ਕੋਈ ਵੀ ਗਰਭਪਾਤ ਦਵਾਈ ਬਿਨਾਂ ਕਿਸੇ ਔਰਤ ਰੋਗਾਂ ਦੇ ਮਾਹਿਰ ਦੀ ਪਰਚੀ ਤੋਂ ਵੇਚਣੀ ਗੈਰ-ਕਾਨੂੰਨੀ
Wednesday, Jan 15, 2025 - 04:54 PM (IST)
 
            
            ਫਾਜ਼ਿਲਕਾ (ਨਾਗਪਾਲ) : ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਸਿਵਲ ਸਰਜਨ ਡਾ. ਲਹਿੰਬਰ ਰਾਮ ਦੀ ਯੋਗ ਅਗਵਾਈ ’ਚ ਮੈਡੀਕਲ ਸਟੋਰਾਂ 'ਤੇ ਗਰਭਪਾਤ (ਐੱਮ. ਟੀ. ਪੀ. ਕਿੱਟ) ਦੀਆਂ ਦਵਾਈਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਗਰਭਪਾਤ ਵਾਲੀਆਂ ਕਿੱਟਾਂ(ਐੱਮ. ਟੀ. ਪੀ.) ਵੇਚਣ ਦਾ ਕੰਮ ਕਰਦੇ ਮੈਡੀਕਲ ਸਟੋਰਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਔੌਰਤ ਨੂੰ ਸਖ਼ਤ ਪੱਖੋਂ ਕਿਸੇ ਕਾਰਨਾਂ ਕਰਕੇ ਗਰਭਪਾਤ ਦੀ ਲੋੜ ਜਾਪਦੀ ਹੈ ਤਾਂ ਡਾਕਟਰੀ ਸਲਾਹ ਅਨੁਸਾਰ ਅਤੇ ਸਿਹਤ ਵਿਭਾਗ ਦੀ ਦੇਖ-ਰੇਖ ’ਚ ਹੀ ਕਰਵਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਕੋਈ ਵੀ ਗਰਭਪਾਤ (ਐਮ. ਟੀ. ਪੀ. ਕਿੱਟ) ਦਵਾਈ ਬਿਨਾਂ ਕਿਸੇ ਔਰਤ ਰੋਗਾਂ ਮਾਹਿਰ ਦੀ ਪਰਚੀ ਤੋਂ ਵੇਚਣੀ ਗੈਰ-ਕਾਨੂੰਨੀ ਹੈ। ਹਰ ਮੈਡੀਕਲ ਸਟੋਰ ਨੂੰ ਇਸ ਗਰਭਪਾਤ (ਐੱਮ. ਟੀ. ਪੀ. ਕਿੱਟ) ਦੀ ਦਵਾਈ ਦੀ ਖ਼ਰੀਦ ਅਤੇ ਵੇਚਣ ਦਾ ਮੁਕੰਮਲ ਰਿਕਾਰਡ ਅਤੇ ਸਬੰਧਿਤ ਡਾਕਟਰ ਦੀ ਪਰਚੀ ਦੀ ਫੋਟੋ ਕਾਪੀ ਦਾ ਰਿਕਾਰਡ ਰੱਖਣਾ ਲਾਜ਼ਮੀ ਹੋਵੇਗਾ। ਇਸ ਦੀ ਕਿਸੇ ਵੇਲੇ ਵੀ ਅਚਨਚੇਤ ਚੈਕਿੰਗ ਹੋ ਸਕਦੀ ਹੈ ਅਤੇ ਇਸ ਸਬੰਧੀ ਡਰੱਗ ਇੰਸਪੈਕਟਰ ਫਾਜ਼ਿਲਕਾ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਡਾ. ਕਵਿਤਾ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਫਾਜ਼ਿਲਕਾ ਨੇ ਦੱਸਿਆ ਕਿ ਗਰਭਪਾਤ ਦੀ ਦਵਾਈ ਦੇ ਨੁਕਸਾਨ ਬਹੁਤ ਹੁੰਦੇ ਹਨ ਅਤੇ ਇਸਦੇ ਨਤੀਜੇ ਜਾਨਲੇਵਾ ਵੀ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਕਈ ਵਾਰ ਐਕਟੋਪਿਕ ਗਰਭ (ਬੱਚੇਦਾਨੀ ਤੋਂ ਬਾਹਰ ਹੋਇਆ ਗਰਭਧਾਰਨ) ਦੌਰਾਨ ਜੇਕਰ ਗਲਤੀ ਨਾਲ ਗਰਭਪਾਤ ਦਵਾਈ (ਐੱਮ. ਟੀ. ਪੀ. ਕਿੱਟ) ਖਾ ਲਈ ਜਾਵੇ ਤਾਂ ਟਿਊਬ ਦੇ ਫਟਣ ਕਾਰਨ ਐੱਮ. ਟੀ. ਪੀ. ਕਿੱਟ ਖਾਣ ਵਾਲੇ ਦੀ ਮੌਤ ਵੀ ਹੋ ਸਕਦੀ ਹੈ। ਇਸ ਲਈ ਗਰਭਪਾਤ ਦੀ ਦਵਾਈ ਡਾਕਟਰੀ ਸਲਾਹ ਨਾਲ ਅਤੇ ਡਾਕਟਰੀ ਦੇਖਭਾਲ ’ਚ ਹੀ ਲੈਣੀ ਚਾਹੀਦੀ ਹੈ, ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ਇਸ ਸੰਬਧੀ ਪਿੰਡਾਂ ’ਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            