ਫਗਵਾੜਾ ਦੀ ਛੱਜ ਕਾਲੋਨੀ ''ਚ ਹਮਲਾਵਰਾਂ ਨੇ ਮਚਾਇਆ ਤਾਂਡਵ, ਤੇਜ਼ਧਾਰ ਹਥਿਆਰਾਂ ਨਾਲ ਘਰਾਂ ''ਚ ਕੀਤੀ ਭੰਨ-ਤੋੜ

Tuesday, Mar 24, 2026 - 01:44 AM (IST)

ਫਗਵਾੜਾ ਦੀ ਛੱਜ ਕਾਲੋਨੀ ''ਚ ਹਮਲਾਵਰਾਂ ਨੇ ਮਚਾਇਆ ਤਾਂਡਵ, ਤੇਜ਼ਧਾਰ ਹਥਿਆਰਾਂ ਨਾਲ ਘਰਾਂ ''ਚ ਕੀਤੀ ਭੰਨ-ਤੋੜ

ਫਗਵਾੜਾ (ਜਲੋਟਾ) : ਫਗਵਾੜਾ ਦੀ ਸੰਘਣੀ ਆਬਾਦੀ ਵਾਲੀ ਛੱਜ ਕਾਲੋਨੀ ਉਸ ਸਮੇਂ ਜੰਗ ਦੇ ਮੈਦਾਨ ਵਿਚ ਤਬਦੀਲ ਹੋ ਗਈ, ਜਦੋਂ ਦੇਰ ਰਾਤ ਤੋਂ ਬਾਅਦ ਕਰੀਬ 20 ਤੋਂ 25 ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਪੂਰੇ ਇਲਾਕੇ ਵਿਚ ਦਹਿਸ਼ਤ ਫੈਲਾ ਦਿੱਤੀ। ਨਕਾਬਪੋਸ਼ ਹਮਲਾਵਰਾਂ ਨੇ ਰਿਹਾਇਸ਼ੀ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦਰਵਾਜ਼ਿਆਂ, ਖਿੜਕੀਆਂ ਅਤੇ ਬਾਹਰ ਲੱਗੇ ਬਿਜਲੀ ਦੇ ਮੀਟਰਾਂ ਦੀ ਭੰਨ-ਤੋੜ ਕੀਤੀ। ਹਮਲਾਵਰਾਂ ਵੱਲੋਂ ਕੀਤੇ ਗਏ ਇਸ ਤਾਂਡਵ ਦੀਆਂ ਤਸਵੀਰਾਂ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈਆਂ ਹਨ, ਜਿਸਦੀ ਫਗਵਾੜਾ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਵਾਪਰੀ ਵਾਰਦਾਤ ਤੋਂ ਬਾਅਦ ਇਲਾਕਾ ਨਿਵਾਸੀਆਂ ਵਿਚ ਭਾਰੀ ਡਰ ਅਤੇ ਖੌਫ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਹ ਮਾਮਲਾ ਸੋਸ਼ਲ ਮੀਡੀਆ ’ਤੇ ਵੀ ਖਾਸਾ ਵਾਇਰਲ ਹੈ, ਜਿਸ ’ਚ ਇਲਾਕਾ ਨਿਵਾਸੀ ਪੁਲਸ ਪਾਸੋਂ ਇਨਸਾਫ ਦੀ ਮੰਗ ਕਰ ਰਹੇ ਹਨ।

PunjabKesari

ਇਕ ਪੀੜਤ ਅਨੁਸਾਰ ਇਸ ਹਮਲੇ ਦੀ ਜੜ੍ਹ ਕੁਝ ਦਿਨ ਪਹਿਲਾਂ ਹੋਇਆ ਇਕ ਮਾਮੂਲੀ ਵਿਵਾਦ ਦੱਸਿਆ ਜਾ ਰਿਹਾ ਹੈ। ਪੀੜਤ ਨੇ ਦੱਸਿਆ ਕਿ ਕੁਝ ਨੌਜਵਾਨ ਉਸ ਕੋਲ ਆਏ ਸਨ ਅਤੇ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋਈ ਸੀ। ਦੋਸ਼ ਹੈ ਕਿ ਉਨ੍ਹਾਂ ਨੌਜਵਾਨਾਂ ਨੇ ਉਸ ਨਾਲ ਹੱਥੋਪਾਈ ਵੀ ਕੀਤੀ ਸੀ। ਇਸੇ ਵਿਵਾਦ ਦਾ ਬਦਲਾ ਲੈਣ ਲਈ ਦੇਰ ਰਾਤ ਨੂੰ ਭਾਰੀ ਗਿਣਤੀ ਵਿਚ ਨੌਜਵਾਨ ਕਾਲੋਨੀ ਵਿਚ ਦਾਖਲ ਹੋਏ ਅਤੇ ਉਹ ਸਭ ਅੰਜਾਮ ਦੇ ਦਿੱਤਾ ਜਿਸ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ ਇਸ ਦੌਰਾਨ ਦੋਸ਼ੀਆਂ ਨੂੰ ਇਲਾਕੇ ਤੋਂ ਬਾਹਰ ਕੱਢਣ ਲਈ ਇੱਟਾਂ-ਪੱਥਰ ਵੀ ਚਲਾਏ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਤਲਵਾਰਾਂ, ਗੰਡਾਸਿਆਂ ਅਤੇ ਲਾਠੀ-ਡੰਡਿਆਂ ਨਾਲ ਲੈਸ ਸਨ। ਕੁਝ ਪੀੜਤਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹਮਲਾਵਰਾਂ ਕੋਲ ਪਿਸਤੌਲ ਵੀ ਸੀ, ਜਿਸ ਨੂੰ ਦਿਖਾ ਕੇ ਉਨ੍ਹਾਂ ਨੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ? ਹਾਲਾਂਕਿ, ਪੁਲਸ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

PunjabKesari

ਪੀੜਤਾਂ ਨੇ ਭਰੇ ਮਨ ਨਾਲ ਦੱਸਿਆ ਕਿ ਅਸੀਂ ਰਾਤ ਨੂੰ ਸੌਂ ਰਹੇ ਸੀ ਕਿ ਅਚਾਨਕ ਗੇਟ ਟੁੱਟਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਹਮਲਾਵਰ ਅੰਨ੍ਹੇਵਾਹ ਭੰਨ-ਤੋੜ ਕਰ ਰਹੇ ਸਨ, ਜਿਵੇਂ ਉਹ ਜਾਨ ਲੈਣ ਦੀ ਨੀਅਤ ਨਾਲ ਆਏ ਹੋਣ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਟੀਮ ਮੌਕੇ ’ਤੇ ਪਹੁੰਚੀ ਪਰ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਹਮਲਾਵਰ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ਦੋ ਧਿਰਾਂ ਵਿਚਾਲੇ ਆਪਸੀ ਝਗੜੇ ਦਾ ਮਾਮਲਾ ਲੱਗ ਰਿਹਾ ਹੈ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari

ਖ਼ਬਰ ਲਿਖੇ ਜਾਣ ਤੱਕ ਪੁਲਸ ਨੇ ਅੱਧੀ ਦਰਜਨ ਤੋਂ ਵੱਧ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਵਿਖੇ ਬੀ. ਐੱਨ. ਐੱਸ. ਦੀਆਂ ਧਾਰਾਵਾਂ 194 (2), 324 (4), 351 (2), 191 (3) ਅਤੇ 190 ਤਹਿਤ ਮਾਮਲਾ ਦਰਜ ਕਰ ਲਿਆ ਹੈ। 2 ਮੁਲਜ਼ਮਾਂ ਦੀ ਪਛਾਣ ਵੀ ਹੋ ਚੁੱਕੀ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਫਗਵਾੜਾ ’ਚ ਦੇਰ ਰਾਤ ਨੂੰ ਵਾਪਰੀ ਇਸ ਵਾਰਦਾਤ ਨੇ ਫਗਵਾੜਾ ਦੀ ਕਾਨੂੰਨ ਵਿਵਸਥਾ ਅਤੇ ਪੁਲਸ ਗਸ਼ਤ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਹਮਲਾਵਰਾਂ ਦੇ ਹੱਥ ਆ ਜਾਂਦਾ ਤਾਂ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਲੋਕਾਂ ਨੇ ਮੰਗ ਕੀਤੀ ਹੈ ਕਿ ਇਲਾਕੇ ਵਿਚ ਪੁਲਸ ਦੀ ਗਸ਼ਤ ਵਧਾਈ ਜਾਵੇ ਅਤੇ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਜੇਲ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ। ਪੁਲਸ ਦਾ ਦਾਅਵਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਪੁਲਸ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਪੁਲਸ ਕੇਸ ਦਰਜ ਕੀਤਾ ਜਾ ਚੁੱਕਾ ਹੈ ਅਤੇ ਪੁਲਸ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News