ਮੂੰਹ-ਬੋਲੀ ਭੈਣ ਬਣਾ ਕੇ ਨੌਜਵਾਨ ਨੇ ਦਿੱਤਾ ਧੋਖਾ, ਕੰਮ ਦੇ ਬਹਾਨੇ ਲਿਜਾ ਕੇ ਕੀਤਾ ਜਬਰ-ਜ਼ਿਨਾਹ

Friday, Apr 03, 2026 - 02:10 PM (IST)

ਮੂੰਹ-ਬੋਲੀ ਭੈਣ ਬਣਾ ਕੇ ਨੌਜਵਾਨ ਨੇ ਦਿੱਤਾ ਧੋਖਾ, ਕੰਮ ਦੇ ਬਹਾਨੇ ਲਿਜਾ ਕੇ ਕੀਤਾ ਜਬਰ-ਜ਼ਿਨਾਹ

ਅਬੋਹਰ (ਸੁਨੀਲ) : ਥਾਣਾ ਖੂਈਆਂ ਸਰਵਰ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਇਕ ਪਿੰਡ ’ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦਾ ਹੀ ਇਕ ਨੌਜਵਾਨ ਮੂੰਹ-ਬੋਲੀ ਭੈਣ ਕਹਿ ਕੇ ਇਕ ਵਿਆਹੁਤਾ ਨੂੰ ਕਿੰਨੂ ਤੁੜਵਾਉਣ ਦੇ ਬਹਾਨੇ ਰਾਜਸਥਾਨ ਲੈ ਗਿਆ। ਉਸ ਤੋਂ ਬਾਅਦ ਮੁਲਜ਼ਮ ਉਸ ਨੂੰ 10 ਦਿਨ ਤੱਕ ਬੰਧਕ ਬਣਾ ਕੇ ਰੱਖਿਆ, ਕੁੱਟਮਾਰ ਕੀਤੀ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਪੀੜਤਾ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮੂਲ ਰੂਪ ’ਚ ਕਾਸਗੰਜ (ਉੱਤਰ ਪ੍ਰਦੇਸ਼) ਦੇ ਇਕ ਪਿੰਡ ਦੀ ਰਹਿਣ ਵਾਲੀ ਕਰੀਬ 23 ਸਾਲਾ ਪੀੜਤ ਔਰਤ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਪਿੰਡ ’ਚ ਰਹਿ ਕੇ ਮਜ਼ਦੂਰੀ ਕਰਦੀ ਹੈ ਅਤੇ ਉਸਦਾ ਇਕ ਛੋਟਾ ਪੁੱਤਰ ਹੈ। ਮੰਗਲ ਸਿੰਘ ਨਾਮ ਦਾ ਇਕ ਨੌਜਵਾਨ, ਜੋ ਕਿੰਨੂਆਂ ਦੇ ਬਾਗਾਂ ’ਚ ਠੇਕੇਦਾਰੀ ਦਾ ਕੰਮ ਕਰਦਾ ਸੀ ਅਤੇ ਉਸੇ ਪਿੰਡ ਦਾ ਰਹਿਣ ਵਾਲਾ ਸੀ, ਉਸ ਨੂੰ ਵੀ ਕਿੰਨੂ ਤੁੜਵਾਉਣ ਲਈ ਬਾਗਾਂ ’ਚ ਲੈ ਜਾਂਦਾ ਹੁੰਦਾ ਸੀ ਅਤੇ ਉਹ ਉਸਨੂੰ ਭੈਣ ਕਹਿੰਦਾ ਸੀ। ਪੀੜਤਾ ਮੁਤਾਬਕ 23 ਮਾਰਚ ਨੂੰ ਮੰਗਲ ਸਿੰਘ ਉਸਨੂੰ ਕੰਮ ਦਿਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਉਸਦਾ ਫ਼ੋਨ ਖੋਹ ਲਿਆ।

ਜਦੋਂ ਉਹ ਸ਼ਾਮ ਤੱਕ ਘਰ ਨਹੀਂ ਪਰਤੀ ਤਾਂ ਪੀੜਤਾ ਦੇ ਪਤੀ ਨੇ ਅਗਲੇ ਦਿਨ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਪਰ ਪੁਲਸ ਕੁੱਝ ਪਤਾ ਨਹੀਂ ਲਾ ਸਕੀ। ਪੀੜਤਾ ਨੇ ਦੱਸਿਆ ਕਿ ਮੰਗਲ ਸਿੰਘ ਉਸਨੂੰ ਇੱਥੋਂ ਸ਼੍ਰੀਗੰਗਾਨਗਰ, ਜੈਪੁਰ, ਬੀਕਾਨੇਰ ਅਤੇ ਹਰਿਦੁਆਰ ਲੈ ਕੇ ਘੁੰਮਦਾ ਰਿਹਾ ਅਤੇ ਫਿਰ ਸ਼੍ਰੀਗੰਗਾਨਗਰ ਦੇ ਪਿੰਡ 2 ਜੀ. ਬੀ. ਚੱਕ ਦੇ ਰਹਿਣ ਵਾਲੇ ਆਪਣੇ ਦੋਸਤ ਪ੍ਰਵੀਨ ਦੇ ਘਰ ਛੱਡ ਦਿੱਤਾ। ਪੀੜਤਾ ਨੇ ਦੋਸ਼ ਲਾਇਆ ਕਿ ਇਨ੍ਹਾਂ ਦਿਨਾਂ ਦੌਰਾਨ ਮੰਗਲ ਸਿੰਘ ਨੇ ਵਾਰ-ਵਾਰ ਉਸ ਨਾਲ ਜਬਰ-ਜ਼ਿਨਾਹ ਕੀਤਾ। ਮੁਲਜ਼ਮ ਭੱਜਣ ਸਮੇਂ ਉਸਦੀ ਸੋਨੇ ਦੀ ਵਾਲੀ ਤੇ ਪੰਜੇਬ ਵੀ ਲਾਹ ਕੇ ਲੈ ਗਿਆ ਅਤੇ ਉਸਦਾ ਫ਼ੋਨ ਵੀ ਤੋੜ ਦਿੱਤਾ ਤਾਂ ਜੋ ਉਹ ਪਰਿਵਾਰ ਨਾਲ ਸੰਪਰਕ ਨਾ ਕਰ ਸਕੇ।

ਬੀਤੀ ਰਾਤ ਪੀੜਤਾ ਨੇ ਕਿਸੇ ਤਰ੍ਹਾਂ ਪ੍ਰਵੀਨ ਦਾ ਫ਼ੋਨ ਹੱਥ ਲੱਗਣ’ਤੇ ਆਪਣੇ ਪਤੀ ਨੂੰ ਫ਼ੋਨ ਕਰ ਕੇ ਹੱਡ-ਬੀਤੀ ਸੁਣਾਈ, ਜਿਸ ’ਤੇ ਉਸਦਾ ਪਤੀ, ਸਹੁਰਾ ਤੇ ਦਿਓਰ ਉਥੇ ਪਹੁੰਚੇ ਅਤੇ ਉਸਨੂੰ ਇੱਥੇ ਲਿਆ ਕੇ ਹਸਪਤਾਲ ਦਾਖ਼ਲ ਕਰਵਾਇਆ। ਪੀੜਤਾ ਦੇ ਪਤੀ ਨੇ ਦੱਸਿਆ ਕਿ ਉਨ੍ਹਾਂ ਨੇ 24 ਮਾਰਚ ਨੂੰ ਹੀ ਥਾਣਾ ਖੂਈਆਂ ਸਰਵਰ ਵਿਖੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ ਪਰ ਪੁਲਸ ਨੇ ਸਮੇਂ ਸਿਰ ਕੋਈ ਠੋਸ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਪੀੜਤਾ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ ਅਤੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News