ਸੜਕ ਹਾਦਸੇ ''ਚ ਇਕ ਦੀ ਮੌਤ, 4 ਜ਼ਖਮੀ
Sunday, Jun 11, 2017 - 07:10 AM (IST)
ਕੁਰਾਲੀ/ਮੋਰਿੰਡਾ (ਬਠਲਾ, ਖੁਰਾਣਾ) - ਕੁਰਾਲੀ-ਮੋਰਿੰਡਾ ਰੋਡ 'ਤੇ ਹੋਏ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ 4 ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ 4 ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। ਹਾਦਸੇ ਤੋਂ ਬਾਅਦ ਸੜਕ 'ਤੇ ਕਈ ਘੰਟੇ ਜਾਮ ਲੱਗਾ ਰਿਹਾ, ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਸੰਭਾਲੀ। ਜਾਣਕਾਰੀ ਮੁਤਾਬਿਕ ਟਮਾਟਰਾਂ ਨਾਲ ਲੋਡ ਮਹਿੰਦਰਾ ਪਿੱਕਅਪ ਗੱਡੀ ਕੁਰਾਲੀ ਤੋਂ ਮੋਰਿਡਾਂ ਵੱਲ ਜਾ ਰਹੀ ਸੀ ਕਿ ਇਸੇ ਦੌਰਾਨ ਮੋਰਿੰਡਾ ਰੋਡ 'ਤੇ ਧਾਲੀਵਾਲ ਮੈਰਿਜ ਪੈਲੇਸ ਦੇ ਸਾਹਮਣੇ ਉਸਦੀ ਟੱਕਰ ਸਾਹਮਣਿਓਂ ਆ ਰਹੇ ਮਿੰਨੀ ਟਰੱਕ ਨਾਲ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮਹਿੰਦਰਾ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਉਪਰੰਤ ਮਹਿੰਦਰਾ ਗੱਡੀ 'ਚ ਸਵਾਰ ਵਿਅਕਤੀ ਬੁਰੀ ਤਰ੍ਹਾਂ ਗੱਡੀ 'ਚ ਫਸ ਗਏ ਤੇ ਹਾਦਸੇ ਤੋਂ ਬਾਅਦ ਸੜਕ 'ਚ ਜਾਮ ਲਗ ਗਿਆ। ਜ਼ਖ਼ਮੀਆਂ ਨੂੰ ਲੋਕਾਂ ਨੇ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ। ਹਾਦਸੇ 'ਚ ਸੰਤੋਸ਼ ਕੁਮਾਰ ਦੀ ਮੌਤ ਹੋ ਗਈ, ਜਦੋਂਕਿ ਹਰੀਸ਼ ਕੁਮਾਰ ਵਾਸੀ ਸੁੰਦਰ ਨਗਰ ਸਹਾਰਨਪੁਰ, ਵਿਕਾਸ ਥਾਪਾ ਤੇ ਲੱਕੀ (ਦੋਵੇਂ ਨਿਵਾਸੀ ਪਨਿਆਨਾ) ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਚੰਡੀਗੜ੍ਹ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਪਹੁੰਚ ਕੇ ਜਾਮ ਨੂੰ ਖੁੱਲ੍ਹਵਾਇਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
