਘਾਟ ਵਿਚਕਾਰ ਕੈਂਚੀ ਮੋੜ (ਨੈਣਾ ਦੇਵੀ ਰੋਡ) ਕੋਲ ਇਕ ਟਰੱਕ ਨੂੰ ਓਵਰਟੇਕ ਕਰਦੇ ਹੋਏ ਗੱਡੀ ਗਲਤ ਦਿਸ਼ਾ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਹਾਦਸੇ ਵਿਚ ਰਵਿੰਦਰ ਕੁਮਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪਟੀਸ਼ਨਰਾਂ ਦਾ ਦੋਸ਼ ਸੀ ਕਿ ਕਾਰ ਚਾਲਕ ਦਿਨੇਸ਼ ਕੁਮਾਰ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ, ਜਿਸ ਕਾਰਨ ਹਾਦਸਾ ਹੋਇਆ। ਵਕੀਲ ਅਸ਼ਵਨੀ ਅਰੋੜਾ ਨੇ ਅਦਾਲਤ ਨੂੰ ਦੱਸਿਆ ਕਿ ਰਵਿੰਦਰ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ ਅਤੇ ਉਹ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾ ਸਕਦਾ ਸੀ। ਉੱਥੇ ਹੀ, ਦੂਜੇ ਪੱਖ ਨੇ ਪਟੀਸ਼ਨ ਦਾ ਵਿਰੋਧ ਵੀ ਕੀਤਾ ਸੀ।
 


author

Babita

Content Editor

Related News