ਦੀਵਾਰ ਤੋੜ ਘਰ ''ਚ ਵੜੀ ਬੇਕਾਬੂ ਕਾਰ ਨੇ ਬੱਚਾ ਕੁਚਲਿਆ, ਭੈਣ ਜ਼ਖ਼ਮੀ

07/23/2017 5:52:38 AM

ਲੁਧਿਆਣਾ(ਅਨਿਲ)-ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੀ ਬਸਤੀ ਬਾਜ਼ੀਗਰ 'ਚ ਅੱਜ ਸ਼ਾਮ 7 ਵਜੇ ਦੇ ਕਰੀਬ ਬੇਕਾਬੂ ਹੋ ਕੇ ਦੀਵਾਰ ਤੋੜ ਘਰ 'ਚ ਵੜੀ ਕਾਰ ਨੇ 5 ਸਾਲ ਦੇ ਬੱਚੇ ਨੂੰ ਕੁਚਲ ਦਿੱਤਾ ਜਦਕਿ ਨਾਲ ਹੀ ਖੇਡ ਰਹੀ ਉਸਦੀ 4 ਸਾਲ ਦੀ ਭੈਣ ਜ਼ਖ਼ਮੀ ਹੋ ਗਈ।  ਮੌਕੇ 'ਤੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਇੰਡੀਕਾ ਕਾਰ ਮੁਹੱਲੇ ਦੇ ਅੰਦਰ ਆ ਰਹੀ ਸੀ। ਗਲੀ ਦੇ ਕੋਲ ਪਹੁੰਚਣ 'ਤੇ ਅਚਾਨਕ ਬੇਕਾਬੂ ਹੋ ਕੇ ਕਾਰ ਇਕ ਮਕਾਨ ਦੀ ਦੀਵਾਰ ਤੋੜ ਕੇ ਅੰਦਰ ਜਾ ਵੜੀ, ਜਿਸਦੀ ਲਪੇਟ ਵਿਚ ਘਰ ਦੇ ਅੰਦਰ ਖੇਡ ਰਹੇ ਦੋਵੇਂ ਬੱਚੇ ਆ ਗਏ। ਜਿਸ 'ਚ 5 ਸਾਲ ਬੱਚੇ ਰਾਮ ਪੁੱਤਰ ਅਜੇ ਕੁਮਾਰ ਦੀ ਮੌਤ ਹੋ ਗਈ ਅਤੇ ਉਸਦੀ 4 ਸਾਲ ਦੀ ਭੈਣ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਲੋਕਾਂ ਨੇ ਤੁਰੰਤ ਕਾਰ ਚਾਲਕ ਨੂੰ ਦਬੋਚ ਲਿਆ, ਜੋ ਨਸ਼ੇ 'ਚ ਧੁਤ ਸੀ। ਮੌਕੇ 'ਤੇ ਪਹੁੰਚੇ ਥਾਣੇਦਾਰ ਸੁਖਪਾਲ ਸਿੰਘ ਨੇ ਕਾਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ। ਇਸ ਦੇ ਬਾਅਦ ਤੁਰੰਤ ਬੱਚੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕ ਬੱਚੇ ਦੇ ਪਿਤਾ ਅਰਜਨ ਕਿਸੇ ਫੈਕਟਰੀ ਵਿਚ ਕੰਮ ਕਰਦਾ ਹੈ। ਹਾਦਸੇ ਦੇ ਸਮੇਂ ਉਥੇ ਮ੍ਰਿਤਕ ਬੱਚੇ ਦੀ ਮਾਂ ਅਤੇ ਦਾਦੀ ਮੌਜੂਦ ਸਨ। ਫਿਲਹਾਲ ਪੁਲਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੋਰਚਰੀ 'ਚ ਪੋਸਟਮਾਟਰਮ ਲਈ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News