ਕਰੇਨ ਫੇਲ ਹੋਣ ਕਾਰਨ 85 ਟਨ ਵਜ਼ਨੀ ਗਾਰਡਰ ਡਿੱਗਿਆ, ਹਾਦਸੇ ਤੋਂ ਬਚਾਅ
Sunday, Dec 24, 2017 - 05:28 PM (IST)

ਬਠਿੰਡਾ (ਵਰਮਾ)-ਰਾਸ਼ਟਰੀ ਮਾਰਗ 7 'ਤੇ ਰਾਮਪੁਰਾ ਓਵਰਬ੍ਰਿਜ 'ਤੇ ਚੱਲ ਰਹੇ ਕੰਮ ਦੌਰਾਨ ਇਕ ਵੱਡਾ ਹਾਦਸਾ ਹੋਣ ਤੋਂ ਤਾਂ ਟਲ ਗਿਆ ਪਰ 85 ਟਨ ਭਾਰੀ ਗਾਰਡਰ ਟੁੱਟ ਗਿਆ, ਜਿਸ ਨੂੰ ਬਣਾਉਣ ਵਿਚ ਲਗਭਗ 20 ਦਿਨ ਲੱਗ ਜਾਣਗੇ ਪਰ ਕੰਮ ਅਜੇ ਵੀ ਜਾਰੀ ਹੈ।
ਬਠਿੰਡਾ-ਚੰਡੀਗੜ੍ਹ ਤੱਕ ਬਣ ਰਹੀ ਫੋਰ ਲਾਈਨ ਸੜਕ ਦੀ ਉਸਾਰੀ ਲਗਭਗ ਪੂਰੀ ਹੋ ਚੁੱਕੀ ਹੈ ਪਰ ਰੇਲਵੇ ਦੀ ਮਨਜ਼ੂਰੀ ਨਾ ਮਿਲਣ ਕਾਰਨ ਰਾਮਪੁਰਾ ਵਿਚ ਓਵਰਬ੍ਰਿਜ ਦਾ ਕੰਮ ਲਟਕਿਆ ਹੋਇਆ ਸੀ। 18 ਦਸੰਬਰ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਦਿਨ-ਰਾਤ ਕੰਮ ਚੱਲ ਰਿਹਾ ਹੈ। ਸ਼ੁੱਕਰਵਾਰ ਰਾਤ 10 ਵਜੇ ਪੁਲ ਬਣਾਉਣ ਲਈ ਗਾਰਡਰ ਰੱਖੇ ਜਾ ਰਹੇ ਸਨ, ਜਿਸ ਲਈ 200 ਟਨ ਤੇ 170 ਟਨ ਵਜ਼ਨੀ ਦੋ ਕਰੇਨਾਂ ਗਾਰਡਰ ਨੂੰ ਚੁੱਕ ਕੇ ਰੱਖ ਰਹੀਆਂ ਸਨ ਤਾਂ ਉਦੋਂ ਹੀ ਅਚਾਨਕ ਇਕ ਕਰੇਨ ਫੇਲ ਹੋਣ ਕਾਰਨ ਗਾਰਡਰ ਹੇਠਾਂ ਡਿੱਗ ਕੇ ਟੁੱਟ ਗਿਆ, ਜਿਸ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਸੜਕ ਉਸਾਰੀ ਕੰਪਨੀ ਪਟੇਲ ਨੂੰ ਗਾਰਡਰ ਦਾ ਨੁਕਸਾਨ ਜ਼ਰੂਰ ਹੋਇਆ।
ਕੰਪਨੀ ਦਾ ਦਾਅਵਾ
ਸੜਕ ਉਸਾਰੀ ਵਿਚ ਲੱਗੀ ਪਟੇਲ ਕੰਪਨੀ ਦੇ ਜਨਰਲ ਮੈਨੇਜਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਬਠਿੰਡਾ ਤੋਂ ਤਪਾ ਤੱਕ 41 ਕਿਲੋਮੀਟਰ ਸੜਕ ਉਸਾਰੀ ਦਾ ਟੈਂਡਰ ਹੈ। ਸੁਰੱਖਿਆ ਦੇ ਮਾਪਦੰਡਾਂ ਨੂੰ ਮੁੱਖ ਰੱਖ ਕੇ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਪ੍ਰਬੰਧ ਹੋਣ ਕਾਰਨ ਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ 85 ਟਨ ਦਾ ਜੋ ਗਾਰਡਰ ਟੁੱਟ ਗਿਆ ਹੈ, ਉਸ ਦਾ ਨੁਕਸਾਨ ਕੰਪਨੀ ਨੂੰ ਹੋਇਆ।
ਕੀ ਕਹਿੰਦੇ ਹਨ ਐਕਸੀਅਨ
ਜਨ ਲੋਕ ਉਸਾਰੀ ਵਿਭਾਗ ਵਿਚ ਕੰਮ ਕਰਦੇ ਐਕਸੀਅਨ ਨੀਰਜ ਭੰਡਾਰੀ, ਜੋ ਸੈਂਟਰਲ ਵਰਕਸ ਅਧੀਨ ਕੰਮ ਕਰ ਰਹੇ ਹਨ, ਨੇ ਦੱਸਿਆ ਕਿ ਕਰੇਨ ਦਾ ਫੇਲ ਹੋਣਾ ਤੇ ਗਾਰਡਰ ਦਾ ਡਿੱਗਣਾ ਇਕ ਵੱਡਾ ਹਾਦਸਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਕਰੇਨਾਂ ਦੀ ਪਹਿਲਾਂ ਜਾਂਚ ਕਿਉਂ ਨਹੀਂ ਕੀਤੀ, ਜਿਸ ਕਾਰਨ ਇਹ ਹਾਦਸਾ ਹੋਇਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ, ਜਿਸ ਲਈ ਕਮੇਟੀ ਗਠਿਤ ਕਰ ਦਿੱਤੀ ਹੈ। ਰਿਪੋਰਟ ਆਉਣ 'ਤੇ ਕਾਰਵਾਈ ਕੀਤੀ ਜਾਵੇਗੀ।