ਖੇਡ ਰਤਨ ਪੰਜਾਬ ਦੇ : ਸਵਾ ਸਦੀ ਦਾ ਮਾਣ, ਸੁਨਹਿਰਾ ਨਿਸ਼ਾਨਚੀ ‘ਅਭਿਨਵ ਬਿੰਦਰਾ’

Wednesday, May 06, 2020 - 06:46 PM (IST)

ਆਰਟੀਕਲ-2
ਨਵਦੀਪ ਸਿੰਘ ਗਿੱਲ

ਅਭਿਨਵ ਬਿੰਦਰਾ ਭਾਰਤੀ ਖੇਡਾਂ ਦੇ ਮੁਕਟ ਵਿਚ ਜੁੜਿਆ ਇਕਲੌਤਾ ਰਤਨ ਹੈ, ਜਿਸ ਦੀ ਚਮਕ ਦੂਰੋ-ਦੁਰਾਂਡਿਓ ਤੋਂ ਆਪਣਾ ਚਾਨਣ ਬਿਖੇਰ ਰਹੀ ਹੈ। ਅਭਿਨਵ ਨਾ ਸਿਰਫ ਪੰਜਾਬ ਬਲਕਿ ਭਾਰਤ ਦਾ ਇਕਲੌਤਾ ਖਿਡਾਰੀ ਹੈ, ਜਿਸ ਨੇ ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਵਿਅਕਤੀਗਤ ਵਰਗ ਵਿਚ ਸੋਨ ਤਮਗਾ ਜਿੱਤਿਆ ਹੋਵੇ। ਭਾਰਤ ਨੇ ਓਲੰਪਿਕ ਖੇਡਾਂ ਦੇ 124 ਸਾਲਾਂ ਦੇ ਇਤਿਹਾਸ ਵਿਚ ਹੁਣ ਤੱਕ ਸਿਰਫ 9 ਸੋਨ ਤਮਗੇ ਜਿੱਤੇ ਹਨ, ਜਿਨ੍ਹਾਂ ਵਿਚੋਂ 8 ਟੀਮ ਖੇਡ ਹਾਕੀ ਵਿਚ ਹਨ, ਜਦੋਂਕਿ ਵਿਅਕਤੀਗਤ ਵਰਗ ਵਿਚ ਸੋਨ ਤਮਗਾ ਜਿੱਤਣ ਵਾਲਾ ਇਕੱਲਾ ਅਭਿਨਵ ਬਿੰਦਰਾ ਹੈ। ਸੁਨਹਿਰੀ ਨਿਸ਼ਾਨਚੀ 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਵਿਚ 10 ਮੀਟਰ ਏਅਰ ਰਾਈਫਲ ਵਿਚ ਓਲੰਪਿਕ ਚੈਂਪੀਅਨ ਬਣਿਆ। ਓਲੰਪਿਕਸ ਦੇ ਸਵਾ ਸਦੀ ਦੇ ਇਤਿਹਾਸ ਵਿਚ ਇਹ ਮਾਣ ਹਾਸਲ ਕਰਨ ਵਾਲਾ ਉਹ ਪਲੇਠਾ ਤੇ ਇਕਲੌਤਾ ਭਾਰਤੀ ਖਿਡਾਰੀ ਹੈ। ਕਿਸੇ ਖਿਡਾਰੀ ਲਈ ਜਿੱਥੇ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋ ਕੇ ਓਲੰਪੀਅਨ ਬਣਨ ਦਾ ਸੁਫਨਾ ਸਭ ਤੋਂ ਤੀਬਰ ਹੁੰਦਾ ਹੈ, ਉਥੇ ਅਭਿਨਵ ਬਿੰਦਰਾ ਪੰਜ ਵਾਰ ਦਾ ਓਲੰਪੀਅਨ ਹੈ, ਜਿਸ ਨੇ ਪੰਜ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ ਹੈ।

ਇਕ ਵਾਰ ਚੈਂਪੀਅਨ ਬਣਨ ਸਮੇਤ ਤਿੰਨ ਵਾਰ ਫਾਈਨਲ ਖੇਡਿਆ, ਜਿਨ੍ਹਾਂ ਵਿਚੋਂ ਇਕ ਵਾਰ ਚੌਥੇ ਸਥਾਨ 'ਤੇ ਰਿਹਾ। ਉਸ ਨੇ ਇਕ ਵਾਰ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਮਗਾ ਜਿੱਤਿਆ। ਆਪਣੇ 22 ਵਰ੍ਹਿਆਂ ਦੇ ਖੇਡ ਕਰੀਅਰ ਵਿਚ ਉਸ ਨੇ ਓਲੰਪਿਕ ਤੇ ਵਿਸ਼ਵ ਚੈਂਪੀਅਨ ਬਣਨ ਦੇ ਨਾਲ 150 ਦੇ ਕਰੀਬ ਤਮਗੇ ਜਿੱਤੇ ਹਨ। ਰਾਸ਼ਟਰਮੰਡਲ ਖੇਡਾਂ ਵਿਚ ਉਸ ਨੇ ਚਾਰ ਸੋਨੇ, ਦੋ ਚਾਂਦੀ ਤੇ ਇਕ ਕਾਂਸੀ ਦੇ ਤਮਗੇ ਸਣੇ ਕੁੱਲ ਸੱਤ ਤਮਗੇ ਜਿੱਤੇ ਹਨ। ਏਸ਼ਿਆਈ ਖੇਡਾਂ ਵਿਚ ਉਸ ਨੇ ਇਕ ਚਾਂਦੀ ਤੇ ਦੋ ਕਾਂਸੀ ਦੇ ਤਮਗੇ ਜਿੱਤੇ। ਇਨ੍ਹਾਂ ਖੇਡਾਂ ਵਿਚ ਸੋਨ ਤਮਗਾ ਜਿੱਤਣ ਦਾ ਉਸ ਨੂੰ ਜ਼ਰੂਰ ਮਲਾਲ ਹੈ। 2006 ਵਿਚ ਦੋਹਾ ਏਸ਼ੀਆਡ ਮੌਕੇ ਜਦੋਂ ਉਸ ਦੀ ਜ਼ਬਰਦਸਤ ਫਾਰਮ ਨੂੰ ਦੇਖਦਿਆਂ ਇਸ ਪ੍ਰਾਪਤੀ ਦਾ ਸੁਨਹਿਰੀ ਮੌਕਾ ਸੀ ਤਾਂ ਪਿੱਠ ਦੀ ਦਰਦ ਕਾਰਨ ਖੇਡਾਂ ਵਿਚ ਹਿੱਸਾ ਨਹੀਂ ਲੈ ਸਕਿਆ ਸੀ। ਅਭਿਨਵ ਨੇ ਨਿਸ਼ਾਨੇਬਾਜ਼ੀ ਖੇਡ ਤੋਂ ਸੰਨਿਆਸ ਰੀਓ ਓਲੰਪਿਕਸ ਵਿਚ ਹਿੱਸਾ ਲੈਣ ਤੋਂ ਬਾਅਦ 5 ਸਤੰਬਰ 2016 ਨੂੰ ਲਿਆ। ਇਸ ਤੋਂ ਬਾਅਦ ਉਸ ਨੇ ਅਭਿਨਵ ਬਿੰਦਰਾ ਫਾਊਂਡੇਸ਼ਨ ਬਣਾਈ। ਬਿਨਾਂ ਕਿਸੇ ਲਾਭ ਤੋਂ ਇਹ ਸੰਸਥਾ ਸਪੋਰਟਸ ਸਾਇੰਸ, ਤਕਨਾਲੋਜੀ, ਵਧੀਆ ਪ੍ਰਦਰਸ਼ਨ ਲਈ ਫਿਜ਼ੀਕਲ ਟਰੇਨਿੰਗ ਉਤੇ ਕੰਮ ਕਰਦੀ ਹੈ।

ਸੁਨਹਿਰਾ ਨਿਸ਼ਾਨਚੀ ‘ਅਭਿਨਵ ਬਿੰਦਰਾ’

PunjabKesari

ਅਭਿਨਵ ਬਿੰਦਰਾ ਵੀ ਹਾਕੀ ਖਿਡਾਰੀ ਧਿਆਨ ਚੰਦ ਤੇ ਬਲਬੀਰ ਸਿੰਘ ਸੀਨੀਅਰ ਵਾਂਗ ਸਹੀ ਮਾਅਨਿਆਂ ਵਿਚ 'ਭਾਰਤ ਰਤਨ' ਦਾ ਹੱਕਦਾਰ ਹੈ। ਬਿੰਦਰਾ ਸਭ ਤੋਂ ਛੋਟੀ ਉਮਰੇ 'ਅਰਜੁਨ ਐਵਾਰਡ' ਅਤੇ 'ਰਾਜੀਵ ਗਾਂਧੀ ਖੇਲ ਰਤਨ' ਪੁਰਸਕਾਰ ਹਾਸਲ ਕਰਨ ਵਾਲਾ ਖਿਡਾਰੀ ਹੈ। ਉਸ ਨੂੰ ਭਾਰਤ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ, ਨਿਸ਼ਾਨੇਬਾਜ਼ੀ ਖੇਡ ਦਾ ਸਰਵਉੱਚ ਅਤੇ ਭਾਰਤੀ ਖੇਡ ਦਾ ਸਰਵੋਤਮ ਸਨਮਾਨ ਮਿਲ ਚੁੱਕਾ ਹੈ। ਅਭਿਨਵ ਨੂੰ 2000 ਵਿਚ 'ਅਰਜੁਨ ਐਵਾਰਡ', 2002 ਵਿਚ ਭਾਰਤ ਦਾ ਸਭ ਤੋਂ ਵੱਡਾ ਖੇਡ ਐਵਾਰਡ 'ਰਾਜੀਵ ਗਾਂਧੀ ਖੇਲ ਰਤਨ' ਅਤੇ 2009 ਵਿਚ ਭਾਰਤ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ 'ਪਦਮਾ ਭੂਸ਼ਣ' ਮਿਲ ਚੁੱਕਾ ਹੈ। ਨਿਸ਼ਾਨੇਬਾਜ਼ੀ ਖੇਡ ਦੀ ਕੌਮਾਂਤਰੀ ਸੰਸਥਾ 'ਇੰਟਰਨੈਸ਼ਨਲ ਸ਼ੂਟਿੰਗ ਸਪੋਰਟ ਫੈਡਰੇਸ਼ਨ' (ਆਈ.ਐੱਸ.ਐੱਸ.ਐੱਫ.) ਨੇ ਭਾਰਤ ਦੇ ਇਸ ਸੁਨਹਿਰੀ ਨਿਸ਼ਾਨਚੀ ਨੂੰ ਨਿਸ਼ਾਨੇਬਾਜ਼ੀ ਖੇਡ ਦਾ ਸਰਵੋਤਮ ਸਨਮਾਨ 'ਬਲਿਊ ਕਰਾਸ' ਨਾਲ ਸਨਮਾਨਤ ਕੀਤਾ। 2016 ਦੀਆਂ ਰੀਓ ਓਲੰਪਿਕ ਖੇਡਾਂ ਵਿਚ ਉਸ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਗੁੱਡਵਿੱਲ ਅੰਬੈਡਸਰ ਨਿਯੁਕਤ ਕੀਤਾ। 2010 ਦੀਆਂ ਰਾਸ਼ਟਰਮੰਡਲ ਖੇਡਾਂ, ਜਿਸ ਦੀ ਭਾਰਤ ਨੇ ਪਹਿਲੀ ਵਾਰ ਮੇਜ਼ਬਾਨੀ ਕੀਤੀ ਸੀ, ਵਿਚ ਉਹ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਹੋਏ ਉਦਘਾਟਨੀ ਸਮਾਰੋਹ ਵਿਚ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਸੀ।

ਭਾਰਤੀ ਸੈਨਾ ਉਸ ਨੂੰ ਆਨਰੇਰੀ ਲੈਫਟੀਨੈਂਟ ਕਰਨਲ ਦੇ ਰੈਂਕ ਨਾਲ ਵੀ ਸਨਮਾਨ ਦੇ ਚੁੱਕੀ ਹੈ। ਐੱਸ.ਆਰ.ਐੱਮ. ਯੂਨੀਵਰਸਿਟੀ ਅਮਰਾਵਤੀ ਵਲੋਂ ਅਭਿਨਵ ਨੂੰ ਆਨਰੇਰੀ ਡਾਕਟਰੇਟ (ਡੀ.ਲਿਟ) ਦੀ ਡਿਗਰੀ ਦਿੱਤੀ ਗਈ। ਅਸਾਮ ਦੀ ਕਾਜ਼ੀਰੰਗਾ ਯੂਨੀਵਰਸਿਟੀ ਨੇ ਡੀ.ਫਿਲ ਦੀ ਡਿਗਰੀ ਦਿੱਤੀ। ਉਹ ਕੌਮਾਂਤਰੀ ਓਲੰਪਿਕ ਕਮੇਟੀ ਅਥਲੀਟ ਕਮਿਸ਼ਨ ਦਾ ਮੌਜੂਦਾ ਮੈਂਬਰ ਹੈ। ਅਭਿਨਵ ਖੇਡਾਂ ਦੇ ਨਾਲ ਪੜ੍ਹਾਈ ਵਿਚ ਵੀ ਮੋਹਰੀ ਰਿਹਾ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਫਲੋਰੀਡਾ ਤੋਂ ਉਸ ਨੇ ਬੀ.ਬੀ.ਏ. ਪਾਸ ਕੀਤੀ ਹੈ। ਖੇਡਾਂ ਤੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਨਵੀਆਂ ਤਕਨੀਕਾਂ ਤੇ ਖੋਜਾਂ ਨੂੰ ਲਿਆਉਣ ਵਾਲੀ ਸੰਸਥਾ ਅਭਿਨਵ ਬਿੰਦਰਾ ਫਿਊਚਰਸਟਿਕ ਲਿਮਟਿਡ ਦਾ ਉਹ ਸੀ.ਈ.ਓ.ਹੈ। ਅਭਿਨਵ ਨੇ 2011 ਵਿਚ ਆਪਣੇ ਖੇਡ ਸਫਰ 'ਤੇ ਸਵੈ-ਜੀਵਨੀ 'ਏ ਸ਼ੂਟ ਐਟ ਹਿਸਟਰੀ: ਮਾਈ ਓਬੈਸਿਸਵ ਜਰਨੀ ਟੂ ਓਲੰਪਿਕ ਗੋਲਡ' ਵੀ ਜਿਹੜੀ ਹਾਰਪਰ ਸਪੋਰਟ ਨੇ ਪ੍ਰਕਾਸ਼ਿਤ ਕੀਤੀ।

2008 ਦੀਆਂ ਬੀਜਿੰਗ ਓਲੰਪਿਕ ਖੇਡਾਂ ’ਚ ਜਿੱਤਿਆ ਸੋਨ ਤਮਗਾ ਦਿਖਾਉਂਦੇ ਅਭਿਨਵ ਬਿੰਦਰਾ

PunjabKesari

ਇਸ ਵਿਚ ਖੇਡ ਲੇਖਕ ਰੋਹਿਤ ਬ੍ਰਿਜਨਾਥ ਉਸ ਦੇ ਸਹਿ ਲੇਖਕ ਸਨ। ਅਭਿਨਵ ਦੀ ਜ਼ਿੰਦਗੀ 'ਤੇ ਬਾਇਓ ਪਿਕ ਵੀ ਬਣ ਰਹੀ ਹੈ, ਜਿਸ ਵਿਚ ਉਸ ਹਰਸ਼ਵਰਧਨ ਕਪੂਰ ਮੁੱਖ ਕਿਰਦਾਰ ਨਿਭਾ ਰਿਹਾ ਹੈ। ਓਲੰਪਿਕ ਚੈਂਪੀਅਨ ਬਣਨ 'ਤੇ ਉਸ ਨੂੰ ਨਗਦ ਇਨਾਮ ਦੇਣ ਦੀਆਂ ਝੜੀਆਂ ਲੱਗ ਗਈਆਂ। ਪੰਜਾਬ ਸਰਕਾਰ ਨੇ 1 ਕਰੋੜ ਰੁਪਏ, ਭਾਰਤ ਸਰਕਾਰ ਨੇ 50 ਲੱਖ ਰੁਪਏ, ਹਰਿਆਣਾ ਸਰਕਾਰ ਨੇ 25 ਲੱਖ ਰੁਪਏ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ 25 ਲੱਖ ਰੁਪਏ, ਸਟੀਲ ਮੰਤਰਾਲੇ ਤੇ ਪੁਣੇ ਨਗਰ ਨਿਗਮ ਨੇ 15 ਲੱਖ ਰੁਪਏ ਦਿੱਤੇ। ਹੋਰਨਾਂ ਵੀ ਸੂਬਿਆਂ ਦੀਆਂ ਸਰਕਾਰਾਂ, ਸਰਕਾਰੀ ਵਿਭਾਗਾਂ, ਅਦਾਰਿਆਂ ਨੇ ਨਗਦ ਇਨਾਮ ਦਿੱਤੇ। ਪ੍ਰਾਈਵੇਟ ਸੰਸਥਾਵਾਂ ਵਲੋਂ ਵੀ ਸਨਮਾਨ ਮਿਲੇ, ਜਿਨ੍ਹਾਂ ਵਲੋਂ ਮਿੱਤਲ ਚੈਂਪੀਅਨਜ਼ ਟਰੱਸਟ ਨੇ ਡੇਢ ਕਰੋੜ ਰੁਪਏ ਨਾਲ ਸਨਮਾਨਤ ਕੀਤਾ। ਰੇਲਵੇ ਵਲੋਂ ਉਮਰ ਭਰ ਲਈ ਰੇਲਵੇ ਪਾਸ ਅਤੇ ਕੇਰਲਾ ਸਰਕਾਰ ਨੇ ਸ਼ੁੱਧ ਸੋਨੇ ਦੇ ਤਮਗੇ ਨਾਲ ਸਨਮਾਨਿਆ।

ਜ਼ੀਰਕਪੁਰ ਨੇੜੇ ਬਿੰਦਰਾ ਫਾਰਮ ਵਿਚ ਆਪਣੇ ਘਰ ਬਣਾਈ ਸ਼ੂਟਿੰਗ ਰੇਂਜ ਵਿਚ ਬਿੰਦਰਾ ਨੇ ਛੋਟੇ ਹੁੰਦਿਆਂ ਹੋਰਨਾਂ ਖਿਡਾਰੀਆਂ ਵਾਂਗ ਓਲੰਪਿਕ ਜਿੱਤਣ ਦਾ ਸੁਫਨਾ ਸੰਜੋਇਆ ਸੀ। ਉਹ ਦੇਸ਼ ਦਾ ਇਕਲੌਤਾ ਖੁਸ਼ਨਸੀਬ ਖਿਡਾਰੀ ਹੈ, ਜਿਸ ਨੇ ਇਸ ਸੁਫਨੇ ਨੂੰ ਸੱਚ ਕਰ ਵਿਖਾਇਆ। ਅਰਜੁਨ ਵਾਂਗ ਬਿੰਦਰਾ ਨੇ ਵੀ ਓਲੰਪਿਕ ਖੇਡਾਂ ਨੂੰ ਮੱਛਲੀ ਦੀ ਅੱਖ ਵਾਂਗ ਨਿਸ਼ਾਨੇ 'ਤੇ ਰੱਖਿਆ ਸੀ, ਜਿਸ ਨੂੰ ਪੂਰਾ ਕਰਨ ਲਈ ਉਹ 18 ਵਰ੍ਹਿਆਂ ਦੀ ਉਮਰੇ ਹੀ ਓਲੰਪਿਕ ਦੇ ਮਹਾਂਕੁੰਭ ਵਿਚ ਨਿੱਤਰ ਪਿਆ ਸੀ। 10 ਮੀਟਰ ਏਅਰ ਰਾਈਫਲ ਈਵੈਂਟ ਵਾਲਾ ਬਿੰਦਰਾ ਸਿਡਨੀ ਓਲੰਪਿਕ ਖੇਡਾਂ (2000) ਵਿਚ ਸਭ ਤੋਂ ਛੋਟੀ ਉਮਰ ਦਾ ਨਿਸ਼ਾਨੇਬਾਜ਼ ਸੀ। ਇਸ ਤੋਂ ਪਹਿਲਾਂ ਉਸ ਨੇ 15 ਵਰ੍ਹਿਆਂ ਦੀ ਉਮਰੇ 1998 ਦੀਆਂ ਕੁਆਲਾਲੰਪਰ ਰਾਸ਼ਟਰਮੰਡਲ ਖੇਡਾਂ ਵਿਚ ਵੀ ਹਿੱਸਾ ਲਿਆ ਸੀ। ਕੌਮਾਂਤਰੀ ਪੱਧਰ 'ਤੇ ਅਭਿਨਵ ਦੀ ਪਹਿਲੀ ਵੱਡੀ ਪਛਾਣ 2001 ਵਿਚ ਬਣੀ, ਜਦੋਂ ਉਸ ਨੇ ਮਿਊਨਿਖ ਵਿਸ਼ਵ ਕੱਪ ਵਿਚ ਕਾਂਸੀ ਦਾ ਤਮਗਾ ਜਿੱਤ ਕੇ ਪਹਿਲੀ ਵਾਰ ਖੇਡ ਪ੍ਰੇਮੀਆਂ ਦਾ ਧਿਆਨ ਖਿੱਚਿਆ।

ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟੇਲ ਦੇ ਨਾਲ ਅਭਿਨਵ ਬਿੰਦਰਾ

PunjabKesari

2006 ਵਿਚ ਅਭਿਨਵ ਦਾ ਖੇਡ ਕਰੀਅਰ ਉਸ ਵੇਲੇ ਸਿਖਰ 'ਤੇ ਪਹੁੰਚਿਆ ਸੀ, ਜਦੋਂ ਉਸ ਨੇ ਜ਼ੈਗਰੇਬ ਵਿਖੇ ਵਿਸ਼ਵ ਚੈਂਪੀਅਨ ਬਣ ਕੇ ਭਾਰਤ ਨੂੰ ਪਹਿਲੀ ਵਾਰ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ ਦਾ ਸੋਨ ਤਮਗਾ ਦਿਵਾਇਆ। ਉਸ ਦੇ ਨਾਲ ਇਹੋ ਪ੍ਰਾਪਤੀ ਪੰਜਾਬ ਦੇ ਇਕ ਹੋਰ 'ਖੇਡ ਰਤਨ' ਮਾਨਵਜੀਤ ਸਿੰਘ ਸੰਧੂ ਨੇ ਵੀ ਦਿਵਾਈ ਸੀ। ਉਸੇ ਸਾਲ ਜਦੋਂ ਉਸ ਦਾ ਖੇਡ ਕਰੀਅਰ ਸਿਖਰਾਂ ਵੱਲ ਵੱਧ ਰਿਹਾ ਸੀ ਤਾਂ ਪਿੱਠ ਦੀ ਦਰਦ ਕਾਰਨ ਉਹ ਇਕ ਸਾਲ ਸ਼ੂਟਿੰਗ ਰੇਂਜ ਤੋਂ ਦੂਰ ਰਿਹਾ। ਉਸ ਸਮੇਂ ਉਸ ਲਈ ਰਾਈਫਲ ਉਠਾਉਣੀ ਵੀ ਮੁਸ਼ਕਲ ਹੋ ਗਈ ਸੀ। ਇਸ ਸਮੇਂ ਦੌਰਾਨ ਦੋਹਾ ਏਸ਼ਿਆਈ ਖੇਡਾਂ ਵਿਚ ਹਿੱਸਾ ਨਾ ਲੈਣ ਕਾਰਨ ਉਸ ਦੀ ਆਲੋਚਨਾ ਵੀ ਹੋਈ, ਜਿਸ ਦਾ ਉਸ ਨੇ ਦੋ ਸਾਲ ਬਾਅਦ ਬੀਜਿੰਗ ਵਿਚ ਜਵਾਬ ਦਿੱਤਾ।

2004 ਦੀਆਂ ਏਥਨਜ਼ ਓਲੰਪਿਕ ਖੇਡਾਂ ਵਿਚ ਆਖਰੀ ਰਾਊਂਡ ਤੱਕ ਤੀਜੇ ਸਥਾਨ 'ਤੇ ਚੱਲਦਿਆਂ ਉਹ ਆਖਰ ਫਾਈਨਲ ਵਿਚ ਕਾਂਸੀ ਦੇ ਤਮਗੇ ਤੋਂ ਖੁੰਝ ਗਿਆ ਪਰ ਉਸ ਦਾ ਨਿਸ਼ਾਨਾ ਤਾਂ ਸੋਨੇ ਉਪਰ ਸੀ। ਚਾਰ ਵਰ੍ਹਿਆਂ ਬਾਅਦ ਬਿੰਦਰਾ ਨੇ 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ, ਜਿੱਥੇ ਉਹ ਫਾਈਨਲ ਤੱਕ ਚੌਥੇ ਸਥਾਨ 'ਤੇ ਚੱਲ ਰਿਹਾ ਸੀ। ਬਿੰਦਰਾ ਨੇ ਅਰਜੁਨ ਦੀ ਅੱਖ ਵਾਂਗ ਓਲੰਪਿਕ ਸੋਨੇ ਰੂਪੀ ਮੱਛਲੀ ਦੀ ਅੱਖ ਨੂੰ ਫੁੰਡਦਿਆਂ 700.5 ਅੰਕ ਲੈ ਕੇ ਭਾਰਤ ਨੂੰ ਪਹਿਲੀ ਵਾਰ ਵਿਅਕਤੀਗਤ ਖੇਡਾਂ ਵਿਚ ਓਲੰਪਿਕ ਚੈਂਪੀਅਨ ਬਣਨ ਦਾ ਮਾਣ ਬੀਜਿੰਗ ਦੀ ਲੁਸੇਲ ਰੇਂਜ ਵਿਖੇ 10 ਅਗਸਤ ਨੂੰ ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਰਾਈਫ਼ਲ ਈਵੈਂਟ ਵਿਚ ਸੋਨ ਤਮਗਾ ਜਿੱਤਦਿਆਂ ਹੀ ਪੰਜਾਬ ਦਾ ਅਭਿਨਵ ਬਿੰਦਰਾ ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਭਾਰਤ ਲਈ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਗਿਆ।

ਅਭਿਨਵ ਨੇ ਉਸ ਸਮੇਂ ਸੋਨ ਤਮਗਾ ਜਿੱਤ ਕੇ ਭਾਰਤ ਦਾ 28 ਸਾਲਾਂ ਦਾ ਸੋਕਾ ਖ਼ਤਮ ਕੀਤਾ ਸੀ। ਉਸ ਤੋਂ ਪਹਿਲਾਂ ਭਾਰਤ ਨੇ 1980 ਵਿਚ ਮਾਸਕੋ ਓਲੰਪਿਕ ਖੇਡਾਂ ਵਿਚ ਹਾਕੀ ਖੇਡ ਵਿਚ ਸੋਨ ਤਮਗਾ ਜਿੱਤਿਆ ਸੀ। 28 ਵਰ੍ਹਿਆਂ ਬਾਅਦ ਅਭਿਨਵ ਦੀ ਬਦੌਲਤ ਮੁੜ 'ਜਨ ਗਣ ਮਨ' ਓਲੰਪਿਕ ਫਿਜ਼ਾ ਵਿਚ ਗੂੰਜਿਆ। ਉਸ ਨੇ ਇਹ ਪ੍ਰਾਪਤੀ ਏਥਨਜ਼ ਓਲੰਪਿਕ ਖੇਡਾਂ ਦੇ ਚੈਂਪੀਅਨ ਚੀਨ ਦੇ ਕਿਨਾਨ ਜੂ ਨੂੰ ਉੁਨ੍ਹਾਂ ਦੇ ਦਰਸ਼ਕਾਂ ਵਿਚ ਹਰਾ ਕੇ ਹਾਸਲ ਕੀਤੀ ਸੀ। ਜ਼ੂ ਨੇ 699.7 ਸਕੋਰ ਨਾਲ ਚਾਂਦੀ ਅਤੇ ਫਿਨਲੈਂਡ ਦੇ ਹੈਨਰੀ ਹੈਕਿਨਨ ਨੇ 699.4 ਸਕੋਰ ਨਾਲ ਕਾਂਸੀ ਦਾ ਤਮਗਾ ਜਿੱਤਿਆ ਸੀ।

ਅਭਿਨਵ ਬਿੰਦਰਾ ਦੀ ਖੁਸ਼ੀ ’ਚ ਸ਼ਾਮਲ ਉਸ ਦੇ ਪਿਤਾ

PunjabKesari

ਸ਼ੂਟਿੰਗ ਰੇਂਜ ਵਿਖੇ ਜਿਉੁਂ ਅਭਿਨਵ ਨੂੰ ਸੋਨ ਤਮਗਾ ਪਹਿਨਾਏ ਜਾਣ ਤੋਂ ਬਾਅਦ ਤਿਰੰਗਾ ਚੜ੍ਹਾਉਂਦਿਆਂ ਕੌਮੀ ਤਰਾਨਾ ਵਜਾਇਆ ਗਿਆ ਤਾਂ ਰੇਂਜ ਅੰਦਰ ਵੱਡੀ ਵਿਚ ਪੁੱਜੇ ਭਾਰਤੀ ਵਾਸੀ ਫ਼ਖਰ² ਨਾਲ ਸਿਰ ਉਪਰ ਕਰ ਕੇ 'ਜਨ ਗਨ ਮਨ…..'ਉਚਾਰਨ ਲੱਗੇ ਸਨ। 28 ਸਾਲਾਂ ਬਾਅਦ ਆਏ ਇਸ ਪਲ ਦਾ ਮੈਨੂੰ ਗਵਾਹ ਬਣਨ ਦਾ ਮੌਕਾ ਮਿਲਿਆ। ਉਸ ਵੇਲੇ ਮੈਂ 'ਪੰਜਾਬੀ ਟ੍ਰਿਬਿਊਨ' ਤਰਫੋਂ ਬੀਜਿੰਗ ਵਿਖੇ ਓਲੰਪਿਕ ਖੇਡਾਂ ਦੀ ਕਵਰੇਜ਼ ਲਈ ਆਇਆ ਸੀ। ਉਸ ਵੇਲੇ ਹਰ ਭਾਰਤੀ ਆਪਣੇ ਆਪ ਨੂੰ ਜੋੜਨਾ ਚਾਹੁੰਦਾ ਸੀ। ਉਸ ਵੇਲੇ ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਰਾਈਫ਼ਲ ਈਵੈਂਟ ਗੇੜ ਵਿਚ ਅਭਿਨਵ ਦੇ ਚੌਥੇ ਨੰਬਰ ਉਤੇ ਆਉਣ ਪਿਛੋਂ ਚੀਨ ਪਹੁੰਚੇ ਸਮੂਹ ਭਾਰਤੀਆਂ ਨੇ ਨਿਸ਼ਾਨੇਬਾਜ਼ੀ ਰੇਂਜ ਵੱਲ ਵਹੀਰਾਂ ਘੱਤ ਲਈਆਂ ਸਨ ਅਤੇ ਅਸੀਂ ਵੀ ਮੀਡੀਆ ਬੱਸ ਵਿੱਚ ਬੈਠੇ ਡਰਾਈਵਰ ਨੂੰ ਤੇਜ਼ ਭਜਾਉਣ ਲਈ ਕਹਿ ਰਹੇ ਸੀ। ਦੇਖਦਿਆਂ-ਦੇਖਦਿਆਂ ਹੀ ਸ਼ੂਟਿੰਗ ਰੇਂਜ ਵਿਖੇ ਭਾਰਤੀ ਓਲੰਪਿਕ ਸੰਘ, ਖੇਡ ਮੰਤਰਾਲੇ, ਖੇਡ ਦਲਾਂ ਦੇ ਅਧਿਕਾਰੀਆਂ, ਪੱਤਰਕਾਰਾਂ ਦੀ ਭੀੜ ਇਕੱਠੀ ਹੋ ਗਈ। ਇਨ੍ਹਾਂ ਸਾਰਿਆਂ ਦੀ ਭੱਜ-ਨੱਠ ਨੂੰ ਉਸ ਵੇਲੇ ਬੂਰ ਪਿਆ ਜਦੋਂ ਅਭਿਨਵ ਬਿੰਦਰਾ ਨੇ ਫਾਈਨਲ ਵਿਚ ਸਾਰੇ ਛੇ ਨਿਸ਼ਾਨਿਆਂ 'ਤੇ ਕ੍ਰਮਵਾਰ 10.5, 10.6, 10.0, 10.2, ਤੇ 10.8 ਸਕੋਰ ਹਾਸਲ ਕਰਦਿਆਂ ਭਾਰਤ ਲਈ ਚਿਰਾਂ ਬਾਅਦ ਪਹਿਲਾ ਸੋਨ ਤਮਗਾ ਫ਼ੁੰਡ ਲਿਆ।

ਫ਼ਾਈਨਲ ਗੇੜ ਤੋਂ ਪਹਿਲਾਂ ਅਭਿਨਵ ਦਾ ਸਕੋਰ 596 ਸੀ ਅਤੇ ਕਾਂਸੀ ਦੇ ਤਮਗੇ ਵਾਲੇ ਹੈਨਰੀ ਦਾ 598 ਤੇ ਚਾਂਦੀ ਦੇ ਤਮਗੇ ਵਾਲੇ ਜ਼ੂ ਦਾ 597 ਸੀ। ਚੌਥੇ ਨੰਬਰ 'ਤੇ ਆਏ ਐਲਿਨਲ ਜੌਰਜ ਦਾ ਸਕੋਰ ਅਭਿਨਵ ਨਾਲ 596 ਬਰਾਬਰ ਹੀ ਸੀ। ਫਾਈਨਲ ਵਿਚ ਅਭਿਨਵ ਨੇ ਬਿਨਾਂ ਕਿਸੇ ਦਬਾਅ ਦੇ ਪਹਿਲੇ, ਦੂਜੇ ਤੇ ਛੇਵੇਂ ਨਿਸ਼ਾਨੇ ਵਿਚ ਬਿਹਤਰੀਨ ਨਿਸ਼ਾਨਾ ਲਾਇਆ ਅਤੇ ਉਸ ਨੇ ਚੀਨ ਦੇ ਕਿਨਾਨ ਜ਼ੂ ਤੋਂ 0.8  ਸਕੋਰ ਦੇ ਫ਼ਰਕ ਨਾਲ ਤਮਗਾ ਖੋਹਿਆ। ਚੀਨੀ ਨਿਸ਼ਾਨੇਬਾਜ਼ ਜ਼ੂ ਦਾ ਅਭਿਨਵ ਹੱਥੋਂ ਸੋਨੇ ਦਾ ਤਮਗਾ ਖੁੱਸਣ ਦਾ ਦੁੱਖ ਪ੍ਰੈੱਸ ਕਾਨਫ਼ਰੰਸ ਵਿਚ ਉਸ ਦੇ ਹੰਝੂਆਂ ਨਾਲ ਵਹਿਆ। ਉਹ ਪ੍ਰੈੱਸ ਕਾਨਫਰੰਸ ਵਿਚ ਫੁੱਟ-ਫੁੱਟ ਕੇ ਰੋਇਆ। ਇਹ ਉਹੀ ਜ਼ੂ ਸੀ ਜਿਸ ਨੇ ਚਾਰ ਸਾਲ ਪਹਿਲਾਂ ਏਥਨਜ਼ ਵਿਖੇ ਸੋਨ ਤਮਗਾ ਜਿੱਤਿਆ ਸੀ ਜਦੋਂ ਅਭਿਨਵ ਸੱਤਵੇਂ ਸਥਾਨ 'ਤੇ ਰਹਿ ਗਿਆ ਸੀ। ਚੀਨੀ ਨਿਸ਼ਾਨੇਬਾਜ਼ ਕਿਨਾਨ ਜ਼ੂ ਬੀਜਿੰਗ ਵਿਚ ਆਪਣੇ ਘਰ ਵਿਚ ਅਭਿਨਵ ਹੱਥੋਂ ਹਾਰਿਆ ਅਤੇ ਆਪਣੇ ਦੇਸ਼ ਵਾਸੀਆਂ ਮੂਹਰੇ ਉਸ ਨੂੰ ਚਾਂਦੀ ਦੇ ਤਮਗੇ 'ਤੇ ਸਬਰ ਕਰਨਾ ਪਿਆ ਸੀ। ਇਸ ਮੌਕੇ ਉਸ ਦਾ ਰੋਣਾ ਸੁਭਾਵਕ ਹੀ ਸੀ, ਕਿਉਂਕਿ ਚੀਨੀ ਖੇਡ ਪ੍ਰੇਮੀ ਆਪਣੇ ਇਸ ਨਿਸ਼ਾਨਚੀ ਤੋਂ ਦੋਹਰੇ ਸੋਨ ਤਮਗੇ ਦੀ ਆਸ ਲਗਾਈ ਬੈਠੇ ਸੀ। ਚੀਨੀ ਖੇਡ ਪ੍ਰੇਮੀ ਅਭਿਨਵ ਨੂੰ ਸਾਰੀ ਉਮਰ ਇਸ ਕੌੜੀ ਯਾਦ ਲਈ ਨਹੀਂ ਭੁੱਲਣਗੇ।

ਅਭਿਨਵ ਬਿੰਦਰਾ ਲੇਖਕ ਨਵਦੀਪ ਸਿੰਘ ਗਿੱਲ ਦੇ ਨਾਲ 

PunjabKesari

ਸਾਊ, ਸ਼ਰਮਾਕਲ ਅਤੇ ਘੱਟ ਬੋਲਣ ਵਾਲੇ ਬਿੰਦਰਾ ਦੇ ਚੈਂਪੀਅਨ ਬਣਨ ਤੋਂ ਬਾਅਦ ਵੀ ਚਿਹਰੇ ਉਪਰ ਕੋਈ ਹਾਵ-ਭਾਵ ਨਹੀਂ ਬਦਲੇ। ਉਥੇ ਮੌਜੂਦ ਤਤਕਾਲੀ ਖੇਡ ਮੰਤਰੀ ਡਾ. ਮਨੋਹਰ ਸਿੰਘ ਗਿੱਲ, ਭਾਰਤੀ ਓਲੰਪਿਕ ਸੰਘ ਦੇ ਜਨਰਲ ਸਕੱਤਰ ਰਾਜਾ ਰਣਧੀਰ ਸਿੰਘ ਬਿੰਦਰਾ ਨਾਲੋਂ ਵੱਧ ਉਤਾਵਲੇ ਸਨ। ਬਿੰਦਰਾ ਦਾ ਸ਼ਾਂਤ-ਚਿੱਤ ਸੁਭਾਅ ਹੀ ਉਸ ਦੀ ਵੱਡੀ ਤਾਕਤ ਹੈ, ਜਿਸ ਨਾਲ ਉਸ ਦੀ ਇਕਾਗਰਤਾ ਨਿਸ਼ਾਨੇ ਉਪਰ ਹੁੰਦੀ ਹੈ। ਇੰਟਰਵਿਊ ਦੌਰਾਨ ਮੈਂ ਉਸ ਨੂੰ ਕਈ ਵਾਰ ਉਕਸਾਇਆ ਕਿ ਪੰਜਾਬੀ ਵਿਚ 'ਬੱਲੇ-ਬੱਲੇ' ਜਾਂ ਕੋਈ ਹੋਰ ਲਲਕਾਰਾ ਮਾਰ ਕੇ ਖੁਸ਼ੀ ਸਾਂਝੀ ਕਰੇ ਪਰ ਉਹ ਸੋਨ ਤਮਗਾ ਜਿੱਤਣ ਤੋਂ ਬਾਅਦ ਇੰਨਾ ਸ਼ਾਂਤ ਚਿੱਤ ਸੀ ਜਿੰਨਾ ਉਹ ਈਵੈਂਟ ਵਿਚ ਹਿੱਸਾ ਲੈਣ ਤੋਂ ਪਹਿਲਾਂ ਇਕਾਗਰ ਚਿੱਤ ਸੀ। ਓਲੰਪਿਕ ਸੋਨ ਤਮਗਾ ਜਿੱਤਣ ਤੋਂ ਬਾਅਦ ਅਭਿਨਵ ਬਿੰਦਰਾ ਨੇ ਉਸ ਵੇਲੇ ਪ੍ਰੈੱਸ ਕਾਨਫਰੰਸ 'ਚ ਕਿਹਾ, ''ਹਰ ਖਿਡਾਰੀ ਦਾ ਜਿੰਦਗੀ 'ਚ ਇਕ ਖ਼ਾਸ ਦਿਨ ਆਉਂਦਾ ਹੈ ਅਤੇ ਅੱਜ ਮੇਰਾ ਦਿਨ ਸੀ ਅਤੇ ਮੈਂ ਭਾਰਤ ਲਈ ਸੋਨ ਤਮਗਾ ਜਿੱÎਤਿਆ।''

ਸੋਨ ਤਮਗਾ ਫ਼ੁੰਡਣ ਪਿਛੋਂ ਅਭਿਨਵ ਨੇ ਕ੍ਰਿਕਟ ਉਤੇ ਅਸਿੱਧਾ ਨਿਸ਼ਾਨਾ ਲਾਉੁਂਦਿਆਂ ਕਿਹਾ ਕਿ ਭਾਰਤ ਵਿਚ ਓਲੰਪਿਕ ਖੇਡਾਂ ਦੀ ਵੁੱਕਤ ਘੱਟ ਸੀ ਅਤੇ ਹੁਣ ਇਸ ਤਮਗੇ ਨਾਲ ਓਲੰਪਿਕ ਖੇਡਾਂ ਦੀ ਕਦਰ ਪਵੇਗੀ। ਸ਼ਾਂਤ ਚਿੱਤ ਸੁਭਾਅ 'ਤੇ ਅਭਿਨਵ ਨੇ ਕਿਹਾ ਕਿ ਉਸ ਨੂੰ ਜਿੱਤ ਦੀ ਖ਼ੁਸ਼ੀ ਸ਼ਬਦਾਂ ਵਿਚ ਬਿਆਨ ਕਰਨੀ ਔਖੀ ਹੈ ਪਰ ਉਹ ਜਰਮਨੀ 'ਚ ਕੀਤੀ ਕੋਚਿੰਗ ਅਤੇ ਅਪਣੇ ਮਾਪਿਆਂ ਦੇ ਯੋਗਦਾਨ ਨੂੰ ਹੀ ਪ੍ਰਾਪਤੀ ਦਾ ਕਾਰਨ ਮੰਨਦਾ ਹੈ। ਅਭਿਨਵ ਬਿੰਦਰਾ ਨੇ ਇਧਰ ਓਲੰਪਿਕ ਖੇਡਾਂ ਵਿਚ ਇਤਿਹਾਸ ਰਚਿਆ ਉਧਰ ਉਸ ਉਪਰ ਨਗਦ ਇਨਾਮਾਂ ਤੇ ਹੋਰ ਕਈ ਸਨਮਾਨਾਂ ਦੀ ਝੜੀ ਲੱਗ ਗਈ।

ਅਭਿਨਵ ਬਿੰਦਰਾ ਨੇ ਭਾਰਤ ਪਹੁੰਚ ਕੇ ਇਹ ਬਿਆਨ ਦੇ ਦਿੱਤਾ ਕਿ ਫਾਈਨਲ ਮੁਕਾਬਲੇ ਤੋਂ ਪਹਿਲਾਂ ਉਸ ਦੀ ਬੰਦੂਕ ਨਾਲ ਛੇੜਖਾਨੀ ਕੀਤੀ ਅਤੇ ਇਸ ਸਬੰਧੀ ਬਿਆਨ ਤੋਂ ਬਾਅਦ ਓਲੰਪਿਕ ਖੇਡਾਂ ਦੇ ਪ੍ਰਬੰਧਕਾਂ ਅਤੇ ਓਲੰਪਿਕ ਪਿੰਡ ਦੇ ਨਿਸ਼ਾਨੇਬਾਜ਼ੀ ਰੇਂਜ ਦੇ ਸੁਰੱਖਿਆ ਕਰਮੀਆਂ ਨੂੰ ਇਸ ਗੱਲ ਦੀ ਹੱਥਾਂ ਪੈਰਾਂ ਦੀ ਪੈ ਗਈ ਸੀ। ਪ੍ਰਬੰਧਕਾਂ ਤੇ ਸੁਰੱਖਿਆ ਕਰਮੀਆਂ ਵਲੋਂ ਕੀਤੀ ਪੜਤਾਲ ਤੋਂ ਬਾਅਦ ਅਭਿਨਵ ਨੇ ਵੀ ਛੇੜਛਾੜ ਤੋਂ ਇਨਕਾਰ ਕੀਤਾ ਅਤੇ ਇਸ ਸਬੰਧੀ ਬਿਆਨ ਦੇਣ ਵਾਲੇ ਸ੍ਰੀ ਸੇਠੀ ਨੇ ਛੇੜਛਾੜ ਤੋਂ ਨਾਂਹ ਕੀਤੀ। ਇਸ ਗੱਲ ਬਾਰੇ ਹਾਲੇ ਤੱਕ ਰਹੱਸ ਹੀ ਬਣਿਆ ਹੋਇਆ ਹੈ ਕਿ ਅਸਲ ਵਿੱਚ ਕੀ ਹੋਇਆ ਸੀ।

2008 ਦੀਆਂ ਬੀਜਿੰਗ ਓਲੰਪਿਕ ਖੇਡਾਂ ’ਚ ਤਿਰੰਗੇ ਝੰਡਾ ਲਹਿਰਾ ਰਹੇ ਅਭਿਨਵ ਬਿੰਦਰਾ

PunjabKesari

ਅਭਿਨਵ ਬਿੰਦਰਾ ਨੇ ਪੰਜ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ ਹੈ। ਉਸ ਨੇ 2000 ਵਿਚ ਸਿਡਨੀ, 2004 ਵਿਚ ਏਥਨਜ਼, 2008 ਵਿਚ ਬੀਜਿੰਗ, 2012 ਵਿਚ ਲੰਡਨ ਅਤੇ 2016 ਵਿਚ ਰੀਓ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ ਹੈ। ਬੀਜਿੰਗ ਵਿਖੇ ਚੈਂਪੀਅਨ ਬਣਨ ਵਾਲਾ ਅਭਿਨਵ ਚਾਰ ਵਾਰ ਓਲੰਪਿਕ ਖੇਡਾਂ ਦੇ ਫਾਈਨਲ ਖੇਡਣ ਦਾ ਮਾਣ ਵੀ ਹਾਸਲ ਕਰ ਚੁੱਕਾ ਹੈ। ਦੋ ਵਾਰ ਉਹ ਤਮਗੇ ਦੇ ਨੇੜਿਓ ਮੁੜਿਆ ਹੋਇਆ ਜਦੋਂਕਿ ਆਪਣੀ ਆਖਰੀ ਤੇ 5ਵੀਂ ਓਲੰਪਿਕਸ ਵਿਚ ਤਾਂ ਉਹ ਓਲੰਪਿਕ ਖੇਡਾਂ ਦਾ ਦੋਹਰਾ ਤਮਗਾ ਜਿੱਤਣ ਤੋਂ ਬਹੁਤ ਨੇੜਿਓ ਮੁੜਿਆ। 2016 ਵਿਚ ਰੀਓ ਓਲੰਪਿਕ ਖੇਡਾਂ ਵਿਚ ਉਹ ਚੌਥੇ ਨੰਬਰ 'ਤੇ ਰਹਿਣ ਕਾਰਨ ਸਿਰਫ ਇਕ ਕਦਮ ਤੋਂ ਆਪਣੇ ਦੂਜੇ ਓਲੰਪਿਕ ਤਮਗੇ ਤੋਂ ਖੁੰਝ ਗਿਆ। ਰੀਓ ਓਲੰਪਿਕਸ ਦੇ 10 ਮੀਟਰ ਏਅਰ ਰਾਈਫਲ ਈਵੈਂਟ ਵਿਚ ਉਹ 625.7 ਸਕੋਰ ਨਾਲ 7ਵੇਂ ਨੰਬਰ 'ਤੇ ਰਹਿੰਦਾ ਹੋਇਆ ਫਾਈਨਲ ਲਈ ਕੁਆਲੀਫਾਈ ਹੋਇਆ। ਫਾਈਨਲ ਵਿਚ ਉਸ ਨੇ ਤਿੰਨ ਸਥਾਨ ਉਪਰ ਤੱਕ ਤਾਂ ਛਲਾਂਗ ਮਾਰਨ ਵਿਚ ਸਫਲ ਰਿਹਾ ਪਰ ਦੂਜੀ ਵਾਰ ਓਲੰਪਿਕ ਪੋਡੀਅਮ 'ਤੇ ਪਹੁੰਚਣ ਤੋਂ ਇਕ ਕਦਮ ਪਿੱਛੇ ਰਹਿ ਗਿਆ। ਇਹ ਉਸ ਦੀ ਆਖਰੀ ਓਲੰਪਿਕ ਸੀ ਜਿੱਥੇ ਉਹ ਚੌਥੇ ਨੰਬਰ 'ਤੇ ਰਿਹਾ।

ਅਭਿਨਵ ਦੇ ਮਾਤਾ-ਪਿਤਾ (ਏ.ਐੱਸ.ਬਿੰਦਰਾ ਤੇ ਬਬਲੀ ਬਿੰਦਰਾ) ਵਲੋਂ ਹਰ ਵਾਰ ਉਸ ਦੇ ਓਲੰਪਿਕ ਮੁਕਾਬਲੇ ਤੋਂ ਇਕ ਦਿਨ ਪਹਿਲਾਂ ਚੰਡੀਗੜ੍ਹ ਦੇ ਸੈਕਟਰ 8 ਸਥਿਤ ਗੁਰਦੁਆਰਾ ਸਾਹਿਬ ਵਿਖੇ ਪਾਠ ਕਰਵਾਇਆ ਜਾਂਦਾ ਰਿਹਾ ਅਤੇ ਉਸ ਦੇ ਚਾਹੁਣ ਵਾਲੇ ਅਤੇ ਨੇੜਲਿਆਂ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਤਾਂ ਜੋ ਮਿਲ ਕੇ ਅਭਿਨਵ ਦੇ ਚੰਗੇ ਪ੍ਰਦਰਸ਼ਨ ਲਈ ਅਰਦਾਸ ਕੀਤੀ ਜਾਵੇ। ਮੇਰੇ ਉਹ ਦਿਨ ਭਲੀ ਭਾਂਤ ਚੇਤੇ ਹੈ ਜਦੋਂ ਅਭਿਨਵ 11 ਅਗਸਤ 2008 ਨੂੰ ਬੀਜਿੰਗ ਓਲੰਪਿਕਸ ਵਿਚ ਹਿੱਸਾ ਲੈ ਰਿਹਾ ਸੀ। ਪੰਜਾਬ ਤੋਂ ਅਸੀਂ ਚਾਰ ਪੱਤਰਕਾਰ ਸਾਥੀ (ਮੈਂ, ਪ੍ਰਭਜੋਤ ਸਿੰਘ, ਜਤਿੰਦਰ ਸਾਬੀ ਤੇ ਹਰਜਿੰਦਰ ਸਿੰਘ ਲਾਲ) ਬੀਜਿੰਗ ਓਲੰਪਿਕਸ ਦੀ ਕਵਰੇਜ਼ ਲਈ ਇਕੱਠੇ ਹੀ ਗਏ ਸੀ। ਅਸੀਂ ਸ਼ੈਨੇਗਨ ਕੋਪਾ ਅਪਾਰਟਮੈਂਟ ਦੀ 18ਵੀਂ ਮੰਜ਼ਿਲ 'ਤੇ ਇਕੋ ਫਲੈਟ ਵਿਚ ਠਹਿਰੇ ਹੋਏ ਸੀ। ਪ੍ਰਭਜੋਤ ਭਾਜੀ ਨੂੰ 10 ਅਗਸਤ ਨੂੰ ਅਭਿਨਵ ਦੇ ਪਿਤਾ ਏ.ਐਸ.ਬਿੰਦਰਾ ਵਲੋਂ ਪਾਠ ਸਮਾਗਮ ਵਿਚ ਪਹੁੰਚਣ ਲਈ ਉਨ੍ਹਾਂ ਦੇ ਮੋਬਾਈਲ ਫੋਨ 'ਤੇ ਐੱਸ.ਐੱਮ.ਐੱਸ. ਰਾਹੀਂ ਸੱਦਾ ਪੱਤਰ ਆਇਆ। ਉਦੋਂ ਅੱਜ ਵਾਂਗ ਵੱਟਸ ਐਪ ਤਾਂ ਚੱਲਦਾ ਨਹੀਂ ਸੀ। ਉਦੋਂ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਅਭਿਨਵ ਦੇ ਪਰਿਵਾਰ ਵਲੋਂ ਚੰਡੀਗੜ੍ਹ ਵਿਖੇ ਪਾਠ ਰਖਵਾਇਆ ਗਿਆ ਹੈ।

ਜਿੱਤ ਦੀ ਖੁਸ਼ੀ ’ਚ ਅਭਿਨਵ ਬਿੰਦਰਾ

PunjabKesari

ਪ੍ਰਭਜੋਤ ਭਾਜੀ ਨੇ ਹੀ ਦੱਸਿਆ ਕਿ ਇਹ ਬਿੰਦਰਾ ਪਰਿਵਾਰ ਦੀ ਰੀਤ ਹੈ ਅਤੇ 24 ਘੰਟਿਆਂ ਬਾਅਦ ਸਾਨੂੰ ਜਾਪਿਆ ਕਿ ਇਸ ਸੁਨਹਿਰੀ ਪ੍ਰਾਪਤੀ ਪਿੱਛੇ ਬਿੰਦਰਾ ਦੀ ਮਿਹਨਤ ਦੇ ਨਾਲ ਪਰਿਵਾਰ ਦੀਆਂ ਦੁਆਂ ਵੀ ਸ਼ਾਮਲ ਹਨ। 2012 ਦੀਆਂ ਲੰਡਨ ਓਲੰਪਿਕਸ ਵੇਲੇ ਸੈਕਟਰ 8 ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਪਾਠ ਮੌਕੇ ਮੈਨੂੰ ਵੀ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੀ। ਉਸੇ ਸਾਲ ਮੈਂ ਲੰਡਨ ਓਲੰਪਿਕਸ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਬੀਜਿੰਗ ਓਲੰਪਿਕਸ ਬਾਰੇ ਆਪਣੇ ਸਫਰਨਾਮੇ ਨੂੰ 'ਅੱਖੀ ਵੇਖੀਆਂ ਓਲੰਪਿਕ ਖੇਡਾਂ' ਕਿਤਾਬ ਦੇ ਰੂਪ ਵਿਚ ਰਿਲੀਜ਼ ਕੀਤਾ ਸੀ ਅਤੇ ਪਾਠ ਵਾਲੇ ਦਿਨ ਮੈਂ ਉਸ ਕਿਤਾਬ ਦੀ ਕਾਪੀ ਅਭਿਨਵ ਦੀ ਮਾਤਾ ਜੀ ਬਬਲੀ ਬਿੰਦਰਾ ਨੂੰ ਭੇਂਟ ਕੀਤੀ।

ਲੰਡਨ ਓਲੰਪਿਕਸ ਵਿਚ ਉਹ ਫਾਈਨਲ ਲਈ ਕੁਆਲੀਫਾਈ ਨਹੀਂ ਹੋ ਸਕਿਆ ਸੀ, ਜਿੱਥੇ ਉਸ ਦੇ ਸਾਥੀ ਨਿਸ਼ਾਨਚੀ ਗਗਨ ਨਾਰੰਗ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ। ਲੰਡਨ ਵਿਖੇ ਉਹ 16ਵੇਂ ਸਥਾਨ 'ਤੇ ਰਿਹਾ ਸੀ, ਜੋ ਕਿ ਉਸ ਦਾ ਪੰਜ ਓਲੰਪਿਕ ਵਿਚੋਂ ਸਭ ਤੋਂ ਹੇਠਲਾ ਪ੍ਰਦਰਸ਼ਨ ਸੀ ਜਦੋਂ ਕਿ ਬਹੁਤੇ ਖਿਡਾਰੀ ਓਲੰਪਿਕ ਕੁਆਲੀਫਾਈ ਹੋਣ ਲਈ ਬਹੁਤ ਜਦੋ-ਜਹਿਦ ਕਰਦੇ ਹਨ। ਏਥਨਜ਼ ਵਿਖੇ ਅਭਿਨਵ ਕੁਆਲੀਫਾਈ ਗੇੜ ਵਿਚ 597 ਸਕੋਰ ਨਾਲ ਤੀਜੇ ਨੰਬਰ 'ਤੇ ਰਹਿੰਦਾ ਹੋਇਆ ਫਾਈਨਲ ਲਈ ਕੁਆਲੀਫਾਈ ਹੋਇਆ ਸੀ। ਫਾਈਨਲ ਵਿੱਚ ਉਸ ਤੋਂ ਤਮਗਾ ਜਿੱਤਣ ਦੀਆਂ ਬਹੁਤ ਆਸਾਂ ਸੀ। ਕਰੋੜਾਂ ਦੇਸ਼ ਵਾਸੀਆਂ ਦੇ ਉਮੀਦਾਂ ਦੇ ਭਾਰ ਦੇ ਚੱਲਦਿਆਂ ਬਿੰਦਰਾ ਫਾਈਨਲ ਵਿਚ ਸਿਰਫ 97.6 ਸਕੋਰ ਹੀ ਹੋਰ ਜੁੜ ਸਕਿਆ ਅਤੇ 7ਵਾਂ ਸਥਾਨ ਹਾਸਲ ਕੀਤਾ। ਏਥਨਜ਼ ਦੀ ਕਸਰ ਉਸ ਨੇ 4 ਸਾਲ ਬਾਅਦ ਬੀਜਿੰਗ ਵਿਖੇ ਕੱਢੀ। 2000 ਵਿਚ ਸਿਡਨੀ ਵਿਖੇ ਆਪਣੀ ਪਹਿਲੀ ਓਲੰਪਿਕ ਵਿਚ ਅਭਿਨਵ ਨੇ ਬਿਨਾਂ ਕਿਸੇ ਵੱਡੇ ਤਜ਼ਰਬੇ ਅਤੇ ਛੋਟੀ ਉਮਰ ਦੇ ਬਾਵਜੂਦ ਵਧੀਆ ਪ੍ਰਦਰਸ਼ਨ ਦਿਖਾਇਆ ਸੀ ਅਤੇ 590 ਦੇ ਸਕੋਰ ਨਾਲ 11ਵਾਂ ਸਥਾਨ ਹਾਸਲ ਕੀਤਾ ਸੀ। ਉਸ ਵੇਲੇ ਹੀ ਖੇਡ ਪ੍ਰੇਮੀਆਂ ਨੂੰ ਭਵਿੱਖ ਦਾ ਚੈਂਪੀਅਨ ਨਜ਼ਰ ਆਉਣ ਲੱਗ ਗਿਆ ਸੀ।

ਅਭਿਨਵ ਬਿੰਦਰਾ ਪਾਰਟੀ ਦੇ ਦੌਰਾਨ

PunjabKesari

ਅਭਿਨਵ ਦੇ ਸਮੁੱਚੇ ਖੇਡ ਕਰੀਅਤ 'ਤੇ ਝਾਤ ਮਾਰੀਏ ਤਾਂ ਓਲੰਪਿਕ ਚੈਂਪੀਅਨ ਬਣਨ ਤੋਂ ਇਲਾਵਾ ਉਸ ਦੀ ਇਕ ਹੋਰ ਵੱਡੀ ਪ੍ਰਾਪਤੀ 2006 ਵਿਚ ਕਰੋਏਸ਼ੀਆ ਦੇ ਸ਼ਹਿਰ ਜ਼ੈਗਰੇਬ ਵਿਖੇ ਆਈ ਸੀ। ਜਿਥੇ ਉਹ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤ ਕੇ ਵਿਸ਼ਵ ਚੈਂਪੀਅਨ ਬਣਨ ਵਾਲਾ ਭਾਰਤ ਦਾ ਪਹਿਲਾ ਨਿਸ਼ਾਨਚੀ ਬਣਿਆ ਸੀ। ਬਿੰਦਰਾ ਨੇ 19 ਵਰ੍ਹਿਆਂ ਦੀ ਉਮਰੇ 2001 ਵਿੱਚ ਮਿਊਨਿਖ ਵਿਖੇ ਵਿਸ਼ਵ ਕੱਪ ਵਿਚ ਕਾਂਸੀ ਦਾ ਤਮਗਾ ਜਿੱਤਿਆ ਸੀ, ਜਦੋਂ ਕਿ 600 ਵਿਚੋਂ 597 ਸਕੋਰ ਬਣਾ ਕੇ ਨਵਾਂ ਜੂਨੀਅਰ ਵਿਸ਼ਵ ਰਿਕਾਰਡ ਵੀ ਬਣਾਇਆ ਸੀ। ਇਸੇ ਸਾਲ ਉਸ ਨੇ ਵੱਖ-ਵੱਖ ਕੌਮਾਂਤਰੀ ਮੁਕਾਬਲਿਆਂ ਵਿਚ ਛੇ ਸੋਨ ਤਮਗੇ ਜਿੱਤੇ ਸਨ। ਰਾਸ਼ਟਰਮੰਡਲ ਖੇਡਾਂ ਦੀ ਗੱਲ ਕਰੀਏ ਤਾਂ ਬਿੰਦਰਾ ਨੇ 2002 ਵਿਚ ਮਾਨਚੈਸਟਰ, 2006 ਵਿਚ ਮੈਲਬਰਨ, 2010 ਵਿਚ ਦਿੱਲੀ ਅਤੇ 2014 ਵਿਚ ਗਲਾਸਗੋ ਵਿਖੇ ਹੋਈਆਂ ਕ੍ਰਮਵਾਰ ਚਾਰੇ ਰਾਸ਼ਟਰਮੰਡਲ ਖੇਡਾਂ ਵਿਚ ਚਾਰ ਸੋਨ ਤਮਗੇ, 2 ਚਾਂਦੀ ਅਤੇ ਇਕ ਕਾਂਸੀ ਦਾ ਤਮਗਾ ਜਿੱਤਿਆ। 2010 ਵਿਚ ਗੁਆਂਗਜ਼ੂ ਏਸ਼ਿਆਈ ਖੇਡਾਂ ਵਿਚ ਉਸ ਨੇ ਚਾਂਦੀ ਦਾ ਤਮਗਾ ਜਿੱਤਿਆ। ਬਿੰਦਰਾ ਨੇ 2014 ਵਿਚ ਗਲਾਸਗੋ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਐਲਾਨ ਕੀਤਾ ਕਿ ਇਹ ਉਸ ਦੀਆਂ ਆਖਰੀ ਰਾਸ਼ਟਰਮੰਡਲ ਖੇਡਾਂ ਹਨ ਤਾਂ ਉਸ ਦੀਆਂ ਅੱਖਾਂ ਵਿਚ ਸੁਨਹਿਰੀ ਚਮਕ ਸੀ ਅਤੇ ਉਸ ਦੀ ਸੁਨਹਿਰੀ ਅੱਖ ਨੇ ਆਖਰ ਗਲਾਸਗੋ ਵਿਖੇ ਸੋਨ ਤਮਗੇ 'ਤੇ ਨਿਸ਼ਾਨਾ ਲਗਾਉਂਦਿਆਂ ਰਾਸ਼ਟਰਮੰਡਲ ਖੇਡਾਂ ਵਿਚੋਂ ਉਸ ਨੂੰ ਸੁਨਹਿਰੀ ਵਿਦਾਈ ਦਿਵਾਈ।

ਅਭਿਨਵ ਦੀ ਖੇਡ ਭਾਵੇਂ ਨਿਸ਼ਾਨੇਬਾਜ਼ੀ ਹੈ ਪਰ ਪਤਲਾ ਛਾਟਵਾਂ ਸਰੀਰ ਹੋਣ ਕਰ ਕੇ ਦੇਖਣ ਵਾਲਾ ਉਸ ਦੇ ਅਥਲੀਟ ਹੋਣ ਤਾਂ ਭੁਲੇਖਾ ਖਾ ਲੈਂਦਾ। ਦੇਖਣ ਨੂੰ ਸੋਹਣਾ ਸੁਨੱਖਾ ਇਹ ਨਿਸ਼ਾਨਚੀ ਕਿਸੇ ਫਿਲਮੀ ਐਕਟਰ ਤੋਂ ਵੀ ਘੱਟ ਨਹੀਂ ਲੱਗਦਾ। ਅਭਿਨਵ ਬਾਰੇ ਉਸ ਦੇ ਸਾਥੀ ਨਿਸ਼ਾਨਚੀ ਇਹੋ ਕਹਿੰਦੇ ਹਨ ਕਿ ਇਹ ਕਿਸੇ ਵੱਖਰੀ ਹੀ ਮਿੱਟੀ ਦਾ ਬਣਿਆ ਹੈ ਜਿਹੜਾ ਚੁੱਪ-ਚਾਪ ਖੇਡ ਵੱਲ ਹੀ ਧਿਆਨ ਦਿੰਦਾ ਹੈ। ਸ਼ਾਇਦ ਇਹੋ ਕਾਰਨ ਹੈ ਕਿ ਉਹ ਭਾਰਤ ਦਾ ਇਕਲੌਤਾ ਓਲੰਪਿਕ ਚੈਂਪੀਅਨ ਖਿਡਾਰੀ ਹੈ। ਇਕਾਗਰਤਾ ਦੇ ਨਾਲ ਉਹ ਪ੍ਰੈਕਟਿਸ ਵੱਲ ਵਿਸ਼ੇਸ਼ ਧਿਆਨ ਦਿੰਦਾ ਅਤੇ ਆਪਣੇ ਖੇਡ ਕਰੀਅਰ ਦੌਰਾਨ ਰੋਜ਼ਾਨਾ 9-10 ਘੰਟੇ ਦੇ ਪ੍ਰੈਕਟਿਸ ਸ਼ਡਿਊਲ ਵਿਚ ਉਹ 8 ਘੰਟੇ ਸਿਰਫ ਨਿਸ਼ਾਨੇਬਾਜ਼ੀ ਹੀ ਕਰਦਾ ਹੁੰਦਾ ਸੀ। ਜਰਮਨੀ ਵਿਚ ਕੋਚਿੰਗ ਲੈਣ ਤੋਂ ਇਲਾਵਾ ਉਹ ਜਦੋਂ ਜ਼ੀਰਕਪੁਰ ਸਥਿਤ ਆਪਣੇ ਬਿੰਦਰਾ ਫਾਰਮ ਆਇਆ ਹੁੰਦਾ ਹੈ ਤਾਂ ਉਥੇ ਵੀ ਪਿਤਾ ਏ.ਐੱਸ.ਬਿੰਦਰਾ ਵਲੋਂ ਘਰ ਵਿਚ ਹੀ ਕੌਮਾਂਤਰੀ ਮਿਆਰ ਦੀ ਬਣਾਈ ਏਅਰ ਕੰਡੀਸ਼ਨਡ ਸ਼ੂਟਿੰਗ ਰੇਂਜ ਵਿਚ ਅਭਿਆਸ ਕਰਦਾ ਹੁੰਦਾ ਸੀ। ਉਸ ਦੇ ਪਿਤਾ ਵਲੋਂ ਘਰ ਵਿਚ ਬੀਜਿੰਗ ਦੀ ਲੁਸੇਲ ਰੇਂਜ ਵਾਲਾ ਮਾਹੌਲ ਸਿਰਜਿਆ ਗਿਆ ਸੀ। ਉਹੋ ਜਿਹਾ ਤਪਮਾਨ, ਇਥੋਂ ਤੱਕ ਸ਼ੂਟਿੰਗ ਰੇਂਜ ਦੀਆਂ ਦੀਵਾਰਾਂ, ਟਾਈਲਾਂ ਦਾ ਰੰਗ-ਰੋਗਨ ਵੀ ਬੀਜਿੰਗ ਵਾਲਾ ਕੀਤਾ ਗਿਆ ਸੀ। ਅਭਿਨਵ ਦੀ ਸੁਨਹਿਰੀ ਪ੍ਰਾਪਤੀ ਪਿੱਛੇ ਉਸ ਦੀ ਪਿਤਾ ਵਲੋਂ ਮੁਹੱਈਆ ਕਰਵਾਇਆ ਮਾਹੌਲ ਦਾ ਵੀ ਅਹਿਮ ਯੋਗਦਾਨ ਸੀ।

ਅਭਿਆਸ ਕਰਦੇ ਹੋਏ ਅਭਿਨਵ ਬਿੰਦਰਾ

PunjabKesari

ਅਭਿਨਵ ਬਿੰਦਰਾ ਚਕਾਚੌਂਧ ਅਤੇ ਮੀਡੀਆ ਦੀਆਂ ਸੁਰਖੀਆਂ ਤੋਂ ਦੂਰ ਰਹਿਣ ਵਾਲਾ ਖਿਡਾਰੀ ਹੈ। ਹੋਰਨਾਂ ਖਿਡਾਰੀਆਂ ਵਾਂਗ ਸਮਾਗਮਾਂ ਵਿੱਚ ਵੀ ਉਸ ਦੀ ਸ਼ਮੂਲੀਅਤ ਬਹੁਤ ਘੱਟ ਦੇਖੀ ਜਾਂਦੀ ਹੈ। ਉਪਰੋਂ ਉਹ ਆਪਣੇ ਮਾਪਿਆਂ ਦਾ ਲਾਡਲਾ ਵੀ ਹੈ। ਉਸ ਨੇ ਕਿਸੇ ਸਮਾਗਮ ਵਿਚ ਜਾਣਾ ਹੋਵੇ ਤਾਂ ਉਸ ਦੇ ਪਿਤਾ ਏ.ਐੱਸ.ਬਿੰਦਰਾ ਨੂੰ ਪਹਿਲਾ ਫਿਕਰ ਹੁੰਦਾ ਹੈ ਕਿ ਕੀ ਇੰਤਜ਼ਾਮ ਹੋਣਗੇ। ਇਸ ਦਾ ਮੈਨੂੰ ਨਿੱਜੀ ਤਜ਼ਰਬਾ ਵੀ ਹੈ। ਅਭਿਨਵ ਨਾਲ ਮੇਰੀ ਜਾਣ-ਪਛਾਣ ਪਹਿਲੀ ਵਾਰ ਬੀਜਿੰਗ ਵਿਖੇ ਹੋਈ ਸੀ ਜਦੋਂ ਓਲੰਪਿਕ ਚੈਂਪੀਅਨ ਬਣ ਕੇ ਦੁਨੀਆਂ ਵਿੱਚ ਛਾ ਗਿਆ ਸੀ। ਉਸ ਵੇਲੇ ਅਭਿਨਵ ਨਾਲ ਜ਼ਿਆਦਾ ਗੱਲਬਾਤ ਜਾਂ ਉਸ ਦੀ ਨਿੱਜੀ ਜ਼ਿੰਦਗੀ ਅਤੇ ਸੁਭਾਅ ਬਾਰੇ ਜਾਣਨ ਦਾ ਮੌਕਾ ਨਹੀਂ ਮਿਲਿਆ। ਉਸ ਤੋਂ ਬਾਅਦ ਜਦੋਂ ਉਸ ਨੇ 2016 ਦੀਆਂ ਰੀਓ ਓਲੰਪਿਕ ਖੇਡਾਂ ਉਪਰੰਤ ਸੰਨਿਆਸ ਲਿਆ ਤਾਂ ਫੇਰ ਬਿੰਦਰਾ ਫਾਰਮ ਵਿਖੇ ਮੁਲਾਕਾਤ ਕਰ ਕੇ ਕਈ ਪਹਿਲੂਆਂ ਦਾ ਪਤਾ ਲੱਗਿਆ। ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਉਸ ਨੂੰ ਸਨਮਾਨਤ ਕਰਨ ਮੌਕੇ ਵਿਚਰਨ ਦਾ ਮੌਕਾ ਮਿਲਿਆ। ਹਾਲ ਹੀ ਵਿਚ ਜਦੋਂ ਉਹ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਮੁਲਾਕਾਤ ਕਰਨ ਆਇਆ ਤਾਂ ਉਸ ਦੇ ਉਹੀ ਚੁੱਪ ਕੀਤੇ ਤੇ ਸਾਊ ਸੁਭਾਅ ਦੇ ਦਰਸ਼ਨ ਹੋਏ।

ਅਭਿਨਵ ਦੇ ਸੁਭਾਅ ਦੇ ਉਲਟ ਉਸ ਦੇ ਪਿਤਾ ਏ.ਐੱਸ.ਬਿੰਦਰਾ ਵੱਧ ਮਿਲਾਪੜੇ ਹਨ। ਮਜਾਹੀਆ ਲਹਿਜਾ ਤੇ ਉਚੀ ਉਚੀ ਗੱਲਾਂ ਕਰਨੀਆਂ ਵੀ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਹੈ। ਕਈ ਇਹ ਵੀ ਕਹਿੰਦੇ ਹਨ ਕਿ ਅਭਿਨਵ ਦੇ ਪਿਤਾ ਹੀ ਉਸ ਨੂੰ ਜ਼ਿਆਦਾ ਸਾਂਭ ਕੇ ਰੱਖਦੇ ਹਨ। ਅਭਿਨਵ ਦੇ ਬਾਹਰ-ਅੰਦਰ ਜਾਣ ਦਾ ਪ੍ਰੋਗਰਾਮ ਬਣਾਉਂਦੇ ਹਨ। ਅਜਿਹੇ ਪਿਤਾ ਨੂੰ ਪੂਰਾ ਹੱਕ ਵੀ ਹੈ ਜਿਸ ਨੇ ਆਪਣੀਆਂ ਨਿੱਜੀ ਕੋਸ਼ਿਸ਼ਾਂ, ਸਿਰੜ ਅਤੇ ਮਿਹਨਤ ਨਾਲ ਸਵਾ ਸੌ ਕਰੋੜ ਦੇ ਮੁਲਕ ਨੂੰ ਇਕਲੌਤਾ ਓਲੰਪਿਕ ਚੈਂਪੀਅਨ ਦਿੱਤਾ। ਅਭਿਨਵ ਵਰਗੇ ਖਿਡਾਰੀ ਨਿੱਤ ਨਿੱਤ ਨਹੀਂ ਜੰਮਦੇ। ਭਾਰਤੀ ਖੇਡਾਂ ਲਈ ਤਾਂ ਉਹ ਸਵਾ ਸਦੀ ਵਿਚ ਪੈਦਾ ਹੋਇਆ ਇਕਲੌਤਾ ਖਿਡਾਰੀ ਹੈ ਜਿਸ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਇਸ ਸੁਨਹਿਰੀ ਨਿਸ਼ਾਨਚੀ ਉਤੇ ਪੂਰੇ ਦੇਸ਼ ਨੂੰ ਮਾਣ ਹੈ, ਪੰਜਾਬੀਆਂ ਲਈ ਤਾਂ ਇਹ ਫੁੱਲੇ ਨਾ ਸਮਾਉਣ ਵਾਲੀ ਗੱਲ ਹੈ।

ਹਜ਼ਾਰੋ ਬਰਸ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ,
ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦਿਦਾਵਰ ਪੈਦਾ।

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਲੀਵਿੰਗ ਲੀਜੈਂਡ ਆਫ ਹਾਕੀ ‘ਬਲਬੀਰ ਸਿੰਘ ਸੀਨੀਅਰ’​​​​​​​

 


rajwinder kaur

Content Editor

Related News