ਹਾਦਸੇ ’ਚ 2 ਦੀ ਮੌਤ, 1 ਜ਼ਖ਼ਮੀ
Saturday, Aug 18, 2018 - 11:51 PM (IST)

ਸਾਦਿਕ, (ਪਰਮਜੀਤ)-ਬੀਤੀ ਰਾਤ ਸਾਦਿਕ-ਫਿਰੋਜ਼ਪੁਰ ਸੜਕ ’ਤੇ ਵਾਪਰੇ ਹਾਦਸੇ ਵਿਚ 2 ਵਿਅਕਤੀਅਾਂ ਅਤੇ ਇਕ ਗਊ ਦੀ ਮੌਤ ਹੋ ਗਈ, ਜਦਕਿ 1 ਜਣੇ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਸਾਦਿਕ ਥਾਣੇ ’ਚ ਤਾਇਨਾਤ ਹੋਮਗਾਰਡ ਜਵਾਨ ਬਖਸ਼ੀਸ਼ ਸਿੰਘ ਰਾਤ ਨੂੰ ਕਰੀਬ 10:00 ਵਜੇ ਡਿਊਟੀ ਖਤਮ ਹੋਣ ਉਪਰੰਤ ਮੋਟਰਸਾਈਕਲ ’ਤੇ ਪਿੰਡ ਜਾ ਰਿਹਾ ਸੀ ਅਤੇ ਇਸੇ ਤਰ੍ਹਾਂ ਆਪਣਾ ਕੰਮ ਪੂਰਾ ਕਰ ਕੇ ਪਿੰਡ ਸੰਗਰਾਹੂਰ ਦੇ ਜਸਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਉਸ ਦਾ ਭਤੀਜਾ ਰਮਨਜੋਤ ਸਿੰਘ ਪੁੱਤਰ ਗੁਰਧਿਆਨ ਸਿੰਘ ਮੋਟਰਸਾਈਕਲ ’ਤੇ ਪਿੰਡ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਢਿੱਲਵਾਂ ਪੁਲ ਕੋਲ ਪੁੱਜੇ ਤਾਂ ਪਿੱਛਿਓਂ ਆ ਰਹੀ ਸਕਾਰਪੀਓ ਗੱਡੀ ਸਡ਼ਕ ’ਤੇ ਅਚਾਨਕ ਆਈ ਗਊ ਵਿਚ ਜਾ ਵੱਜੀ ਅਤੇ ਗੱਡੀ ਬੇਕਾਬੂ ਹੋ ਗਈ ਤੇ ਗਊ ਨੂੰ ਘਡ਼ੀਸਦੀ ਹੋਈ ਅੱਗੇ ਲੈ ਗਈ ਅਤੇ ਅੱਗੇ ਜਾ ਰਹੇ ਉਕਤ ਵਿਅਕਤੀਆਂ ਦੇ ਮੋਟਰਸਾਈਕਲਾਂ ਵਿਚ ਜਾ ਵੱਜੀ। ਇਸ ਹਾਦਸੇ ’ਚ ਬਖਸ਼ੀਸ਼ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਰਮਨਜੋਤ ਸਿੰਘ (16), ਜੋ ਜਸਵਿੰਦਰ ਸਿੰਘ ਦੇ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ, ਦੀ ਮੌਕੇ ’ਤੇ ਮੌਤ ਹੀ ਹੋ ਗਈ, ਜਦਕਿ ਉਸ ਦਾ ਚਾਚਾ ਜਸਵਿੰਦਰ ਸਿੰਘ ਜ਼ਖ਼ਮੀ ਹੋ ਗਿਆ। ਇਸ ਬਾਰੇ ਸੂਚਨਾ ਮਿਲਦੇ ਹੀ ਏ. ਐੱਸ. ਆਈ. ਧਰਮ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਤਿੰਨਾਂ ਵਿਅਕਤੀਅਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਭੇਜਿਆ, ਜਦਕਿ ਮੌਕੇ ਤੋਂ ਸਕਾਰਪੀਓ ਦਾ ਡਰਾਈਵਰ ਫਰਾਰ ਹੋ ਗਿਆ। ਮ੍ਰਿਤਕ ਹੋਮਗਾਰਡ ਜਵਾਨ ਬਖਸ਼ੀਸ਼ ਸਿੰਘ ਦੇ ਭਰਾ ਸੁਖਦੇਵ ਸਿੰਘ ਦੇ ਬਿਆਨਾਂ ’ਤੇ ਥਾਣਾ ਸਾਦਿਕ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।
ਜੈਤੋ, (ਜਿੰਦਲ)- ਬੀਤੀ ਰਾਤ ਕਰੀਬ 8:30 ਵਜੇ ਬਠਿੰਡਾ ਰੋਡ ਸਥਿਤ ਪੈਟਰੋਲ ਪੰਪ ਦੇ ਨਜ਼ਦੀਕ ਇਕ 45 ਸਾਲਾ ਵਿਅਕਤੀ ਸਕੂਟਰ ’ਤੇ ਪਿੰਡ ਸੇਵੇ ਵਾਲਾ ਤੋਂ ਆਪਣੇ ਪਿੰਡ ਹਰੀ ਨੌ ਵੱਲ ਜਾ ਰਿਹਾ ਸੀ। ਇਸ ਸਮੇਂ ਬੇਸਹਾਰਾ ਗਊਅਾਂ ਦਾ ਇਕ ਝੁੰਡ ਖੇਤਾਂ ’ਚੋਂ ਨਿਕਲ ਕੇ ਸੜਕ ’ਤੇ ਆ ਗਿਆ। ਇਨ੍ਹਾਂ ’ਚੋਂ ਇਕ ਕਾਲੇ ਰੰਗ ਦੀ ਗਊ ਉਸ ਦੇ ਸਕੂਟਰ ਨਾਲ ਟਕਰਾਅ ਗਈ, ਜਿਸ ਕਾਰਨ ਸਕੂਟਰ ਸਵਾਰ ਇਤਬਾਰ ਸਿੰਘ (45) ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਹਰੀ ਨੌ ਗੰਭੀਰ ਜ਼ਖ਼ਮੀ ਹੋ ਗਿਆ। ਇਸ ਬਾਰੇ ਸੂਚਨਾ ਮਿਲਦੇ ਹੀ ਨੌਜਵਾਨ ਵੈੱਲਫੇਅਰ ਸੋਸਾਇਟੀ, ਜੈਤੋ ਦੇ ਮੈਂਬਰ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਜ਼ਖ਼ਮੀ ਵਿਅਕਤੀ ਨੂੰ ਚੁੱਕ ਕੇ ਸਿਵਲ ਹਸਪਤਾਲ, ਜੈਤੋ ਲਿਆਂਦਾ, ਜਿੱਥੇ ਤਾਇਨਾਤ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।