''ਆਪ'' ਵਲੋਂ ਪ੍ਰਸਤਾਵਿਤ ਪਕੋਕਾ ਕਾਨੂੰਨ ਦਾ ਵਿਰੋਧ

Sunday, Nov 05, 2017 - 07:10 AM (IST)

''ਆਪ'' ਵਲੋਂ ਪ੍ਰਸਤਾਵਿਤ ਪਕੋਕਾ ਕਾਨੂੰਨ ਦਾ ਵਿਰੋਧ

ਚੰਡੀਗੜ੍ਹ  (ਸ਼ਰਮਾ) - ਪੰਜਾਬ 'ਚ ਵਿਗੜੀ ਕਾਨੂੰਨ-ਵਿਵਸਥਾ ਨੂੰ ਠੀਕ ਕਰਨ ਦੇ ਬਹਾਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪਕੋਕਾ ਕਾਨੂੰਨ ਲਿਆਉਣ ਦੇ ਪ੍ਰਸਤਾਵ 'ਤੇ ਆਮ ਆਦਮੀ ਪਾਰਟੀ ਨੇ ਗੰਭੀਰ ਸਵਾਲ ਉਠਾਉਂਦਿਆਂ ਇਸ ਦਾ ਵਿਰੋਧ ਕੀਤਾ ਹੈ । ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਇਕ ਬਿਆਨ ਜਾਰੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਪਕੋਕਾ ਨਾ ਲਾਗੂ ਕਰਨ ਦੀ ਤਾੜਨਾ ਕੀਤੀ ਕਿਉਂਕਿ ਸੂਬੇ ਦੀ ਪੁਲਸ ਅਤੇ ਸਿਆਸੀ ਲੋਕ ਇਸ ਦੀ ਦੁਰਵਰਤੋਂ ਆਪਣੇ ਵਿਰੋਧੀਆਂ ਕੋਲੋਂ ਬਦਲਾ ਲੈਣ ਲਈ ਕਰਨਗੇ ।
ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ 'ਤੇ ਕੰਟਰੋਲ ਕਰਨ ਲਈ ਪਕੋਕਾ ਵਰਗੇ ਤਾਨਾਸ਼ਾਹੀ ਕਾਨੂੰਨ ਦੀ ਨਹੀਂ ਬਲਕਿ ਮਜ਼ਬੂਤ ਇੱਛਾ-ਸ਼ਕਤੀ ਦੀ ਜ਼ਰੂਰਤ ਹੈ । ਪੰਜਾਬ ਨੂੰ ਹਿਲਾ ਕੇ ਰੱਖ ਦੇਣ ਵਾਲੇ ਸਿਆਸੀ ਕਤਲਾਂ ਦੀ ਲੜੀ ਤੋਂ ਕੈਪਟਨ ਸਰਕਾਰ ਦੀ ਕਮਜ਼ੋਰ ਇੱਛਾ-ਸ਼ਕਤੀ ਦਾ ਖੁਲਾਸਾ ਹੋਇਆ ਹੈ । ਪਿਛਲੇ ਕੁਝ ਸਾਲਾਂ ਵਿਚ ਹੋਏ ਕਿਸੇ ਵੀ ਸਿਆਸੀ ਕਤਲ ਨੂੰ ਟਰੇਸ ਕਰਨ ਵਿਚ ਪੰਜਾਬ ਪੁਲਸ ਬੁਰੀ ਤਰ੍ਹਾਂ ਨਾਲ ਫੇਲ ਹੋ ਗਈ ਹੈ । ਕੈਪਟਨ ਅਮਰਿੰਦਰ ਸਿੰਘ ਆਪਣੀਆਂ ਅਸਫਲਤਾਵਾਂ ਦੀ ਜ਼ਿੰਮੇਵਾਰੀ ਕਦੇ ਐੱਨ. ਆਈ. ਏ. ਉਪਰ ਸੁੱਟਣ ਦੀ ਕੋਸ਼ਿਸ਼ ਕਰਦੇ ਹਨ ਅਤੇ ਹੁਣ ਤਾਨਾਸ਼ਾਹੀ ਪਕੋਕਾ ਐਕਟ ਲਾਗੂ ਕਰਨ ਦੇ ਰਸਤੇ ਉੱਪਰ ਚੱਲ ਪਏ ਹਨ । ਉਨ੍ਹਾਂ ਕਿਹਾ ਕਿ ਯਾਦ ਰਹੇ ਕਿ ਅਮਨ-ਕਾਨੂੰਨ ਦੀ ਸਥਿਤੀ ਬਹਾਲ ਕਰਨ ਦੇ ਨਾਂ 'ਤੇ ਪਹਿਲਾਂ ਵੀ ਅਜਿਹੇ ਕਈ ਐਕਟ ਬਣਾਏ ਗਏ, ਜਿਨ੍ਹਾਂ ਦੀ ਰੱਜ ਕੇ ਦੁਰਵਰਤੋਂ ਕਰ ਕੇ ਪੁਲਸ ਤੇ ਸੱਤਾਧਾਰੀ ਗੱਠਜੋੜ ਨੇ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ।
ਇਸੇ ਦੌਰਾਨ 'ਆਪ' ਦੇ ਸੂਬਾ ਪਾਰਟੀ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੇ ਹੋਰ ਆਗੂਆਂ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ, ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ, ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂਕੇ, ਵਿਧਾਇਕ ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਕੁਲਤਾਰ ਸਿੰਘ ਸੰਧਵਾਂ, ਨਾਜਰ ਸਿੰਘ ਮਾਨਸ਼ਾਹੀਆ, ਹਰਪਾਲ ਸਿੰਘ ਚੀਮਾ, ਜੈਕਿਸ਼ਨ ਸਿੰਘ , ਪ੍ਰਿੰਸੀਪਲ ਬੁੱਧਰਾਮ, ਅਮਰਜੀਤ ਸਿੰਘ ਸੰਧੋਆ, ਜਗਦੇਵ ਸਿੰਘ ਕਮਾਲੂ, ਮੀਤ ਹੇਅਰ, ਪਿਰਮਲ ਸਿੰਘ ਧੌਲਾ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਪੁੱਛਿਆ ਕਿ ਕੈਪਟਨ ਅਮਰਿੰਦਰ ਸਿੰਘ ਕਿਸ ਮਕਸਦ ਅਤੇ ਕਿਨ੍ਹਾਂ ਅਨਸਰਾਂ ਲਈ ਪਕੋਕਾ ਵਰਗਾ ਕਾਨੂੰਨ ਪੰਜਾਬ ਦੀ ਜਨਤਾ 'ਤੇ ਥੋਪ ਰਹੇ ਹਨ, ਸੂਬੇ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ


Related News