ਸੜਕ ਹਾਦਸੇ ’ਚ ਸਾਬਕਾ ਸਰਪੰਚ ਬਜ਼ੁਰਗ ਔਰਤ ਦੀ ਮੌਤ
Wednesday, May 21, 2025 - 01:28 PM (IST)

ਖਰੜ (ਗਗਨਦੀਪ) : ਸਥਾਨਕ ਸ਼ਹਿਰ ਦੇ ਖਰੜ ਲਾਂਡਰਾਂ ਰੋਡ ’ਤੇ ਸਥਿਤ ਭੁਰੂ ਵਾਲਾ ਚੌਂਕ ਵਿਖੇ ਮੰਗਲਵਾਰ ਨੂੰ ਦੁਪਹਿਰ ਸਮੇਂ ਹੋਏ ਸੜਕ ਹਾਦਸੇ ’ਚ ਪਿੰਡ ਨਿਆ ਸ਼ਹਿਰ ਬਡਾਲਾ ਦੀ ਸਾਬਕਾ ਸਰਪੰਚ ਗੁਰਦੇਵ ਕੌਰ ਦੀ ਮੌਤ ਹੋ ਗਈ ਹੈ। ਇਸ ਸਬੰਧੀ ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸੂਫੀ ਬੈਂਸ ਵਾਸੀ ਨਿਆਂ ਸ਼ਹਿਰ ਬਡਾਲਾ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਸਮੇਂ ਉਹ ਆਪਣੀ ਭੂਆ ਗੁਰਦੇਵ ਕੌਰ (78) ਪੁੱਤਰੀ ਹਜ਼ਾਰਾ ਸਿੰਘ ਨਾਲ ਆਪਣੇ ਪਿੰਡ ਤੋਂ ਕਾਰ ’ਚ ਆ ਰਿਹਾ ਸੀ।
ਉਨ੍ਹਾਂ ਆਪਣੀ ਭੂਆ ਗੁਰਦੇਵ ਕੌਰ ਨੂੰ ਭੁਰੂ ਵਾਲਾ ਚੌਂਕ ’ਚ ਉਤਾਰ ਦਿੱਤਾ, ਕਿਉਂਕਿ ਉਨ੍ਹਾਂ ਨੇ ਬਾਜ਼ਾਰ ’ਚ ਕੰਮ ਜਾਣਾ ਸੀ। ਉਨ੍ਹਾਂ ਦੱਸਿਆ ਕਿ ਉਹ ਉਨ੍ਹਾਂ ਨੂੰ ਉਤਾਰ ਕੇ ਥੋੜ੍ਹਾ ਅੱਗੇ ਹੀ ਗਏ ਸਨ ਕਿ ਸੜਕ ਪਾਰ ਕਰਨ ਸਮੇਂ ਲਾਂਡਰਾਂ ਸਾਈਡ ਤੋਂ ਆਏ ਇਕ ਟਰੱਕ ਨੇ ਭੂਆ ਗੁਰਦੇਵ ਕੌਰ ਨੂੰ ਦਰੜ ਦਿੱਤਾ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਗੁਰਦੇਵ ਕੌਰ ਨੂੰ ਸਿੱਧਾ ਪੀ. ਜੀ. ਆਈ. ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। ਪੁਲਸ ਵੱਲੋਂ ਸੂਫੀ ਬੈਂਸ ਦੇ ਬਿਆਨਾਂ ’ਤੇ ਨੰਬਰੀ ਟਰੱਕ ਤੇ ਅਣਪਛਾਤੇ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਆਰੰਭ ਦਿੱਤੀ ਹੈ।