ਬੇਕਾਬੂ ਮੋਟਰਸਾਈਕਲ ਦਰੱਖਤ ਨਾਲ ਟਕਰਾਇਆ : ਜੀਜੇ ਦੀ ਮੌਤ, ਸਾਲਾ ਜ਼ਖਮੀ
Friday, Sep 29, 2017 - 08:06 AM (IST)
ਜੈਤੋ (ਜਿੰਦਲ) - ਪਿੰਡ ਕਾਸਮ ਭੱਟੀ ਵਿਖੇ ਵਾਪਰੇ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਬੇਕਾਬੂ ਹੋ ਕੇ ਕਿੱਕਰ ਦੇ ਦਰੱਖਤ 'ਚ ਵੱਜਿਆ, ਜਿਸ ਕਾਰਨ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ 1 ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਆਪਸ 'ਚ ਜੀਜਾ-ਸਾਲਾ ਸਨ। ਜ਼ਿਕਰਯੋਗ ਹੈ ਕਿ ਜੱਸਾ ਸਿੰਘ ਵਾਸੀ ਪਿੰਡ ਪਿੰਡੌਰੀ (ਜੀਜਾ) ਤੇ ਉਸ ਦਾ ਸਾਲਾ ਮੁਹਿੰਦਰ ਸਿੰਘ (24) ਪੁੱਤਰ ਬੰਸਾ ਸਿੰਘ ਵਾਸੀ ਪਿੰਡੋਰੀ ਮੋਟਰਸਾਈਕਲ 'ਤੇ ਪਿੰਡ ਮੜਾਕ ਜਾ ਰਹੇ ਸਨ ਅਤੇ ਮੇਨ ਸੜਕ ਤੋਂ ਲਿੰਕ ਰੋਡ (ਮੜਾਕ) ਵੱਲ ਮੋੜਦੇ ਹੋਏ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਦੇ ਪਾਸੇ ਲੱਗੇ ਹੋਏ ਕਿੱਕਰ ਦੇ ਦਰੱਖਤ ਵਿਚ ਜਾ ਵੱਜਿਆ, ਜਿਸ ਕਾਰਨ ਜੀਜਾ ਜੱਸਾ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਸਾਲਾ ਮੁਹਿੰਦਰ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।
ਦੱਸਣਯੋਗ ਹੈ ਕਿ ਜੱਸਾ ਸਿੰਘ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ। ਮਹਿੰਦਰ ਸਿੰਘ ਜੱਗੀ ਦਾ ਵਿਆਹ ਤਿੰਨ ਦਿਨ ਪਹਿਲਾਂ ਹੋਇਆ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਤੋਂ ਨੌਜਵਾਨ ਘਟਨਾ ਸਥਾਨ 'ਤੇ ਪਹੁੰਚੇ ਅਤੇ ਜ਼ਖਮੀ ਮਹਿੰਦਰ ਸਿੰਘ ਤੇ ਮ੍ਰਿਤਕ ਜੱਸਾ ਸਿੰਘ ਨੂੰ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਪਹੁੰਚਾਇਆ। ਮਹਿੰਦਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਵਿਅਕਤੀ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ।
