ਸ਼ਰਾਬੀ ਪਤੀ ਅਤੇ ਫ਼ੌਜੀ ਜੇਠ ਨੇ ਮਿਲ ਕੇ ਕੀਤੀ ਔਰਤ ਦੀ ਕੁੱਟਮਾਰ
Monday, Mar 23, 2026 - 11:29 AM (IST)
ਫਿਰੋਜ਼ਪੁਰ (ਪਰਮਜੀਤ, ਆਨੰਦ) : ਮਮਦੋਟ ਦੇ ਅਧੀਨ ਆਉਂਦੇ ਪਿੰਡ ਹਜ਼ਾਰਾ ਸਿੰਘ ਵਾਲਾ ’ਚ ਇਕ ਵਿਆਹੁਤਾ ਨੂੰ ਉਸ ਦੇ ਪਤੀ ਅਤੇ ਫ਼ੌਜੀ ਜੇਠ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਔਰਤ ਦੇ ਪਤੀ ਅਤੇ ਫੌਜ਼ੀ ਜੇਠ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸੀਮਾ ਰਾਣੀ ਪਤਨੀ ਤਰਲੋਕ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 7 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਤਿੰਨ ਮੁੰਡੇ ਹਨ। ਸੀਮਾ ਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਤਰਲੋਕ ਸਿੰਘ ਅਤੇ ਜੇਠ ਹਰਮੇਸ਼ ਸਿੰਘ ਫ਼ੌਜ ’ਚ ਹੈ ਅਤੇ ਛੁੱਟੀ ਆਇਆ ਹੋਇਆ ਹੈ। ਅਕਸਰ ਸ਼ਰਾਬ ਦੇ ਨਸ਼ੇ ’ਚ ਉਸ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕਰਦੇ ਹਨ।
ਬੀਤੀ 8 ਮਾਰਚ ਦੀ ਰਾਤ ਕਰੀਬ 10:30 ਵਜੇ ਜਦੋਂ ਉਹ ਰੋਟੀ ਬਣਾ ਕੇ ਆਪਣੇ ਪਤੀ ਨੂੰ ਦੇਣ ਲੱਗੀ ਤਾਂ ਨਸ਼ੇ ’ਚ ਧੁੱਤ ਪਤੀ ਅਤੇ ਜੇਠ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਸੱਟਾਂ ਮਾਰੀਆਂ। ਸ਼ਿਕਾਇਤਕਰਤਾ ਸੀਮਾ ਰਾਣੀ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਉਸ ਨੂੰ ਮਾਮੂਲੀ ਗੱਲਾਂ ’ਤੇ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ। ਕਈ ਵਾਰ ਪੰਚਾਇਤੀ ਤੌਰ ’ਤੇ ਰਾਜ਼ੀਨਾਮੇ ਵੀ ਹੋਏ ਪਰ ਇਨ੍ਹਾਂ ਦੇ ਵਤੀਰੇ ’ਚ ਕੋਈ ਸੁਧਾਰ ਨਹੀਂ ਆਇਆ। ਸੀਮਾ ਰਾਣੀ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਮਮਦੋਟ ਵਿਖੇ ਚੱਲ ਰਿਹਾ ਹੈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਤਰਲੋਕ ਸਿੰਘ ਅਤੇ ਹਰਮੇਸ਼ ਸਿੰਘ ਪੁੱਤਰ ਮੱਖਣ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
