ਸੜਕ ਹਾਦਸੇ ’ਚ ਜ਼ਖ਼ਮੀ ਸਾਬਕਾ ਫੌਜੀ ਦੀ ਇਲਾਜ ਦੌਰਾਨ ਮੌਤ
Tuesday, Dec 07, 2021 - 06:42 PM (IST)
ਬਨੂੜ (ਗੁਰਪਾਲ) : ਬਨੂੜ ਨੇੜਲੇ ਪਿੰਡ ਬੂਟਾ ਸਿੰਘ ਵਾਲਾ ਤੋਂ ਚੰਗੇਰਾ ਹੋ ਜਾਂਦੀ ਲਿੰਕ ਸੜਕ ’ਤੇ ਇਕ ਅਣਪਛਾਤੇ ਵਾਹਨ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ’ਤੇ ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਸਾਬਕਾ ਫੌਜੀ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਮੋਹੀ ਕਲਾਂ ਦਾ ਵਸਨੀਕ ਸਾਬਕਾ ਫੌਜੀ ਬਲਵੀਰ ਸਿੰਘ ਪੁੱਤਰ ਹਜੂਰਾ ਸਿੰਘ ਜੋ ਕਿ ਬੀਤੇ ਦਿਨੀਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਬੂਟਾ ਸਿੰਘ ਵਾਲਾ ਤੋਂ ਆਪਣੇ ਪਿੰਡ ਵੱਲ ਨੂੰ ਜਾ ਰਿਹਾ ਸੀ ਜਦੋਂ ਮੋਟਰਸਾਈਕਲ ਸਵਾਰ ਪਿੰਡ ਬੂਟਾ ਸਿੰਘ ਵਾਲਾ ਤੋਂ ਚੰਗੇਰਾ ਨੂੰ ਜਾਂਦੀ ਲਿੰਕ ਸੜਕ ’ਤੇ ਜਾ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਾਹਨ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੇ ਸੀ।
ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਸਾਬਕਾ ਫ਼ੌਜੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ, ਜਿਸ ਦਾ ਇਲਾਜ ਨੇੜਲੇ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਸੀ ਜੋ ਕਿ ਆਪਣੇ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਅੱਜ ਦਮ ਤੋੜ ਗਿਆ। ਇਸ ਮਾਮਲੇ ਬਾਰੇ ਸੰਪਰਕ ਕਰਨ ’ਤੇ ਜਾਂਚ ਅਧਿਕਾਰੀ ਏ. ਐੱਸ. ਆਈ. ਰਾਮ ਕਿਸ਼ਨ ਨੇ ਦੱਸਿਆ ਕਿ ਮ੍ਰਿਤਕ ਸਾਬਕਾ ਫੌਜੀ ਦੀ ਲਾਸ਼ ਦਾ ਪੋਸਟਮਾਰਟਮ ਰਾਜਪੁਰਾ ਦੇ ਏ. ਪੀ. ਜੈਨ ਹਸਪਤਾਲ ਤੋਂ ਕਰਵਾ ਕੇ ਵਾਰਸਾਂ ਦੇ ਸਪੁਰਦ ਕਰ ਦਿੱਤੀ ਗਈ ਹੈ।