ਦਰਦਨਾਕ ਹਾਦਸਾ : ਬੱਸ ਤੇ ਟਰੱਕ ਦੀ ਜ਼ਬਰਦਸਤ ਟੱਕਰ ਤੋਂ ਬਾਅਦ ਲੱਗੀ ਭਿਆਨਕ ਅੱਗ, 6 ਦੀ ਮੌਤ
Wednesday, May 15, 2024 - 06:35 PM (IST)
ਬਾਪਟਲਾ- ਆਂਧਰਾ ਪ੍ਰਦੇਸ਼ ਦੇ ਬਾਪਟਲਾ ਜ਼ਿਲ੍ਹੇ ਦੇ ਇਵੁਰੀਪਾਲੇਮ ਪਿੰਡ 'ਚ ਇਕ ਪ੍ਰਾਈਵੇਟ ਟਰੈਵਲ ਬੱਸ ਦੇ ਇਕ ਲਾਰੀ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੰਗਲਵਾਰ ਤੜਕੇ ਚਿਲਕਲੁਰੀਪੇਟ ਮੰਡਲ ਵਿੱਚ ਵਾਪਰੇ ਇਸ ਹਾਦਸੇ ਵਿੱਚ 20 ਹੋਰ ਜ਼ਖ਼ਮੀ ਹੋ ਗਏ। ਚਿਲਕਲੁਰੀਪੇਟ ਦੇ ਡਿਪਟੀ ਸੁਪਰਡੈਂਟ ਆਫ ਪੁਲਸ ਡੀ.ਐੱਸ.ਪੀ. ਵਰਮਾ ਨੇ ਮੀਡੀਆ ਨੂੰ ਦੱਸਿਆ ਕਿ ਪ੍ਰਾਈਵੇਟ ਬੱਸ 42 ਯਾਤਰੀਆਂ ਨੂੰ ਲੈ ਕੇ ਚਾਈਨਾਗੰਜਮ ਤੋਂ ਹੈਦਰਾਬਾਦ ਜਾ ਰਹੀ ਸੀ। ਰਾਤ 2 ਵਜੇ ਦੇ ਕਰੀਬ ਇਹ ਟਿੱਪਰ ਲਾਰੀ ਨਾਲ ਟਕਰਾ ਗਿਆ ਅਤੇ ਬੱਸ ਨੂੰ ਅੱਗ ਲੱਗ ਗਈ।
ਉਨ੍ਹਾਂ ਦੱਸਿਆ ਕਿ ਬੱਸ ਚਾਲਕ, ਲਾਰੀ ਚਾਲਕ ਅਤੇ ਬੱਸ ਵਿੱਚ ਸਵਾਰ ਚਾਰ ਸਵਾਰੀਆਂ ਸਮੇਤ 6 ਜਾਣੇ ਝੁਲਸ ਗਏ। ਮ੍ਰਿਤਕਾਂ ਵਿੱਚੋਂ ਤਿੰਨ ਇੱਕੋ ਪਰਿਵਾਰ ਦੇ ਸਨ। ਮ੍ਰਿਤਕਾਂ ਵਿੱਚੋਂ ਪੰਜ ਦੀ ਪਛਾਣ ਉਪਮਗੁਡੁਰ ਕਾਸ਼ੀ ਬ੍ਰਹਮੇਸ਼ਵਰ ਰਾਓ, ਉਸਦੀ ਪਤਨੀ ਉਪਗੁੰਰੂ ਲਕਸ਼ਮੀ ਅਤੇ ਉਸਦੀ ਪੋਤੀ ਮੁਪਰਾਜੂ ਸੈਸਰੀ, ਹਰੀ ਸਿੰਘ ਅਤੇ ਅੰਜੀ ਵਜੋਂ ਹੋਈ ਹੈ। ਇਸ ਹਾਦਸੇ 'ਚ ਬੱਸ ਦੇ ਘੱਟੋ-ਘੱਟ 20 ਯਾਤਰੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਜੀ.ਜੀ.ਐੱਚ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਬੱਸ 'ਚ ਸਵਾਰ ਜ਼ਿਆਦਾਤਰ ਯਾਤਰੀ ਹੈਦਰਾਬਾਦ ਦੇ ਰਹਿਣ ਵਾਲੇ ਸਨ ਅਤੇ ਚੋਣਾਂ 'ਚ ਵੋਟ ਪਾਉਣ ਲਈ ਚਿਰਾਲਾ ਅਤੇ ਚਿਨਜੰਗਮ ਗਏ ਸਨ।
ਉਨ੍ਹਾਂ ਦੱਸਿਆ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਕਾਰਨ ਬੱਸ ਦੀਆਂ ਸਵਾਰੀਆਂ ਬਚ ਨਹੀਂ ਸਕੀਆਂ, ਜਿਸ ਕਾਰਨ ਬੱਸ ਦੀਆਂ ਚਾਰ ਸਵਾਰੀਆਂ ਦੀ ਮੌਤ ਹੋ ਗਈ। ਚਿਲਾਕਲੁਰੀਪੇਟ ਤੋਂ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ ਉੱਤੇ ਪਾਇਆ ਕਾਬੂ ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ।
ਆਂਧਰਾ ਪ੍ਰਦੇਸ਼ ਦੇ ਰਾਜਪਾਲ ਐੱਸ ਅਬਦੁਲ ਨਜ਼ੀਰ ਨੇ ਸੜਕ ਹਾਦਸੇ 'ਚ ਹੋਈ ਲੋਕਾਂ ਦੀ ਮੌਤ 'ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਬਿਹਤਰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਸਾਬਕਾ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਭਿਆਨਕ ਸੜਕ ਹਾਦਸੇ ਅਤੇ 6 ਲੋਕਾਂ ਦੀ ਮੌਤ 'ਤੇ ਦੁੱਖ ਜਤਾਇਆ।