ਫੰਡ ਦੀ ਅਣਹੋਂਦ ਕਾਰਨ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਸਮੱਗਰੀ ਦੇ ਪਏ ਲਾਲੇ

12/10/2017 7:20:00 AM

ਜਲੰਧਰ (ਬੁਲੰਦ) - ਨਗਰ ਨਿਗਮ ਦੀਆਂ ਚੋਣਾਂ ਵਿਚ ਜਿੱਥੇ ਇਕ ਪਾਸੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਸਮੇਤ ਕਈ ਆਜ਼ਾਦ ਉਮੀਦਵਾਰ ਵੀ ਪਾਣੀ ਵਾਂਗ ਪੈਸਾ ਵਹਾ ਰਹੇ ਹਨ ਅਤੇ  ਆਪਣੀ ਸੀਟ ਜਿੱਤਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ, ਉਥੇ ਆਮ ਆਦਮੀ ਪਾਰਟੀ ਦੀ ਹਾਲਤ ਪਤਲੀ ਨਜ਼ਰ ਆ ਰਹੀ ਹੈ। ਪਾਰਟੀ ਨੇ ਪਹਿਲਾਂ ਹੀ 80 ਵਾਰਡਾਂ ਵਿਚੋਂ ਸਿਰਫ 43 ਵਾਰਡਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਉਨ੍ਹਾਂ ਦੀ ਆਰਥਿਕ ਹਾਲਤ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਦੇ ਮੁਕਾਬਲੇ ਬਹੁਤ ਖਸਤਾ ਹੈ। ਪਾਰਟੀ ਦੇ ਕਈ ਉਮੀਦਵਾਰਾਂ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਾ ਕਿ ਪਾਰਟੀ ਵਲੋਂ ਕਿਸੇ ਵੀ ਉਮੀਦਵਾਰ ਨੂੰ ਇਕ ਰੁਪਏ ਤੱਕ ਦੀ ਮਦਦ ਨਹੀਂ ਕੀਤੀ ਗਈ।
ਦਿੱਲੀ ਵਿਚ 'ਆਪ' ਦੀ ਸਰਕਾਰ ਹੋਣ ਦੇ ਬਾਵਜੂਦ ਪਾਰਟੀ ਵਲੋਂ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ। ਪਾਰਟੀ ਹਾਈਕਮਾਨ ਨੇ ਇਕ ਰੁਪਿਆ ਵੀ ਨਹੀਂ ਭੇਜਿਆ, ਉਲਟਾ ਪੰਜਾਬ ਦੇ ਆਗੂਆਂ 'ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਚੰਗੇ ਨਤੀਜੇ ਲੈ ਕੇ ਆਓ ਅਤੇ ਕਿਸੇ ਵੀ ਇਕ ਜ਼ਿਲੇ ਵਿਚ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣੇ।
ਪਾਰਟੀ ਦੇ ਭਰੋਸੇਯੋਗ ਆਗੂਆਂ ਦੀ ਮੰਨੀਏ ਤਾਂ ਪਾਰਟੀ ਹਾਈਕਮਾਨ ਪੰਜਾਬ ਨਿਗਮ ਚੋਣਾਂ ਵਿਚ ਥੁੱਕ ਨਾਲ ਵੜੇ ਪਕਾਉਣ ਦੇ ਸੁਪਨੇ ਵੇਖ ਰਹੀ ਹੈ।
ਪਾਰਟੀ ਸੂਤਰਾਂ ਮੁਤਾਬਕ ਕਈ ਉਮੀਦਵਾਰਾਂ ਨੂੰ ਤਾਂ ਚੋਣ ਸਮੱਗਰੀ ਤੱਕ ਦੇ ਲਾਲੇ ਪਏ ਹੋਏ ਹਨ। ਪਾਰਟੀ ਦੇ ਸਥਾਨਕ ਆਗੂਆਂ ਨੇ ਵਿਧਾਨ ਸਭਾ ਚੋਣਾਂ ਵਿਚ ਬਚੇ ਝੰਡੇ, ਸਟਿੱਕਰ, ਬੋਰਡ ਅਤੇ ਇਸ਼ਤਿਹਾਰ ਆਦਿ ਆਪਣੇ ਉਮੀਦਵਾਰਾਂ ਨੂੰ ਵੰਡੇ ਹਨ ਅਤੇ ਕਿਹਾ ਹੈ ਕਿ ਇਨ੍ਹਾਂ ਨਾਲ ਹੀ  ਗੁਜ਼ਾਰਾ ਕਰ ਲਓ।  ਇਸ ਸਬੰਧੀ ਪਾਰਟੀ ਦੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਬੱਬੂ ਨੀਲਕੰਠ ਦੀ ਮੰਨੀਏ ਤਾਂ ਉਮੀਦਵਾਰਾਂ ਨੂੰ ਚੋਣਾਂ ਤੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਆਪਣੇ ਦਮ 'ਤੇ ਚੋਣ ਲੜਨ ਵਾਲੇ ਹੀ ਟਿਕਟ ਦੀ ਮੰਗ ਕਰਨ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਚੋਣ ਪ੍ਰਚਾਰ ਲਈ ਨਾ ਤਾਂ ਕੋਈ ਪੈਸੇ ਆਇਆ ਹੈ ਤੇ ਨਾ ਹੀ ਆਉਣ ਦੀ ਸੰਭਾਵਨਾ ਹੈ।


Related News