ਗੈਸ ਨਾਲ ਭਰੇ ਕੈਂਟਰ ਤੇ ਬੱਸ ''ਚ ਟੱਕਰ
Friday, Nov 10, 2017 - 03:07 AM (IST)
ਬਰੇਟਾ(ਸਿੰਗਲਾ)-ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਧੁੰਦ ਤੇ ਧੁੰਏਂ ਦੇ ਪ੍ਰਕੋਪ 'ਚ ਵੀਰਵਾਰ ਨੂੰ ਸਵੇਰ ਸਮੇਂ ਹੀ ਸਥਾਨਕ ਇੰਡੈਨ ਗੈਸ ਏਜੰਸੀ ਦਾ ਸਿਲੰਡਰਾਂ ਨਾਲ ਭਰਿਆ ਹੋਇਆ ਕੈਂਟਰ ਬਰੇਟਾ ਸ਼ਹਿਰ ਵੱਲ ਆ ਰਿਹਾ ਸੀ, ਜਿਸ ਨੂੰ ਜਿਊਣਾ ਨਾਮਕ ਚਾਲਕ ਚਲਾ ਰਿਹਾ ਸੀ ਅਤੇ ਗਰਗ ਬੱਸ ਸਰਵਿਸ ਰਜਿਸਟਰਡ ਪਾਤੜਾਂ ਦੀ ਬੱਸ ਪਾਤੜਾਂ ਤੋਂ ਬੁਢਲਾਡਾ ਜਾ ਰਹੀ ਸੀ, ਜਿਸ ਨੂੰ ਪਾਲਾ ਸਿੰਘ ਨਾਮਕ ਚਾਲਕ ਚਲਾ ਰਿਹਾ ਸੀ। ਧੁੰਦ ਤੇ ਧੁੰਏਂ ਨਾਲ ਕੁਝ ਦਿਖਾਈ ਨਾ ਦੇਣ ਕਾਰਨ ਬਰੇਟਾ ਡ੍ਰੇਨ ਲਾਗੇ ਦੋਵਾਂ ਵਹੀਕਲਾਂ ਵਿਚਕਾਰ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ। ਦੋਵੇਂ ਵਹੀਕਲਾਂ ਦੀਆਂ ਡਰਾਈਵਰ ਸੀਟ ਵਾਲੀਆਂ ਸਾਈਡਾਂ ਟਕਰਾਈਆਂ। ਬੱਸ ਅੰਦਰ ਮੌਜੂਦ ਸਵਾਰੀਆਂ ਨੂੰ ਵੀ ਕਾਫੀ ਝਟਕੇ ਲੱਗੇ ਪਰ ਸਭ ਠੀਕ-ਠਾਕ ਹਨ। ਡਰਾਈਵਰ ਅਤੇ ਸਵਾਰੀਆਂ ਵਾਲ-ਵਾਲ ਬਚ ਗਏ। ਕੈਂਟਰ ਦਾ ਵਧੇਰੇ ਨੁਕਸਾਨ ਤੇ ਬੱਸ ਦਾ ਥੋੜ੍ਹਾ ਨੁਕਸਾਨ ਦੱਸਿਆ ਜਾ ਰਿਹਾ ਹੈ। ਕੈਂਟਰ ਡਰਾਈਵਰ ਦੇ ਮਾਮੂਲੀ ਸੱਟਾਂ ਲੱਗਣ ਦਾ ਸਮਾਚਾਰ ਹੈ ਤੇ ਉਸ ਨੂੰ ਐਕਸਰੇ ਲਈ ਬਾਹਰ ਭੇਜਿਆ ਗਿਆ ਕਿਉਂਕਿ ਸਥਾਨਕ ਸਰਕਾਰੀ ਹਸਪਤਾਲ ਵਿਖੇ ਇਸ ਸਮੇਂ ਕੋਈ ਵੀ ਡਾਕਟਰ ਤਾਇਨਾਤ ਨਹੀਂ ਸੀ। ਘਟਨਾ ਸਥਾਨ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਚੰਗੇ ਭਾਗੀਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਤੇ ਲੋਕਾਂ ਨੇ ਦੋਵੇਂ ਵਹੀਕਲਾਂ ਨੂੰ ਧੱਕ ਕੇ ਸੜਕ ਤੋਂ ਹੇਠਾਂ ਕੀਤਾ ਤਾਂ ਕਿ ਪਿੱਛਿਓਂ ਆਉਣ ਵਾਲੇ ਵਹੀਕਲਾਂ ਨਾਲ ਹੋਰ ਦੁਰਘਟਨਾ ਨਾ ਵਾਪਰ ਸਕੇ। ਵਰਣਨਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਾਰੇ ਇਲਾਕੇ 'ਚ ਫੈਲੇ ਹੋਏ ਜ਼ਹਿਰੀਲੇ ਧੁੰਏਂ ਤੇ ਧੁੰਦ ਕਾਰਨ ਵਹੀਕਲਾਂ ਦਾ ਚੱਲਣਾ ਬੜਾ ਮੁਸ਼ਕਿਲ ਅਤੇ ਜੋਖਮ ਭਰਪੂਰ ਹੋਇਆ ਪਿਆ ਹੈ, ਜਿਸ ਕਾਰਨ ਬੱਸਾਂ ਤੇ ਗੱਡੀਆਂ ਲਗਾਤਾਰ ਲੇਟ ਚੱਲ ਰਹੀਆਂ ਹਨ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਭੀਰ ਬੀਮਾਰੀਆਂ ਦੇ ਮਰੀਜ਼ਾਂ ਨੂੰ ਇਲਾਜ ਲਈ ਦੂਰ ਜਾਣਾ ਇਕ ਸਮੱਸਿਆ ਬਣੀ ਹੋਈ ਹੈ। ਇਕ ਗੰਭੀਰ ਬੀਮਾਰੀ ਨਾਲ ਪੀੜਤ ਮਰੀਜ਼ ਸੁਰਿੰਦਰ ਕੁਮਾਰ ਦਾ ਕਹਿਣਾ ਸੀ ਕਿ ਉਸ ਦਾ ਇਲਾਜ ਪੀ. ਜੀ. ਆਈ. ਰੋਹਤਕ ਤੋਂ ਚੱਲ ਰਿਹਾ ਹੈ ਪਰ ਉਸ ਨੂੰ ਉਥੇ ਸਮੇਂ ਸਿਰ ਪਹੁੰਚਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
