ਮੋਗਾ ’ਚ ਵਾਪਰੇ ਭਿਆਨਕ ਹਾਦਸੇ, ਕੈਨੇਡਾ ਤੋਂ ਪਰਤੀ ਮੁਟਿਆਰ ਸਣੇ ਥਾਣੇਦਾਰ ਦੀ ਮੌਤ
Tuesday, Aug 09, 2022 - 06:16 PM (IST)
ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਅੰਦਰ ਵਾਪਰੇ ਵੱਖ-ਵੱਖ ਹਾਦਸਿਆਂ ਵਿਚ ਐੱਨ.ਆਰ.ਆਈ ਲੜਕੀ ਅਤੇ ਸਹਾਇਕ ਥਾਣੇਦਾਰ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਮਿਲੀ ਜਾਣਕਾਰੀ ਅਨੁਸਾਰ ਸਿਮਰਨਜੀਤ ਕੌਰ (24) ਨਿਵਾਸੀ ਲੰਢੇਕੇ ਜੋ ਕਈ ਸਾਲ ਬਾਅਦ ਕੈਨੇਡਾ ਤੋਂ ਵਾਪਸ ਆਈ ਸੀ ਆਪਣੇ ਭਰਾ ਗਗਨਦੀਪ ਸਿੰਘ ਨਾਲ ਬਾਜ਼ਾਰ ਵਿਚੋਂ ਸਮਾਨ ਲੈ ਕੇ ਮੋਟਰ ਸਾਈਕਲ ’ਤੇ ਵਾਪਸ ਪਿੰਡ ਜਾ ਰਹੀ ਸੀ ਤਾਂ ਫਲਾਈਓਵਰ ਉਪਰ ਅਚਾਨਕ ਫਿਰੋਜ਼ਪੁਰ ਵੱਲੋਂ ਆ ਰਹੀ ਇਕ ਤੇਜ਼ ਰਫ਼ਤਾਰ ਗੱਡੀ ਦੀ ਲਪੇਟ ਵਿਚ ਆ ਗਏ, ਜਿਸ ਕਾਰਣ ਸਿਮਰਨਜੀਤ ਕੌਰ ਦੀ ਹਸਪਤਾਲ ਲੈ ਕੇ ਜਾਂਦੇ ਸਮੇਂ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਅਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਜਸਵੰਤ ਸਿੰਘ ਦੇ ਬਿਆਨਾਂ ’ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ।
ਇਸੇ ਤਰ੍ਹਾਂ ਮੋਟਰ ਸਾਈਕਲ ਅਤੇ ਇਨੋਵਾ ਗੱਡੀ ਵਿਚਕਾਰ ਹੋਈ ਟੱਕਰ ਵਿਚ ਪੰਜਾਬ ਪੁਲਸ ਦੇ ਸਹਾਇਕ ਥਾਣੇਦਾਰ ਚਰਨਜੀਤ ਸਿੰਘ (50) ਨਿਵਾਸੀ ਪਿੰਡ ਕੈਲੇ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਫਿਰੋਜ਼ਪੁਰ ਵਿਖੇ ਤਾਇਨਾਤ ਸੀ ਅੱਜ ਉਹ ਆਪਣੇ ਘਰ ਛੁੱਟੀ ਲੈ ਕੇ ਮੋਟਰ ਸਾਈਕਲ ’ਤੇ ਆ ਰਿਹਾ ਸੀ ਤਾਂ ਪਿੰਡ ਦੇ ਕੋਲ ਤੇਜ ਰਫ਼ਤਾਰ ਇਨੋਵਾ ਗੱਡੀ ਦੀ ਲਪੇਟ ਵਿਚ ਆਉਣ ਕਾਰਣ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਲਿਆਂਦਾ ਗਿਆ, ਪਰ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਅਣਪਛਾਤੇ ਗੱਡੀ ਚਾਲਕ ਦੇ ਖਿਲਾਫ਼ ਥਾਣਾ ਧਰਮਕੋਟ ਵਿਚ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਤੇ ਚਰਨਜੀਤ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਗਿਆ।