ਕੈਪਟਨ ਅਮਰਿੰਦਰ ਨੂੰ ਆਪ ਨੇਤਾ ਦੀ ਚੁਣੌਤੀ, ਪੰਜਾਬ ’ਚ ਵੀ ਦਿੱਤੀ ਜਾਵੇ ਮੁਫ਼ਤ ਬਿਜਲੀ

Thursday, Apr 01, 2021 - 05:50 PM (IST)

ਕੈਪਟਨ ਅਮਰਿੰਦਰ ਨੂੰ ਆਪ ਨੇਤਾ ਦੀ ਚੁਣੌਤੀ, ਪੰਜਾਬ ’ਚ ਵੀ ਦਿੱਤੀ ਜਾਵੇ ਮੁਫ਼ਤ ਬਿਜਲੀ

ਜਲੰਧਰ/ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਦਿਨੋਂ ਦਿਨ ਵਧ ਰਹੀਆਂ ਬਿਜਲੀ ਦੀਆਂ ਕੀਮਤਾਂ ਦੇ ਵਿਰੁੱਧ 7 ਅਪ੍ਰੈਲ ਤੋਂ ਵੱਡਾ ਜਨ ਅੰਦੋਲਨ ਸ਼ੁਰੂ ਕਰਕੇ ਕੈਪਟਨ ਸਰਕਾਰ ਨੂੰ ਮਜ਼ਬੂਰ ਕੀਤਾ ਜਾਵੇਗਾ ਕਿ ਉਹ ਦਿੱਲੀ ਦੀ ਤਰਜ ’ਤੇ ਪੰਜਾਬ ਦੇ ਲੋਕਾਂ ਨੂੰ ਵੀ ਮੁਫ਼ਤ ਬਿਜਲੀ ਦੇਵੇ। ਇਹ ਐਲਾਨ ਜਲੰਧਰ ਵਿਖੇ ਇਕ ਪ੍ਰੈੱਸ ਕਾਨਫਰੰਸ ਕਰਕੇ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ, ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੀਤਾ। ਇਸ ਮੌਕੇ ਵਿਧਾਇਕ ਅਮਨ ਅਰੋੜਾ, ਬਲਜਿੰਦਰ ਕੌਰ, ਮੀਤ ਹੇਅਰ ਤੋਂ ਇਲਾਵਾ ਸੂਬਾ ਆਗੂ ਹਾਜ਼ਰ ਸਨ। ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਿੰਗਾਈ ਦੇ ਦੌਰ ਵਿਚ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਚਲਦਿਆਂ ਦਿਨੋਂ ਦਿਨ ਵਧਦੇ ਬਿਜਲੀ ਕੀਮਤਾਂ ਨੇ ਲੋਕਾਂ ਦਾ ਜਿਉਣਾ ਹੋਰ ਦੁਭਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਦੀਆਂ ਕੀਮਤਾਂ ਘਟਾਉਣ ਦੀ ਬਜਾਏ ਦਿਨੋਂ ਦਿਨ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਿਜਲੀ ਬਿਲਾਂ ਨੂੰ ਲੈ ਕੇ ਪੰਜਾਬ ਭਰ ਵਿਚ ਇਕ ਜਨ ਅੰਦੋਲਨ ਸ਼ੁਰੂ ਕਰੇਗੀ, ਜਿਸ ਰਾਹੀਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਬਿਜਲੀ ਕੀਮਤਾਂ ਘਟਾਉਣ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਤੋਂ ਜਨ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਅੰਦੋਲਨ ਹਰ ਗਲੀ, ਹਰ ਪਿੰਡ, ਸ਼ਹਿਰ, ਕਸਬੇ ਤੱਕ ਪਹੁੰਚੇਗਾ। ਉਨ੍ਹਾਂ ਕਿਹਾ ਕਿ ਸਾਡੇ ਵਾਲੰਟੀਅਰ, ਵਰਕਰ ਘਰ-ਘਰ ਜਾ ਕੇ ਬਿਜਲੀ ਬਿਲਾਂ ਸਬੰਧੀ ਜਾਣਕਾਰੀ ਲੈਣ। ਉਨ੍ਹਾਂ ਕਿਹਾ ਕਿ ਅੰਦੋਲਨ ਅਧੀਨ ਬਿਜਲੀ ਦੇ ਬਿਲਾਂ ਨੂੰ ਸਾੜਿਆ ਜਾਵੇਗਾ।

ਇਹ ਵੀ ਪੜ੍ਹੋ : ਕੇਂਦਰ ਵਲੋਂ ਪੰਜਾਬ ਸਰਕਾਰ ਦੀ ਆਲੋਚਨਾ ’ਤੇ ਭੜਕੇ ਕੈਪਟਨ, ਕੇਂਦਰ ਸਰਕਾਰ 'ਤੇ ਉਠਾਏ ਸਵਾਲ 

ਪੰਜਾਬ ’ਚ ਬਿਜਲੀ ਪੈਦਾ ਹੁੰਦੀ ਫਿਰ ਵੀ ਮਹਿੰਗੀ ਬਿਜਲੀ ਦਿੱਤੀ ਜਾ ਰਹੀ : ਜਰਨੈਲ ਸਿੰਘ
ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਤਿੰਨ ਨਿੱਜੀ ਥਰਮਲਾਂ ਤੋਂ ਜੇਕਰ ਪੰਜਾਬ ਸਰਕਾਰ ਬਿਜਲੀ ਨਹੀਂ ਖਰੀਦੇਗੀ ਤਾਂ ਵੀ ਸਰਕਾਰ ਨੂੰ ਕਰੋੜਾਂ ਰੁਪਏ ਉਨ੍ਹਾਂ ਥਰਮਲਾਂ ਨੂੰ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਫੇਰ ਵੀ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ, ਜਦੋਂ ਕਿ ਦਿੱਲੀ ਵਿਚ ਆਪਣਾ ਕੋਈ ਥਰਮਲ ਨਹੀਂ ਬਾਹਰੋ ਬਿਜਲੀ ਖਰੀਦ ਕੇ ਵੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵਾਂਗ ਮੁਫ਼ਤ ਬਿਜਲੀ ਦੀ ਮੰਗ ਨੂੰ ਲੈ ਕੇ ਪੰਜਾਬ ਵਿਚ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਰਾਘਵ ਚੱਢਾ ਨੇ ਦਿੱਲੀ ਅਤੇ ਪੰਜਾਬ ਦੇ ਲੋਕਾਂ ਦੇ ਘਰਾਂ ਦੇ ਬਿਜਲੀ ਦਿਖਾਉਂਦਿਆਂ ਕਿਹਾ ਕਿ ਕਿਵੇਂ ਪੰਜਾਬ ਸਰਕਾਰ ਲੋਕਾਂ ਨੂੰ ਲੁੱਟ ਕੇ ਨਿੱਜੀ ਕੰਪਨੀਆਂ ਨੂੰ ਸਰਕਾਰੀ ਖਜ਼ਾਨਾ ਲੁਟਾ ਰਹੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚੁਣੌਤੀ ਦਿੱਤੀ ਕਿ ਦਿੱਲੀ ਵਾਂਗ ਬਿਜਲੀ ਬਿਲ ਘੱਟ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿਚ ਆਮ ਆਦਮੀ ਪਾਰਟੀ 7 ਅਪ੍ਰੈਲ ਤੋਂ ਹਰ ਜ਼ਿਲੇ, ਹਰ ਪਿੰਡ, ਹਰ ਬਲਾਕ, ਹਰ ਸ਼ਹਿਰ, ਹਰ ਗਲੀ ਵਿਚ ਬਿਲ ਸਾੜੇਗੀ ਅਤੇ ਕੈਪਟਨ ਦੇ ਕੰਨਾਂ ਤੱਕ ਇਸ ਆਵਾਜ਼ ਪਹੁੰਚਾਏਗੀ, ਕਿ ਜਿਵੇਂ ਦਿੱਲੀ ਵਿਚ ਕੇਜਰੀਵਾਲ ਮੁਫ਼ਤ ਬਿਜਲੀ ਦੇ ਰਹੇ ਹਨ, ਉਸੇ ਤਰ੍ਹਾਂ ਬਿਜਲੀ ਮੁਫ਼ਤ ਮਿਲਣੀ ਚਾਹੀਦੀ ਹੈ। ਅਸੀਂ ਇਸ ਮੰਚ ਤੋਂ ਉਮੀਦ ਕਰਦੇ ਹਾਂ ਕਿ ਕੈਪਟਨ ਸਾਹਿਬ ਜਿਨ੍ਹਾਂ ਲੋਕਾਂ ਨੂੰ ਤੁਸੀਂ ਗਲਤ ਬਿਲ ਭੇਜੇ ਹਨ, ਫਰਜ਼ੀ ਬਿਲ ਭੇਜੇ ਹਨ, ਝੂਠੇ ਬਿਲ ਭੇਜੇ ਹਨ, ਉਹ ਸਾਰੇ ਬਿਲ ਮੁਆਫ਼ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅਸੀਂ ਸਾਫ ਤੌਰ ’ਤੇ ਉਨ੍ਹਾਂ ਨੂੰ ਚੁਣੌਤੀ ਦੇ ਰਹੇ ਹਾਂ ਕਿ ਦਿੱਲੀ ਵਾਂਗ ਬਿਜਲੀ ਦੇ ਬਿਲ ਮੁਆਫ਼ ਕਰਨ। ਉਨ੍ਹਾਂ ਦਿੱਲੀ ਦੇ ਲੋਕਾਂ ਦੇ ਬਿਲਾਂ ਅਤੇ ਪੰਜਾਬ ਦੇ ਬਿਜਲੀ ਦੇ ਬਿਲਾਂ ਨੂੰ ਦਿਖਾਉਂਦਿਆਂ ਕਿਹਾ ਕਿ ਪੰਜਾਬ ਵਿਚ ਬਿਜਲੀ ਦੇ ਕੀ ਹਾਲਾਤ ਹਨ।

PunjabKesari

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਔਰਤਾਂ ਨੂੰ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਦੀ ਸੁਵਿਧਾ ਲਾਗੂ ਕਰਨ ਦੇ ਹੁਕਮ

ਦਿੱਲੀ ਦਾ ਅਰਵਿੰਦ ਕੇਜਰੀਵਾਲ ਮਾਡਲ ਪੰਜਾਬ ਵਿਚ ਲਾਗੂ ਕੀਤਾ ਜਾਵੇ
ਦਿੱਲੀ ਦੇ ਕੁਝ ਬਿਲ ਹਨ, ਜਿਨ੍ਹਾਂ ਵਿਚ ਦਿੱਲੀ ਦਾ ਇਕ ਬਿਲ ਦਿਖਾਉਂਦਿਆਂ ਕਿਹਾ ਕਿ ਬਿਜਲੀ ਖਪਤ 174 ਯੂਨਿਟ ਹੈ ਪਰ ਬਿਜਲੀ ਬਿਲ ਜ਼ੀਰੋ, ਦੂਜਾ ਬਿਲ ਯੂਨਿਟ ਖਪਤ 220 ਹੈ ਅਤੇ ਬਿਲ ਲਗਭਗ ਜ਼ੀਰੋ ਜੋ ਚਾਰ ਰੁਪਏ ਹੈ। ਇਕ ਹੋਰ ਘਰ ਦਾ ਬਿਲ ਦਿਖਾਉਂਦਿਆਂ ਕਿਹਾ ਕਿ ਬਿਜਲੀ ਯੁਨਟ ਖਪਤ 236 ਅਤੇ ਬਿਲ ਜ਼ੀਰੋ। ਇਕ ਹੋਰ ਬਿਲ ਜਿਸ ਦੀ ਯੁਨਿਟ ਖਪਤ 200 ਤੇ ਬਿਲ ਜ਼ੀਰੋ ਇਹ ਹੈ ਕੇਜਰੀਵਾਲ ਦੇ ਵਿਕਾਸ ਦਾ ਮਾਡਲ ਹੈ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਲੋਕਾਂ ਨੂੰ ਭੇਜੇ ਗਏ ਬਿਲਾਂ ’ਤੇ ਧਿਆਨ ਦਿਵਾਉਂਦਿਆਂ ਕਿਹਾ ਕਿ ਯੂਨਿਟ ਖਪਤ 480 ਹੈ, ਜਿਸ ਦਾ ਬਿਲ 3570 ਰੁਪਏ ਹੈ, ਉਨ੍ਹਾਂ ਕਿਹਾ ਕਿ ਇਕ ਪਾਸੇ ਕੇਜਰੀਵਾਲ ਦਾ ਬਿਲ ਹੈ ਜੋ ਜੀਰੋ ਹੈ, ਦੂਜੇ ਪਾਸੇ ਕੈਪਟਨ ਦਾ ਬਿਜਲੀ ਬਿਲ ਹੈ ਜੋ ਸਾਢੇ ਤਿੰਨ ਹਜ਼ਾਰ ਰੁਪਏ ਹੈ। ਕੈਪਟਨ ਸਾਹਿਬ ਦਾ ਦੂਜਾ ਬਿਲ ਦਿਖਾਇਆ ਜੋ 1156 ਯੂਨਿਟ ਹੈ ਤੇ ਬਿਜਲੀ ਦਾ ਬਿਲ ਹੈ 9570 ਰੁਪਏ, ਇਕ ਹੋਰ ਬਿਲ ਜਿਸਦੀ ਯੂਨਿਟ ਖਪਤ 380 ਜਿਸਦਾ ਬਿਲ 3690 ਰੁਪਏ, ਇਕ ਹੋਰ ਬਿਲ ਦਿਖਾਇਆ, ਜਿਸ ਦੀ ਖਪਤ ਯੂਨਿਟ ਲਗਭਗ 260 ਹੈ ਜਿਸ ਦਾ ਬਿਲ 3590 ਰੁਪਏ ਹੈ। ਯੂਨਿਟ ਖਪਤ 217 ਤੇ ਬਿਜਲੀ ਦਾ ਬਿਲ 2190। ਇਕ ਹੋਰ ਬਿਲ ਦਿਖਾਉਂਦਿਆਂ ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇਹ ਕਮਾਲ ਦਾ ਬਿਲ ਹੈ ਜਿਸਦੀ ਬਿਜਲੀ ਖਪਤ 0 ਹੈ ਤੇ ਬਿਜਲੀ ਦਾ ਬਿਲ 1040 ਰੁਪਏ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੈਂਕੜੇ ਬਿਲ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਇਕ ਹੋਰ ਬਿਲ ਦਿਖਾਉਦਿਆਂ ਕਿਹਾ ਕਿ 256 ਯੂਨਿਟ ਖਪਤ ਦਾ ਬਿਲ 21240 (21 ਹਜ਼ਾਰ 240 ਰੁਪਏ) ਹੈ ਜੋ ਕਿ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਇਹ ਹੈ ਕੈਪਟਨ ਸਾਹਿਬ ਦੇ ਵਿਕਾਸ ਦਾ ਮਾਡਲ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਕੇਜਰੀਵਾਲ ਮੁਫ਼ਤ ਬਿਜਲੀ ਦੇ ਰਹੇ ਹਨ, ਦੂਜੇ ਪਾਸੇ ਕੈਪਟਨ ਸਾਹਿਬ ਹਜ਼ਾਰਾਂ ਤੇ ਲੱਖਾਂ ਰੁਪਏ ਦੇ ਬਿਲ ਲੋਕਾਂ ਨੂੰ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੇਵਲ ਘਰੇਲੂ ਖਪਤ ਨਹੀਂ, ਪੰਜਾਬ ਦੇ ਵਪਾਰੀ, ਟੈਂਡਰ ਵੀ ਬਿਜਲੀ ਦੇ ਬਿਲਾਂ ਤੋਂ ਪ੍ਰੇਸ਼ਾਨ ਹੈ। ਹਰ ਪਾਸੇ ਲੁੱਟ ਮਚੀ ਹੋਈ ਹੈ, ਇਸ ਲਈ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿਚ ਇਕ ਬਹੁਤ ਵੱਡਾ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ਅਤੇ ਕੈਪਟਨ ਸਰਕਾਰ ਨੂੰ ਝੁਕਾਅ ਕੇ ਛੱਡਾਗੇ ਜਦੋਂ ਤੱਕ ਉਹ ਬਿਜਲੀ ਮੁਫ਼ਤ ਨਹੀਂ ਕਰਦੇ, ਜਿਵੇਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ਵਿਚ ਦਿੱਲੀ ਦਾ ਅਰਵਿੰਦ ਕੇਜਰੀਵਾਲ ਮਾਡਲ ਪੰਜਾਬ ਵਿਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਈ ਘਰਾਂ ਨੂੰ ਖਪਤ ਯੂਨਿਟ ਤੋਂ ਬਹੁਤ ਜ਼ਿਆਦਾ ਬਿਲ ਭੇਜੇ ਜਾ ਰਹੇ ਹਨ, ਜਿਨ੍ਹਾਂ ਨੂੰ ਕੈਪਟਨ ਸਰਕਾਰ ਤੁਰੰਤ ਵਾਪਸ ਲੈ ਕੇ ਉਨ੍ਹਾਂ ਲੋਕਾਂ ਦਾ ਬਿਲ ਮੁਆਫ਼ ਕਰੇ। ਇਸ ਮੌਕੇ ਆਮ ਆਦਮੀ ਪਾਰਟੀ ਵਲੋਂ ਬਿਜਲੀ ਦੇ ਆਏ ਵੱਧ ਬਿਲਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ।

ਲੋਕਾਂ ਦੇ ਮਾਮਲੇ ਹੱਲ ਕਰਾਉਣ ਲਈ  ਆਮ ਆਦਮੀ ਪਾਰਟੀ ਕਰੇਗੀ ਜਨ ਅੰਦੋਲਨ : ਹਰਪਾਲ ਚੀਮਾ
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਿਜਲੀ ਦੇ ਮੁੱਦਿਆਂ ਸਮੇਤ ਹੋਰ ਮਸਲਿਆਂ ਨੂੰ ਲੈ ਕੇ ਵਿਧਾਨਸਭਾ ਵਿਚ ਪੂਰੇ ਜ਼ੋਰ ਸੋਰ ਨਾਲ ਚੁੱਕਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਾਮਲੇ ਹੱਲ ਕਰਾਉਣ ਲਈ ਹੁਣ ਆਮ ਆਦਮੀ ਪਾਰਟੀ ਜਨ ਅੰਦੋਲਨ ਕਰੇਗੀ। ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਵਲੋਂ ਨਿੱਜੀ ਕੰਪਨੀਆਂ ਨਾਲ ਕੀਤੇ ਗਏ ਸਮਝੌਤਿਆਂ ਕਰਕੇ ਪੰਜਾਬ ਦੇ ਲੋਕਾਂ ’ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਰਕੇ ਹੀ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਨਿੱਜੀ ਕੰਪਨੀਆਂ ਨੂੰ ਦੇਣਾ ਪੈ ਰਿਹਾ ਹੈ, ਕਿਉਂਕਿ ਜਿਹੜਾ ਕਮਿਸ਼ਨ ਪਹਿਲਾਂ ਅਕਾਲੀਆਂ ਨੂੰ ਜਾਂਦਾ ਸੀ, ਉਹ ਹੀ ਕਮਿਸ਼ਨ ਹੁਣ ਸੱਤਾਧਾਰੀ ਪਾਰਟੀ ਕੋਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਹੈ ਜਿਥੇ ਸਭ ਤੋਂ ਜ਼ਿਆਦਾ ਯੂਨਿਟ ਦੇ ਉਪਰ ਟੈਕਸ ਲਗਾਇਆ ਜਾਂਦਾ ਹੈ, ਜੋ ਕਿ ਚੰਡੀਗੜ੍ਹ ਵਿਚ 9 ਪੈਸੇ, ਯੂ.ਪੀ. ਵਿਚ 5 ਪੈਸੇ ਅਤੇ ਪੰਜਾਬ ਵਿਚ ਸਭ ਤੋਂ ਜ਼ਿਆਦਾ 1 ਰੁਪਏ 33 ਪੈਸੇ ਟੈਕਸ ਯੂਨਿਟ ਉਪਰ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਕ ਸਰਕਾਰ ਦੀਆਂ ਨੀਤੀਆਂ ਕਰਕੇ ਹੀ ਹੈ ਕਿ ਲੋਕਾਂ ਨੂੰ ਮਹਿੰਗੀ ਬਿਜਲੀ ਮਿਲ ਰਹੀ ਹੈ। ਜੇਕਰ ਕਾਂਗਰਸੀਆਂ ਅਤੇ ਅਕਾਲੀਆਂ ਦੀ ਆਪਣੀਆਂ ਜੇਬਾਂ ਭਰਨ ਦੀਆਂ ਨੀਤੀਆਂ ਨਾ ਹੁੰਦੀਆਂ ਤਾਂ ਅੱਜ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਲੋਕਾਂ ਵਾਂਗ ਮੁਫ਼ਤ ਬਿਜਲੀ ਮਿਲਦੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਸਮੇਂ ਵਿਚ ਬਿਜਲੀ ਦੀਆਂ ਕੀਮਤਾਂ ਘਟਾਉਣ ਲਈ ਜਨ ਅੰਦੋਲਨ ਵਿੱਢੇਗੀ ਜਿਸ ਨੂੰ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ, ਜਦੋਂ ਤੱਕ ਲੋਕਾਂ ਨੂੰ ਬਿਜਲੀ ਮੁਫ਼ਤ ਮਿਲਣੀ ਸ਼ੁਰੂ ਨਹੀਂ ਹੁੰਦੀ।


ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Anuradha

Content Editor

Related News