ਭਿਆਨਕ ਹਾਦਸੇ ''ਚ ਪਤੀ-ਪਤਨੀ ਦੀ ਮੌਤ
Sunday, Feb 14, 2021 - 03:54 PM (IST)

ਬਟਾਲਾ (ਸਾਹਿਲ/ਯੋਗੀ) : ਸਥਾਨਕ ਬਾਈਪਾਸ ਪਿੰਡ ਧੀਰ ਦੇ ਨਜ਼ਦੀਕ ਇਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਪਤੀ-ਪਤਨੀ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਰਤਨ ਪੁੱਤਰ ਸੰਤ ਰਾਮ ਵਾਸੀ ਧਾਰੀਵਾਲ ਭੋਜਾ ਆਪਣੀ ਪਤਨੀ ਸੁਰਜੀਤ ਕੌਰ ਨੂੰ ਸਕੂਟਰੀ ਨੰਬਰ ਪੀ. ਬੀ. 18 ਐੱਸ 9033 'ਤੇ ਬਿਠਾ ਕੇ ਟਾਹਲੀ ਸਾਹਿਬ ਕਿਸੇ ਰਿਸ਼ਤੇਦਾਰ ਦੇ ਘਰ ਹੋ ਰਹੇ ਸਮਾਗਮ 'ਤੇ ਜਾ ਰਹੇ ਸੀ।
ਇਸ ਦੌਰਾਨ ਜਦੋਂ ਉਹ ਬਾਈਪਾਸ ਪਿੰਡ ਧੀਰ ਦੇ ਨਜ਼ਦੀਕ ਰੇਲਵੇ ਪੁੱਲ ਤੋਂ ਹੇਠਾਂ ਉਤਰ ਰਹੇ ਸੀ ਤਾਂ ਕਿਸੇ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਇਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਦੋਵੇਂ ਪਤੀ-ਪਤਨੀ ਬੁਰੀ ਤਰ੍ਹਾਂ ਕੁਚਲੇ ਗਏ, ਜਿਸ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਐੱਸ. ਆਈ ਮਨੋਹਰ ਸਿੰਘ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਅਣਪਛਾਤੇ ਵਾਹਨ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰ ਦਿੱਤਾ।