ਫਗਵਾੜਾ ''ਚ ਖ਼ੂਨੀ ਵਾਰਦਾਤ: ਘਰੇਲੂ ਕਲੇਸ਼ ਨੇ ਲਈ ਪਤਨੀ ਦੀ ਜਾਨ, ਪਤੀ ਨੇ ਸਿਰ ''ਚ ਭਾਰੀ ਚੀਜ਼ ਮਾਰ ਕੀਤਾ ਕਤਲ

Monday, Jul 06, 2026 - 05:18 AM (IST)

ਫਗਵਾੜਾ ''ਚ ਖ਼ੂਨੀ ਵਾਰਦਾਤ: ਘਰੇਲੂ ਕਲੇਸ਼ ਨੇ ਲਈ ਪਤਨੀ ਦੀ ਜਾਨ, ਪਤੀ ਨੇ ਸਿਰ ''ਚ ਭਾਰੀ ਚੀਜ਼ ਮਾਰ ਕੀਤਾ ਕਤਲ

ਫਗਵਾੜਾ (ਜਲੋਟਾ) : ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਪਿੰਡ ਚੱਕ ਹਕੀਮ ’ਚ ਕਿਰਾਏ ਦੇ ਮਕਾਨ ’ਚ ਰਹਿਣ ਵਾਲੀ 42 ਸਾਲਾ ਵਿਆਹੁਤਾ ਦਾ ਉਸ ਦੇ ਹੀ ਪਤੀ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਮ੍ਰਿਤਕਾ ਦੀ ਪਛਾਣ ਕੁਲਵਿੰਦਰ ਕੌਰ ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਸਥਾਨਕ ਫੈਕਟਰੀ ’ਚ ਕੰਮ ਕਰ ਕੇ ਆਪਣਾ ਗੁਜ਼ਾਰਾ ਕਰਦੀ ਸੀ। ਇਸ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪਤੀ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਪੂਰੇ ਇਲਾਕੇ ਵਿਚ ਦਹਿਸ਼ਤ ਅਤੇ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਵਿਭਾਗ ਵਿਚ ਹਫੜਾ-ਦਫੜੀ ਮਚ ਗਈ ਅਤੇ ਡੀ. ਐੱਸ. ਪੀ. ਫਗਵਾੜਾ ਸਮੇਤ ਭਾਰੀ ਪੁਲਸ ਫੋਰਸ ਅਤੇ ਸਦਰ ਥਾਣੇ ਦੇ ਐੱਸ. ਐੱਚ. ਓ. ਤੁਰੰਤ ਦਲ-ਬਲ ਨਾਲ ਘਟਨਾ ਵਾਲੀ ਥਾਂ ’ਤੇ ਪਹੁੰਚੇ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਬਾਰੀਕੀ ਨਾਲ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

PunjabKesari

ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਕੁਲਵਿੰਦਰ ਕੌਰ ਆਪਣੇ ਪਤੀ ਦਵਿੰਦਰ ਸਿੰਘ ਨਾਲ ਪਿੰਡ ਚੱਕ ਹਕੀਮ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਸੀ। ਉਸ ਦਾ ਮੁਲਜ਼ਮ ਪਤੀ ਦਵਿੰਦਰ ਸਿੰਘ ਪੇਸ਼ੇ ਤੋਂ ਰਾਜਮਿਸਤਰੀ ਹੈ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵਾਂ ਵਿਚਾਲੇ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਘਰੇਲੂ ਕਲੇਸ਼ ਅਤੇ ਤਿੱਖੀ ਬਹਿਸ ਹੁੰਦੀ ਰਹਿੰਦੀ ਸੀ। ਸੂਤਰ ਦੱਸ ਰਹੇ ਹਨ ਕਿ ਵਾਰਦਾਤ ਵਾਲੇ ਦਿਨ ਵੀ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਇੰਨਾ ਵਧ ਗਿਆ ਕਿ ਮੁਲਜ਼ਮ ਦਵਿੰਦਰ ਸਿੰਘ ਨੇ ਤੈਸ਼ ਵਿਚ ਆ ਕੇ ਕੁਲਵਿੰਦਰ ਕੌਰ ਦੇ ਸਿਰ ’ਤੇ ਕਿਸੇ ਭਾਰੀ ਚੀਜ਼ ਨਾਲ ਤਾਬੜਤੋੜ ਕਈ ਗੰਭੀਰ ਵਾਰ ਕਰ ਦਿੱਤੇ। ਸਿਰ ’ਤੇ ਲੱਗੀਆਂ ਇਨ੍ਹਾਂ ਘਾਤਕ ਸੱਟਾਂ ਕਾਰਨ ਬਹੁਤ ਜ਼ਿਆਦਾ ਖੂਨ ਵਹਿ ਗਿਆ ਅਤੇ ਕੁਲਵਿੰਦਰ ਕੌਰ ਨੇ ਮੌਕੇ ’ਤੇ ਹੀ ਤੜਫ-ਤੜਫ ਕੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਹੁਣ ਬਦਰੀਨਾਥ ਦੇ ਚੜ੍ਹਾਵੇ 'ਚ ਵੀ ਹੇਰਾਫੇਰੀ ! ਜਾਂਚ ਲਈ ਕਮੇਟੀ ਦਾ ਗਠਨ

ਜਦੋਂ ਮੁਲਜ਼ਮ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਤਾਂ ਉਹ ਲਾਸ਼ ਨੂੰ ਘਰ ਦੇ ਅੰਦਰ ਹੀ ਛੱਡ ਕੇ ਮੌਕੇ ਤੋਂ ਭੱਜ ਨਿਕਲਿਆ ਅਤੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਅਧੀਨ ਪੈਂਦੇ ਥਾਣਾ ਬੰਗਾ ਦੇ ਆਪਣੇ ਜੱਦੀ ਪਿੰਡ ਲੰਗੇਰੀ ਵੱਲ ਫਰਾਰ ਹੋ ਗਿਆ। ਘਟਨਾ ਦੀ ਭਿਣਕ ਲੱਗਦਿਆਂ ਹੀ ਮ੍ਰਿਤਕਾ ਦੇ ਪੇਕੇ ਅਤੇ ਸਹੁਰੇ ਪੱਖ ਦੇ ਹੋਰਨਾਂ ਰਿਸ਼ਤੇਦਾਰਾਂ ਵਿਚ ਕੋਹਰਾਮ ਮਚ ਗਿਆ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਇੰਦਰਜੀਤ ਕੌਰ ਅਤੇ ਉਨ੍ਹਾਂ ਦੇ ਫੁੱਫੜ ਦੇ ਲੜਕੇ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਕਰੀਬ ਢਾਈ ਵਜੇ ਦੇ ਆਸ-ਪਾਸ ਬੰਗਾ ਖੇਤਰ ਤੋਂ ਫ਼ੋਨ ’ਤੇ ਸੂਚਨਾ ਮਿਲੀ ਸੀ ਕਿ ਦਵਿੰਦਰ ਸਿੰਘ ਉਨ੍ਹਾਂ ਦੀ ਧੀ ਦਾ ਕਤਲ ਕਰਕੇ ਆਪਣੇ ਪਿੰਡ ਲੰਗੇਰੀ ਪਹੁੰਚ ਚੁੱਕਾ ਹੈ। ਇਹ ਸੁਣਦਿਆਂ ਹੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਨ੍ਹਾਂ ਨੇ ਤੁਰੰਤ ਸਥਾਨਕ ਬੰਗਾ ਪੁਲਸ ਦੀ ਮਦਦ ਨਾਲ ਮੁਲਜ਼ਮ ਨੂੰ ਕਾਬੂ ਕਰਵਾਉਣ ਦਾ ਯਤਨ ਕੀਤਾ ਅਤੇ ਖ਼ੁਦ ਫਗਵਾੜਾ ਦੇ ਇਸ ਕਿਰਾਏ ਦੇ ਮਕਾਨ ਵਿੱਚ ਪਹੁੰਚੇ।

ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਕੁਲਵਿੰਦਰ ਕੌਰ ਖੂਨ ਨਾਲ ਲੱਥਪੱਥ ਮ੍ਰਿਤਕ ਹਾਲਤ ਵਿੱਚ ਪਈ ਹੋਈ ਸੀ, ਜਿਸ ਤੋਂ ਬਾਅਦ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਰੋਂਦੇ-ਕੁਰਲਾਉਂਦੇ ਹੋਏ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ ਅਤੇ ਮੰਗ ਕੀਤੀ ਹੈ ਕਿ ਅਜਿਹੇ ਹੈਵਾਨ ਅਤੇ ਪੱਥਰ ਦਿਲ ਇਨਸਾਨ ਨੂੰ ਜਲਦ ਤੋਂ ਜਲਦ ਸਲਾਖਾਂ ਪਿੱਛੇ ਭੇਜ ਕੇ ਫਾਂਸੀ ਦੀ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਣੀ ਚਾਹੀਦੀ ਹੈ, ਜਿਸ ਨੇ ਉਨ੍ਹਾਂ ਦੇ ਹੱਸਦੇ-ਖੇਡਦੇ ਪਰਿਵਾਰ ਨੂੰ ਉਜਾੜ ਦਿੱਤਾ।

PunjabKesari

ਮੁਲਜ਼ਮ ਦੀ ਭਾਲ ’ਚ ਪੁਲਸ ਵੱਲੋਂ ਛਾਪੇਮਾਰੀ ਜਾਰੀ: ਡੀ. ਐੱਸ. ਪੀ.

ਮਾਮਲੇ ਸਬੰਧੀ ਵਿਸਤ੍ਰਿਤ ਅਧਿਕਾਰਤ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਫਗਵਾੜਾ ਨੇ ਦੱਸਿਆ ਕਿ ਪੁਲਸ ਕੰਟਰੋਲ ਰੂਮ ਰਾਹੀਂ ਪਿੰਡ ਚੱਕ ਹਕੀਮ ਵਿਚ ਇਕ ਔਰਤ ਦੀ ਲਾਸ਼ ਪਈ ਹੋਣ ਅਤੇ ਉਸ ਦਾ ਕਤਲ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਪੁਲਸ ਟੀਮ ਨੇ ਤੁਰੰਤ ਮੌਕੇ ਦਾ ਮੁਆਇਨਾ ਕੀਤਾ ਅਤੇ ਸਬੂਤ ਇਕੱਠੇ ਕੀਤੇ। ਪੁਲਸ ਅਨੁਸਾਰ ਕੁਲਵਿੰਦਰ ਕੌਰ ਦਾ ਇਹ ਦੂਜਾ ਵਿਆਹ ਸੀ। ਕਰੀਬ ਚਾਰ ਸਾਲ ਪਹਿਲਾਂ ਹੀ ਦੋਵਾਂ ਦਾ ਵਿਆਹ ਹੋਇਆ ਸੀ ਅਤੇ ਇਸ ਘਰ ਵਿੱਚ ਸਿਰਫ਼ ਪਤੀ-ਪਤਨੀ ਹੀ ਰਹਿੰਦੇ ਸਨ। ਵਿਆਹ ਤੋਂ ਬਾਅਦ ਉਨ੍ਹਾਂ ਦਾ ਕੋਈ ਬੱਚਾ ਨਹੀਂ ਸੀ। ਪੁਲਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਘਟਨਾ ਸਥਾਨ ਦੇ ਆਸ-ਪਾਸ ਕੋਈ ਸੀ. ਸੀ. ਟੀ. ਵੀ. ਕੈਮਰਾ ਨਹੀਂ ਮਿਲਿਆ ਹੈ ਪਰ ਪੁਲਸ ਵੱਖ-ਵੱਖ ਤਕਨੀਕੀ ਪਹਿਲੂਆਂ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ’ਤੇ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਡੀ. ਐੱਸ. ਪੀ. ਨੇ ਕਿਹਾ ਕਿ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਨੂੰ ਕਲਮਬੱਧ ਕੀਤਾ ਜਾ ਰਿਹਾ ਹੈ ਅਤੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਪਤੀ ਦਵਿੰਦਰ ਸਿੰਘ ਖ਼ਿਲਾਫ਼ ਬਣਦੀ ਪੁਲਸ ਕਾਰਵਾਈ ਕੀਤੀ ਜਾਵੇਗੀ। ਪੁਲਸ ਵੱਲੋਂ ਮੁਲਜ਼ਮ ਨੂੰ ਰਾਊਂਡਅੱਪ ਕਰਨ ਅਤੇ ਉਸ ਦੀ ਰਸਮੀ ਗ੍ਰਿਫ਼ਤਾਰੀ ਯਕੀਨੀ ਬਣਾਉਣ ਲਈ ਸੰਭਾਵਿਤ ਟਿਕਾਣਿਆਂ ’ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਭੇਜ ਦਿੱਤਾ ਹੈ। ਪੁਲਸ ਜਾਂਚ ਦਾ ਦੌਰ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News