ਦੋ ਬੱਚਿਆਂ ਦੇ ਬਾਪ ਦੀ ਹਾਦਸੇ ''ਚ ਮੌਤ

Saturday, Apr 21, 2018 - 07:34 AM (IST)

ਮੋਗਾ(ਆਜ਼ਾਦ)-ਅੱਜ ਸਵੇਰੇ ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਤੋਤੇਵਾਲਾ ਕੋਲ ਅਣਪਛਾਤੇ ਵ੍ਹੀਕਲ ਦੀ ਲਪੇਟ 'ਚ ਆ ਕੇ ਮੋਟਰਸਾਈਕਲ ਚਾਲਕ ਕੁਲਵੰਤ ਸਿੰਘ (32) ਨਿਵਾਸੀ ਪਿੰਡ ਮੇਲਕ ਕੰਗਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਧਰਮਕੋਟ ਦੇ ਹੌਲਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਪੁੱਤਰ ਸਾਧੂ ਸਿੰਘ ਪਿੰਡ ਮੇਲਕ ਕੰਗਾਂ, ਜੋ ਦੋ ਬੱਚਿਆਂ ਦਾ ਪਿਤਾ ਸੀ ਅਤੇ ਸੰਧੂ ਬੱਸ ਟਰਾਂਸਪੋਰਟ ਪ੍ਰਾਈਵੇਟ ਕੰਪਨੀ ਨਕੋਦਰ 'ਚ ਬੱਸ ਚਾਲਕ ਸੀ, ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ 4.30 ਵਜੇ ਆਪਣੇ ਮੋਟਰਸਾਈਕਲ 'ਤੇ ਧਰਮਕੋਟ ਆ ਰਿਹਾ ਸੀ, ਜਦ ਉਹ ਪਿੰਡ ਤੋਤੇਵਾਲਾ ਕੋਲ ਪੁੱਜਿਆ ਤਾਂ ਕਿਸੇ ਅਣਪਛਾਤੀ ਗੱਡੀ ਦੀ ਲਪੇਟ 'ਚ ਆ ਗਿਆ। ਸਿਰ 'ਤੇ ਡੂੰਘੀਆਂ ਸੱਟਾਂ ਲੱਗਣ 'ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।  ਹਾਦਸੇ ਦਾ ਪਤਾ ਲੱਗਣ 'ਤੇ ਧਰਮਕੋਟ ਪੁਲਸ ਉਥੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਹੌਲਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸਾਧੂ ਸਿੰਘ ਪੁੱਤਰ ਸਰਦਾਰਾ ਸਿੰਘ ਨਿਵਾਸੀ ਪਿੰਡ ਮੇਲਕ ਕੰਗਾਂ ਦੇ ਬਿਆਨਾਂ 'ਤੇ ਅਣਪਛਾਤੇ ਵ੍ਹੀਕਲ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਣਪਛਾਤੇ ਵ੍ਹੀਕਲ ਚਾਲਕ ਦੀ ਤਲਾਸ਼ ਜਾਰੀ ਹੈ।


Related News