ਵਿਜੀਲੈਂਸ ਵਲੋਂ ਬੀਜ ਸਰਟੀਫਿਕੇਸ਼ਨ ਅਧਿਕਾਰੀ 50,000 ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Monday, Apr 13, 2026 - 08:38 PM (IST)
ਲੁਧਿਆਣਾ/ਬਠਿੰਡਾ (ਡੇਵਿਨ, ਵਰਮਾ) - ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿਖੇ ਤਾਇਨਾਤ ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ ਦੇ ਬੀਜ ਸਰਟੀਫਿਕੇਸ਼ਨ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਜ਼ਿਲਾ ਮਾਨਸਾ ਦੇ ਵਾਰਡ ਨੰ. 10 ਦੇ ਇਕ ਰਹਿਣ ਵਾਲੇ ਦੀ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਇਕ ਬੀਜ ਉਤਪਾਦਕ ਹੈ, ਜੋ ਮਾਨਸਾ ਵਿਚ ਮੈਸ. ਪੰਜਾਬ ਐਗਰੀ ਸੀਡ ਫਾਰਮ ਚਲਾਉਂਦਾ ਹੈ। ਉਸ ਦਾ ਕੰਮ ਖੇਤੀਬਾੜੀ ਯੂਨੀਵਰਸਿਟੀਆਂ ਤੋਂ ਬ੍ਰੀਡਰ ਸੀਡ (ਪਹਿਲੀ ਕਿਸਮ ਦੇ ਬੀਜ) ਪ੍ਰਾਪਤ ਕਰਨਾ ਅਤੇ ਖਰੀਦੀ ਫਸਲ ਤੋਂ ਬੀਜ ਤਿਆਰ ਕਰਨਾ ਹੈ। ਉਨ੍ਹਾਂ ਦੀ ਫਰਮ ਨੇ ਲਗਭਗ 510 ਹੈਕਟੇਅਰ (1275 ਏਕੜ) ਜ਼ਮੀਨ ’ਚ ਕਣਕ ਬੀਜੀ ਹੋਈ ਹੈ।
ਇਨ੍ਹਾਂ ਫਸਲਾਂ ਦੀ ਜਾਂਚ ਦੀ ਜ਼ਿੰਮੇਵਾਰੀ ਮੁਲਜ਼ਮ ਅੰਮ੍ਰਿਤਪਾਲ ਸਿੰਘ ਉੱਤੇ ਸੀ। ਸ਼ਿਕਾਇਤਕਰਤਾ ਅਨੁਸਾਰ ਲਗਭਗ 10 ਦਿਨ ਪਹਿਲਾਂ ਮੁਲਜ਼ਮ ਜਾਂਚ ਲਈ ਫਾਰਮ ’ਤੇ ਆਇਆ ਅਤੇ ਬੀਜੀ ਗਈ ਫਸਲ ਦੀ ਜਾਂਚ ਕੀਤੀ। ਇਸ ਦੌਰਾਨ ਉਸ ਨੇ ਰਿਪੋਰਟ ਹੱਕ ’ਚ ਬਣਾਉਣ ਦੇ ਬਦਲੇ 200 ਰੁਪਏ ਪ੍ਰਤੀ ਹੈਕਟੇਅਰ (ਕੁੱਲ 1,02,000 ਰੁਪਏ) ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਦੀ ਪੂਰੀ ਗੱਲਬਾਤ ਰਿਕਾਰਡ ਕਰ ਲਈ।
ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਬਠਿੰਡਾ ਨਾਲ ਸੰਪਰਕ ਕੀਤਾ। ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਟ੍ਰੈਪ ਲਗਾਇਆ ਅਤੇ ਦੋਸ਼ੀ ਨੂੰ 50,000 ਰੁਪਏ ਲੈਂਦੇ ਹੋਏ 2 ਸਰਕਾਰੀ ਗਵਾਹਾਂ ਦੀ ਮੌਜੂਦਗੀ ’ਚ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਮਾਮਲੇ ’ਚ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਥਾਣਾ ਬਠਿੰਡਾ ’ਚ ਮਾਮਲਾ ਦਰਜ ਕੀਤਾ ਗਿਆ ਹੈ।
