ਟਰਾਲਾ ਬੇਕਾਬੂ ਹੋ ਕੇ ਸੜਕ ’ਤੇ ਪਲਟਿਆ
Saturday, Jun 14, 2025 - 05:02 PM (IST)

ਅਬੋਹਰ (ਜ. ਬ.) : ਅਬੋਹਰ-ਸ਼੍ਰੀਗੰਗਾਨਗਰ ਸੜਕ ’ਤੇ ਟੋਲ ਪਲਾਜ਼ਾ ਤੋਂ ਕੁੱਝ ਦੂਰੀ ’ਤੇ ਅੱਜ ਸਵੇਰੇ ਇਕ ਟਰਾਲਾ ਬੇਕਾਬੂ ਹੋ ਕੇ ਸੜਕ ’ਤੇ ਪਲਟ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਸ ਟਰਾਲੇ ਦੇ ਡਰਾਈਵਰ ਦੇ ਨੀਂਦ ਆਉਣ ਕਾਰਨ ਵਾਪਰਿਆ ਅਤੇ ਟਰਾਲੇ ਨੇ ਅੱਗੇ ਜਾ ਰਹੀ ਬੋਲੈਰੋ ਨੂੰ ਵੀ ਟੱਕਰ ਮਾਰ ਦਿੱਤੀ। ਇਸ ਕਾਰਨ ਬੋਲੈਰੋ ਚਾਲਕ ਨੂੰ ਥੋੜ੍ਹਾ ਸੱਟਾਂ ਲੱਗੀਆਂ। ਸੂਚਨਾ ਮਿਲਦੇ ਹੀ ਐੱਸ. ਐੱਸ. ਐੱਫ. ਟੀਮ, ਐੱਨ. ਐੱਚ. ਟੀਮ ਅਤੇ ਪੰਜਾਬ ਪੁਲਸ ਦੇ ਕਰਮਚਾਰੀ ਮੌਕੇ ’ਤੇ ਪਹੁੰਚ ਗਏ। ਸ਼ੁਕਰ ਹੈ ਕਿ ਇਸ ਵੱਡੇ ਹਾਦਸੇ ’ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਅਨੁਸਾਰ ਪਿੰਡ ਹਾਕਮਵਾਲਾ ਵਾਸੀ ਰਾਮਚੰਦ ਨਾਮ ਦਾ ਟਰਾਲਾ ਚਾਲਕ ਟਰਾਲੇ ’ਚ ਕਰਿਆਨੇ ਦਾ ਸਾਮਾਨ ਲੱਦ ਕੇ ਲੁਧਿਆਣਾ ਤੋਂ ਸ਼੍ਰੀਗੰਗਾਨਗਰ ਜਾ ਰਿਹਾ ਸੀ, ਜਦੋਂ ਉਹ ਅਬੋਹਰ-ਸ਼੍ਰੀਗੰਗਾਨਗਰ ਸੜਕ ’ਤੇ ਟੋਲ ਪਲਾਜ਼ਾ ਤੋਂ ਕੁੱਝ ਦੂਰੀ ’ਤੇ ਪੰਪ ਤੋਂ ਪੈਟਰੋਲ ਭਰ ਕੇ ਬਾਹਰ ਆਇਆ ਤਾਂ ਅਚਾਨਕ ਡਰਾਈਵਰ ਨੂੰ ਨੀਂਦ ਆ ਗਈ। ਉਸ ਨੇ ਅੱਗੇ ਜਾ ਰਹੀ ਬੋਲੈਰੋ ਨੂੰ ਟੱਕਰ ਮਾਰ ਦਿੱਤੀ ਅਤੇ ਜਦੋਂ ਉਸ ਨੇ ਅਚਾਨਕ ਜ਼ੋਰ ਨਾਲ ਬ੍ਰੇਕ ਲਾਈ ਤਾਂ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ।
ਇਸ ਹਾਦਸੇ ’ਚ ਬੋਲੈਰੋ ਚਾਲਕ ਨੂੰ ਥੋੜ੍ਹੀਆਂ ਜਿਹੀਆਂ ਸੱਟਾਂ ਲੱਗੀਆਂ ਪਰ ਟਰਾਲਾ ਚਾਲਕ ਵਾਲ-ਵਾਲ ਬਚ ਗਿਆ। ਬੋਲੈਰੋ ਤੋਂ ਅੱਗੇ ਜਾ ਰਹੇ ਇਕ ਸਾਈਕਲ ਸਵਾਰ ਨੇ ਦੱਸਿਆ ਕਿ ਉਸ ਦੀ ਜਾਨ ਵੀ ਬਹੁਤ ਮੁਸ਼ਕਿਲ ਨਾਲ ਬਚੀ। ਉਸ ਨੇ ਇਸ ਬਾਰੇ ਐੱਨ. ਐੱਚ. ਕਰਮਚਾਰੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿੱਤੀ। ਘਟਨਾ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਭੱਜ ਗਿਆ। ਐੱਸ. ਐੱਸ. ਐੱਫ. ਟੀਮ ਨੇ ਇਕ ਵੱਡਾ ਹਾਈਡਰਾ ਬੁਲਾਇਆ ਅਤੇ ਟਰਾਲੇ ਨੂੰ ਸਿੱਧਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ।