ਟਰੈਕਟਰ-ਟਰਾਲੀ ਚਾਲਕ ਦੀ ਲਾਪਰਵਾਹੀ ਕਾਰਨ ਫ਼ੌਜ ਦੀ ਜਿਪਸੀ ਹਾਦਸੇ ਦਾ ਸ਼ਿਕਾਰ

Tuesday, Sep 23, 2025 - 04:49 PM (IST)

ਟਰੈਕਟਰ-ਟਰਾਲੀ ਚਾਲਕ ਦੀ ਲਾਪਰਵਾਹੀ ਕਾਰਨ ਫ਼ੌਜ ਦੀ ਜਿਪਸੀ ਹਾਦਸੇ ਦਾ ਸ਼ਿਕਾਰ

ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ, ਆਨੰਦ) : ਤੇਜ਼ ਰਫ਼ਤਾਰ ਨਾਲ ਜਾ ਰਹੇ ਟਰੈਕਟਰ-ਟਰਾਲੀ ਚਾਲਕ ਦੀ ਕਥਿਤ ਲਾਪਰਵਾਰੀ ਦੇ ਕਾਰਨ ਫ਼ੌਜ ਦੀ ਜਿਪਸੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਨੂੰ ਲੈ ਕੇ ਥਾਣਾ ਫਿਰੋਜ਼ਪੁਰ ਕੈਂਟ ਦੀ ਪੁਲਸ ਨੇ ਫ਼ੌਜ ਦੇ ਨਾਇਕ ਸੁਧੀਰ ਕੁਮਾਰ ਵਾਸੀ ਸੀਕਰ (ਹੁਣ ਫਿਰੋਜ਼ਪੁਰ) ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਟਰੈਕਟਰ-ਟਰਾਲੀ ਚਾਲਕ ਜਗਤਾਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈ ਨਾਇਕ ਸੁਧੀਰ ਕੁਮਾਰ ਨੇ ਆਪਣੇ ਬਿਆਨ ’ਚ ਪੁਲਸ ਨੂੰ ਦੱਸਿਆ ਕਿ ਉਹ ਆਰਮੀ ਯੂਨਿਟ ’ਚ ਡਰਾਈਵਰ ਵਜੋਂ ਡਿਊਟੀ ਕਰਦਾ ਹੈ ਅਤੇ ਬੀਤੀ ਸ਼ਾਮ ਕਰੀਬ 7:40 ਵਜੇ ਉਹ ਆਪਣੀ ਸਰਕਾਰੀ ਫ਼ੌਜ ਦੀ ਜਿਪਸੀ ਆਪਣੀ ਯੂਨਿਟ ਤੋਂ ਲੈ ਕੇ ਗੁਰਦੁਆਰਾ ਸਾਰਾਗੜ੍ਹੀ ਤੋਂ ਸਮਾਨ ਦੇ ਕੇ ਵਾਪਸ ਆ ਰਿਹਾ ਸੀ।

ਜਿਵੇਂ ਹੀ ਉਹ ਫਿਰੋਜ਼ਪੁਰ ਕੈਂਟ ਦੇ ਬਾਜ ਵਾਲਾ ਚੌਂਕ ਦੇ ਕੋਲ ਪਹੁੰਚਿਆ ਤਾਂ ਅੱਗੇ ਇਕ ਲੱਕੜਾਂ ਨਾਲ ਭਰੀ ਹੋਈ ਟਰਾਲੀ-ਟਰੈਕਟਰ ਜਾ ਰਹੀ ਸੀ, ਜਿਸ ਨੂੰ ਉਸ ਦਾ ਡਰਾਈਵਰ ਬੜੀ ਤੇਜੀ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ। ਸ਼ਿਕਾਇਤਕਰਤਾ ਦੇ ਅਨੁਸਾਰ ਉਸ ਦੀ ਜਿਪਸੀ ਟਰੈਕਟਰ-ਟਰਾਲੀ ਦੇ ਪਿੱਛੇ ਜਾ ਰਹੀ ਸੀ ਅਤੇ ਉਸ ਦੇ ਅੱਗੇ ਤੇਜ਼ ਰਫ਼ਤਾਰ ਜਾ ਰਹੇ ਟਰੈਕਟਰ-ਟਰਾਲੀ ਦਾ ਐਕਸ ਟੁੱਟ ਗਿਆ ਅਤੇ ਇਸ ਤੋਂ ਪਹਿਲਾਂ ਕਿ ਉਹ ਆਪਣੀ ਜਿਪਸੀ ਨੂੰ ਰੋਕ ਸਕਦਾ, ਉਸ ਦੀ ਜਿਪਸੀ ਸਿੱਧੀ ਟਰਾਲੀ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ, ਜਿਸ ਨਾਲ ਜਿਪਸੀ ਨੂੰ ਨੁਕਸਾਨ ਪਹੁੰਚਿਆ ਅਤੇ ਉਹ ਵੀ ਜ਼ਖਮੀ ਹੋ ਗਿਆ। ਸ਼ਿਕਾਇਤਕਰਤਾ ਦੇ ਅਨੁਸਾਰ ਇਹ ਹਾਦਸਾ ਟਰੈਕਟਰ-ਟਰਾਲੀ ਚਾਲਕ ਵੱਲੋਂ ਟਰੈਕਟਰ ਟਰਾਲੀ ਨੂੰ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਉਣ ਕਾਰਨ ਵਾਪਰਿਆ ਅਤੇ ਟਰਾਲੀ ਦੇ ਪਿਛਲੇ ਪਾਸੇ ਕੋਈ ਰਿਫਲੈਕਟਰ ਵੀ ਨਹੀਂ ਲੱਗੇ ਹੋਏ ਸਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਮੁਲਜ਼ਮ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
 


author

Babita

Content Editor

Related News