2 ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ''ਚ ਦਿਓਰ-ਭਰਜਾਈ ਅਤੇ ਪਤੀ-ਪਤਨੀ ਜ਼ਖਮੀ
Monday, Apr 14, 2025 - 11:55 AM (IST)

ਤਪਾ ਮੰਡੀ (ਸ਼ਾਮ, ਗਰਗ) : ਐਤਵਾਰ ਦੀ ਰਾਤ ਤਪਾ-ਢਿਲਵਾਂ ਰੋਡ 'ਤੇ ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ 'ਚ ਦਿਓਰ-ਭਰਜਾਈ ਅਤੇ ਪਤੀ-ਪਤਨੀ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ 'ਚ ਜੇਰੇ ਇਲਾਜ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਅਪਣੇ ਪੇਕੇ ਘਰ ਸੁਖਪੁਰਾ ਮੋੜ ਤੋਂ ਅਪਣੇ ਪਤੀ ਰਾਜ ਪਾਲ ਸਿੰਘ ਨਾਲ ਸਹੁਰੇ ਘਰ ਮਹਿਰਾਜ ਜਾ ਰਹੇ ਸੀ ਜਦੋਂ ਤਪਾ ਨਜ਼ਦੀਕ ਇਕ ਨਿੱਜੀ ਸਕੂਲ ਨੇੜੇ ਪੁੱਜੇ ਤਾਂ ਤਪਾ ਸਾਈਡ ਤੋਂ ਆਉਂਦੇ ਮੋਟਰਸਾਈਕਲ ਸਵਾਰਾਂ ਨਾਲ ਸਿੱਧੀ ਟੱਕਰ ਹੋ ਕੇ ਡਿੱਗ ਕੇ ਜ਼ਖਮੀ ਹੋ ਗਏ।
ਹਾਦਸੇ 'ਚ ਜ਼ਖਮੀਆਂ ਨੂੰ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੇ ਸਿਵਲ ਹਸਪਤਾਲ ਤਪਾ 'ਚ ਭਰਤੀ ਕਰਵਾਇਆ ਗਿਆ। ਇਸ ਹਾਦਸੇ 'ਚ ਮਨਪ੍ਰੀਤ ਕੌਰ ਅਤੇ ਰਾਜਪਾਲ ਸਿੰਘ ਵਾਸੀ ਮਹਿਰਾਜ ਜੋ ਰਿਸ਼ਤੇ ਵਜੋਂ ਪਤੀ-ਪਤਨੀ ਅਤੇ ਦੂਸਰੇ ਮੋਟਰਸਾਈਕਲ ਸਵਾਰ ਅਨੀਤਾ ਰਾਣੀ ਅਤੇ ਸ਼ਾਮ ਲਾਲ ਪੁੱਤਰ ਬਿਸਰਾ ਰਾਮ ਵਾਸੀ ਜਗਰਾਉਂ ਜੋ ਰਿਸ਼ਤੇ ਵਿਚ ਦਿਓਰ ਭਰਜਾਈ ਲੱਗਦੇ ਸਨ, ਅਨੀਤਾ ਰਾਣੀ ਤਪਾ ਵਿਖੇ ਆਪਣੀ ਭੈਣ ਨੂੰ ਮਿਲ ਕੇ ਵਾਪਸ ਮੋਟਰਸਾਈਕਲ 'ਤੇ ਜਗਰਾਓਂ ਵਾਪਸ ਜਾ ਰਹੇ ਸੀ। ਘਟਨਾ ਦਾ ਪਤਾ ਲੱਗਦੇ ਹੀ ਦੋਵਾਂ ਜ਼ਖਮੀਆਂ ਦੇ ਪਰਿਵਾਰਿਕ ਮੈਂਬਰ ਹਸਪਤਾਲ 'ਚ ਪਹੁੰਚੇ ਅਤੇ ਗੰਭੀਰ ਹਾਲਤ 'ਚ ਜ਼ਖਮੀਆਂ ਨੂੰ ਬਾਹਰਲੇ ਹਸਪਤਾਲ ਰੈਫਰ ਕਰ ਦਿੱਤਾ ਗਿਆ।