ਸੜਕ ਹਾਦਸੇ ''ਚ ਕਾਂਗਰਸੀ ਆਗੂ ਅਤੇ ਉਸ ਦੇ ਸਾਥੀ ਦੀ ਮੌਤ

Saturday, Oct 12, 2019 - 12:07 PM (IST)

ਸੜਕ ਹਾਦਸੇ ''ਚ ਕਾਂਗਰਸੀ ਆਗੂ ਅਤੇ ਉਸ ਦੇ ਸਾਥੀ ਦੀ ਮੌਤ

ਚੌਕੀਮਾਨ/ਮੁਲਾਂਪੁਰ ਦਾਖਾ (ਗਗਨਦੀਪ, ਜ. ਬ.) : ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਸਥਿਤ ਪਿੰਡ ਚੌਕੀਮਾਨ ਨੇੜੇ ਸ਼ੇਖੂਪੁਰਾ ਟੋਲ ਪਲਾਜ਼ਾ ਕੋਲ ਅਮਰ ਢਾਬੇ ਸਾਹਮਣੇ ਬੀਤੀ ਰਾਤ ਸੜਕ ਕਿਨਾਰੇ ਖੜ੍ਹੇ ਟਰੱਕ ਦੇ ਪਿਛਲੇ ਪਾਸੇ ਕਾਰ ਵੱਜਣ ਕਾਰਨ ਪੱਟੀ ਦੇ ਕਾਂਗਰਸੀ ਆਗੂ ਅਤੇ ਉਸ ਦੇ ਸਾਥੀ ਦੀ ਮੌਤ ਹੋ ਗਈ। ਥਾਣਾ ਦਾਖਾ ਦੀ ਪੁਲਸ ਨੇ ਮੌਕੇ ਤੋਂ ਫਰਾਰ ਹੋਏ ਟਰੱਕ ਚਾਲਕ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਜਾਣਕਾਰੀ ਅਨੁਸਾਰ ਕਾਂਗਰਸੀ ਆਗੂ ਚੰਦਨ ਵੋਹਰਾ ਪੁੱਤਰ ਬਲਦੇਵ ਰਾਜ (35) ਅਤੇ ਚਾਲਕ ਐਡਵੋਕੇਟ ਤੇਜਪਾਲ ਸਿੰਘ ਉਰਫ ਸ਼ੇਰੂ (27) ਪੁੱਤਰ ਜਗਦੀਪਕ ਵਾਸੀ ਪੱਟੀ ਆਪਣੀ ਸਿਆਜ ਕਾਰ ਵਿਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਵਾਪਸ ਆਪਣੇ ਘਰ ਪੱਟੀ ਪਰਤ ਰਹੇ ਸਨ। ਜਦੋਂ ਉਹ ਉਕਤ ਟੋਲ ਪਲਾਜ਼ਾ ਨੇੜੇ ਪੁੱਜੇ ਤਾਂ ਇਸ ਦੌਰਾਨ ਉਨ੍ਹਾਂ ਦੀ ਕਾਰ ਢਾਬੇ ਸਾਹਮਣੇ ਸੜਕ ਕਿਨਾਰੇ ਖੜ੍ਹੇ ਸਰੀਏ ਨਾਲ ਲੋਡ ਟਰੱਕ ਹੇਠਾਂ ਜਾ ਵੜੀ। ਸਿੱਟੇ ਵਜੋਂ ਕਾਂਗਰਸੀ ਆਗੂ ਚੰਦਨ ਵੋਹਰਾ ਦੀ ਮੌਕੇ 'ਤੇ ਮੌਤ ਹੋ ਗਏ ਅਤੇ ਉਸ ਦੇ ਚਾਲਕ ਸਾਥੀ ਤੇਜਪਾਲ ਨੂੰ ਗੰਭੀਰ ਜ਼ਖਮੀ ਹਾਲਤ 'ਚ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਦਾਖਾ ਦੇ ਏ. ਐੱਸ. ਆਈ. ਨਿਰਮਲ ਸਿੰਘ ਆਪਣੀ ਪੁਲਸ ਪਾਰਟੀ ਨੂੰ ਨਾਲ ਲੈ ਕੇ ਘਟਨਾ ਸਥਾਨ 'ਤੇ ਪੁੱਜੇ ਅਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਚੰਦਨ ਵੋਹਰਾ ਦੇ ਚਾਚੇ ਦੇ ਲੜਕੇ ਜਸਮਿੰਦਰ ਸਿੰਘ ਪੁੱਤਰ ਤ੍ਰਿਲੋਚਨ ਦੇ ਬਿਆਨਾਂ 'ਤੇ ਟਰੱਕ ਚਾਲਕ ਖਿਲਾਫ ਕੇਸ ਦਰਜ ਕਰਨ ਉਪਰੰਤ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ।


author

Gurminder Singh

Content Editor

Related News