ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਗਰਮੀ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ
Friday, May 16, 2025 - 01:07 PM (IST)

ਮੋਹਾਲੀ (ਰਣਬੀਰ) : ਜ਼ਿਲ੍ਹਾ ਸਿਹਤ ਵਿਭਾਗ ਨੇ ਲੋਕਾਂ ਨੂੰ ਤਿੱਖੀ ਗਰਮੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਸਿਵਲ ਸਰਜਨ ਡਾ. ਸੰਗੀਤਾ ਜੈਨ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਸੋਨੀ ਨੇ ਆਖਿਆ ਕਿ ਗਰਮੀ ਤੋਂ ਬਚਾਅ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ, ਜਿਵੇਂ ਸਾਦਾ ਪਾਣੀ, ਲੱਸੀ, ਨਿੰਬੂ ਪਾਣੀ, ਜੂਸ, ਨਾਰੀਅਲ ਦਾ ਪਾਣੀ, ਓ. ਆਰ. ਐੱਸ. ਦਾ ਘੋਲ ਆਦਿ।
ਉਨ੍ਹਾਂ ਕਿਹਾ ਕਿ ਸਰੀਰ ਦਾ ਤਾਪਮਾਨ ਸਹੀ ਰੱਖਣ ਲਈ ਤਰਲ ਪਦਾਰਥਾਂ ਦਾ ਸੇਵਨ ਬਹੁਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਿਨਾਂ ਜ਼ਰੂਰੀ ਕੰਮ ਤੋਂ ਬਾਹਰ ਨਾ ਨਿਕਲਿਆ ਜਾਵੇ। ਡਾ. ਜੈਨ ਨੇ ਕਿਹਾ ਕਿ ਗਰਮੀ ਤੇ 'ਲੂ' ਦਾ ਅਸਰ ਨਵਜਨਮੇ ਬੱਚਿਆਂ, ਗਰਭਵਤੀ ਔਰਤਾਂ, ਖੁੱਲ੍ਹੇ ਆਸਮਾਨ ਹੇਠ ਕੰਮ ਕਰਨ ਵਾਲੇ ਮਜ਼ਦੂਰਾਂ, ਕਿਸਾਨਾਂ, ਬੇਘਰੇ ਲੋਕਾਂ, ਸੜਕਾਂ-ਫ਼ੁੱਟਪਾਥ ਕੰਢੇ ਰਹਿਣ ਵਾਲੇ ਲੋਕਾਂ ਤੇ ਖੁੱਲ੍ਹੇ ’ਚ ਸਖ਼ਤ ਕਸਰਤ ਕਰਨ ਵਾਲੇ ਖਿਡਾਰੀਆਂ ਆਦਿ ’ਤੇ ਜ਼ਿਆਦਾ ਹੋ ਸਕਦਾ ਹੈ।