ਟਰੱਕ ਤੇ ਸਕੂਟਰ ਵਿਚਕਾਰ ਟੱਕਰ, ਪਿਉ-ਧੀ ਜ਼ਖਮੀ

01/12/2018 3:01:07 PM


ਮੋਗਾ (ਆਜ਼ਾਦ) - ਪਿੰਡ ਖੋਸਾ ਪਾਂਡੋ ਕੋਲ ਤੇਜ਼ ਰਫਤਾਰ ਟਰੱਕ ਦੀ ਲਪੇਟ 'ਚ ਆ ਕੇ ਗੁਰਜੀਤ ਕੌਰ ਅਤੇ ਉਸ ਦੇ ਪਿਤਾ ਸਵਰਨ ਸਿੰਘ ਪਿੰਡ ਮਨਾਵਾਂ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ 'ਚ ਦਾਖਲ ਕਰਵਾਉਣਾ ਪਿਆ। ਸਵਰਨ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ। ਟਰੱਕ ਚਾਲਕ ਟਰੱਕ ਸਮੇਤ ਭੱਜਣ 'ਚ ਸਫਲ ਹੋ ਗਿਆ। ਇਸ ਸਬੰਧ 'ਚ ਥਾਣਾ ਸਦਰ ਪੁਲਸ ਵੱਲੋਂ ਗੁਰਜੀਤ ਕੌਰ ਦੀ ਸ਼ਿਕਾਇਤ 'ਤੇ ਟਰੱਕ ਚਾਲਕ ਬਹਾਦਰ ਸਿੰਘ ਨਿਵਾਸੀ ਪਿੰਡ ਚੂਹੜਚੱਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਗੁਰਜੀਤ ਕੌਰ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਸਕੂਟਰ 'ਤੇ ਮੋਗਾ ਤੋਂ ਆਪਣੇ ਪਿੰਡ ਮਨਾਵਾਂ ਜਾ ਰਹੀ ਸੀ ਤਾਂ ਰਸਤੇ 'ਚ ਪਿੰਡ ਖੋਸਾ ਪਾਂਡੋ ਕੋਲ ਟਰੱਕ ਚਾਲਕ ਨੇ ਲਾਪ੍ਰਵਾਹੀ ਨਾਲ ਟਰੱਕ ਚਲਾਉਂਦੇ ਹੋਏ ਸਕੂਟਰ ਨੂੰ ਟੱਕਰ ਮਾਰੀ, ਜਿਸ 'ਤੇ ਦੋਵੇਂ ਪਿਉ-ਧੀ ਜ਼ਖਮੀ ਹੋ ਗਏ ਅਤੇ ਸਕੂਟਰ ਦਾ ਵੀ ਕਾਫੀ ਨੁਕਸਾਨ ਹੋਇਆ। ਇਸ ਘਟਨਾ ਦੀ ਜਾਂਚ ਕਰ ਰਹੇ ਹੌਲਦਾਰ ਬੂਟਾ ਸਿੰਘ ਨੇ ਦੱਸਿਆ ਕਿ ਟਰੱਕ ਅਤੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਹ ਕਾਬੂ ਨਹੀਂ ਆ ਸਕਿਆ।


Related News