ਬੇਕਾਬੂ ਕਾਰ ਨੇ ਲਈ ਇਕ ਦੀ ਜਾਨ, ਦੂਜਾ ਜ਼ਖਮੀ
Sunday, Nov 12, 2017 - 07:28 AM (IST)
ਭਵਾਨੀਗੜ੍ਹ(ਵਿਕਾਸ, ਸੰਜੀਵ)—ਪਿੰਡ ਘਰਾਚੋ ਨੇੜੇ ਸੁਨਾਮ ਮੁੱਖ ਸੜਕ 'ਤੇ ਇਕ ਬੇਸਹਾਰਾ ਪਸ਼ੂ ਨਾਲ ਟਕਰਾਅ ਕੇ ਹਾਦਸੇ ਦਾ ਸ਼ਿਕਾਰ ਹੋਈ ਕਾਰ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ 2 ਵਿਅਕਤੀ ਸਵਿਫਟ ਡਿਜ਼ਾਇਰ ਕਾਰ ਰਾਹੀਂ ਪਟਿਆਲਾ ਤੋਂ ਸੁਨਾਮ ਵੱਲ ਜਾ ਰਹੇ ਸਨ ਤਾਂ ਪਿੰਡ ਘਰਾਚੋ ਸੈਫਰਨ ਸਕੂਲ ਨੇੜੇ ਇਨ੍ਹਾਂ ਦੀ ਕਾਰ ਕਿਸੇ ਬੇਸਹਾਰਾ ਪਸ਼ੂ ਨਾਲ ਟਕਰਾਉਣ ਕਾਰਨ ਬੇਕਾਬੂ ਹੋ ਕੇ ਸੜਕ ਕੰਢੇ ਲੱਗੇ ਦਰੱਖ਼ਤ ਨਾਲ ਜਾ ਟਕਰਾਈ। ਹਾਦਸੇ ਵਿਚ ਕਾਰ ਸਵਾਰ ਗੁਰਪ੍ਰੀਤ ਸਿੰਘ ਬਠਿੰਡਾ ਵਾਸੀ ਅਤੇ ਹਰਦੀਪ ਸਿੰਘ ਪੁੱਤਰ ਜੀਤ ਸਿੰਘ ਵਾਸੀ ਸੁਨਾਮ ਜ਼ਖ਼ਮੀ ਹੋ ਗਏ। ਸਦਰ ਥਾਣਾ ਸੰਗਰੂਰ ਦੇ ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਉਕਤ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਰਦੀਪ ਸਿੰਘ ਦੀ ਪਟਿਆਲਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਅਤੇ ਗੁਰਪ੍ਰੀਤ ਸਿੰਘ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
