‘ਆਪ’ ਕੌਂਸਲਰ ਨੇ ਕਮਿਸ਼ਨਰ ਖ਼ਿਲਾਫ਼ ਗ੍ਰਹਿ ਮੰਤਰੀ, ਰਾਜਪਾਲ ਤੇ ਮੁੱਖ ਮੰਤਰੀ ਨੂੰ ਕੀਤੀ ਸ਼ਿਕਾਇਤ

Saturday, Aug 24, 2024 - 10:57 AM (IST)

ਚੰਡੀਗੜ੍ਹ (ਰਾਏ) : ਆਮ ਆਦਮੀ ਪਾਰਟੀ ਦੇ ਕੌਂਸਲਰ ਜਸਬੀਰ ਸਿੰਘ ਲਾਡੀ ਨੇ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ’ਤੇ ਗੰਭੀਰ ਦੋਸ਼ ਲਾਉਂਦਿਆਂ ਗ੍ਰਹਿ ਮੰਤਰੀ, ਰਾਜਪਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖ਼ਤੀ ਸ਼ਿਕਾਇਤ ਭੇਜੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਮਿਸ਼ਨਰ ਨੇ ਉਨ੍ਹਾਂ ਦੀ ਸਾਖ਼ ਅਤੇ ਅਕਸ ਨੂੰ ਢਾਹ ਲਾਉਣ ਲਈ ਨਗਰ ਨਿਗਮ ਦੀ ਹਾਊਸ ਮੀਟਿੰਗ ਦੇ ਸਪਲੀਮੈਂਟਰੀ ਏਜੰਡੇ ’ਚ 2022 ਦੀ ਲਟਕੀ ਹੋਈ ਸ਼ਿਕਾਇਤ ਨੂੰ ਸ਼ਾਮਲ ਕੀਤਾ ਹੈ। ਇਹ ਸ਼ਿਕਾਇਤ ਹਾਲੇ ਜਾਂਚ ਅਧੀਨ ਹੈ ਅਤੇ ਇਸ ਦਾ ਸਿੱਟਾ ਨਹੀਂ ਨਿਕਲਿਆ। ਸ਼ਿਕਾਇਤ ’ਚ ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਹਾਊਸ ਮੀਟਿੰਗ ’ਚ ਸਪਲੀਮੈਂਟਰੀ ਏਜੰਡੇ ’ਚ ਆਮ ਤੌਰ ’ਤੇ ਸ਼ਹਿਰ ਦੇ ਵਿਕਾਸ ਨਾਲ ਸਬੰਧਿਤ ਮੁੱਦੇ ਸ਼ਾਮਲ ਹੁੰਦੇ ਹਨ ਪਰ ਇਸ ਵਾਰ ਅਧਿਕਾਰੀਆਂ ਨੇ 2022 ਦੀ ਸ਼ਿਕਾਇਤ ਨੂੰ ਸ਼ਾਮਲ ਕੀਤਾ, ਜਿਸ ਦੀ ਜਾਂਚ ਹਾਲੇ ਤੱਕ ਮੁਕੰਮਲ ਨਹੀਂ ਹੋਈ। ਇਸ ਬਾਰੇ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਗਈ।

ਉਨ੍ਹਾਂ ਦੱਸਿਆ ਕਿ 20 ਅਗਸਤ ਨੂੰ ਰਾਤ 8 ਵਜੇ ਸਾਰੇ ਕੌਂਸਲਰਾਂ ਨੂੰ 209 ਪੰਨਿਆਂ ਦਾ ਸਪਲੀਮੈਂਟਰੀ ਏਜੰਡਾ ਭੇਜਿਆ ਗਿਆ ਸੀ। ਅਗਲੇ ਦਿਨ ਸਦਨ ਦੀ ਮੀਟਿੰਗ ਦੀ ਤਿਆਰੀ ਕਰਦਿਆਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੰਨਾ 94 ’ਤੇ ਉਨ੍ਹਾਂ ਖ਼ਿਲਾਫ਼ 2022 ਦੀ ਸ਼ਿਕਾਇਤ ਪ੍ਰਕਾਸ਼ਿਤ ਕੀਤੀ ਗਈ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਸ ਸ਼ਿਕਾਇਤ ’ਚ ਮੇਰੇ ’ਤੇ ਕੁੱਝ ਵਿਅਕਤੀਆਂ ਵੱਲੋਂ ਧਮਕੀਆਂ ਦੇਣ ਦਾ ਦੋਸ਼ ਲਾਇਆ ਗਿਆ ਸੀ ਪਰ ਇਸ ਸ਼ਿਕਾਇਤ ਦੀ ਹਾਲੇ ਜਾਂਚ ਚੱਲ ਰਹੀ ਹੈ। ਫਿਰ ਵੀ ਕਮਿਸ਼ਨਰ ਨੇ ਇਸ ਨੂੰ ਸਪਲੀਮੈਂਟਰੀ ਏਜੰਡੇ ’ਚ ਸ਼ਾਮਲ ਕਰਨ ਲਈ ਮੇਅਰ ਨੂੰ ਭੇਜ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਮੇਅਰ ਲਈ 209 ਪੰਨਿਆਂ ਦੇ ਏਜੰਡੇ ਨੂੰ ਪੂਰੀ ਤਰ੍ਹਾਂ ਪੜ੍ਹਨਾ ਸੰਭਵ ਨਹੀਂ ਸੀ, ਇਸ ਲਈ ਉਨ੍ਹਾਂ ਨੇ ਆਮ ਫਾਈਲ ਵਾਂਗ ਇਸ ’ਤੇ ਦਸਤਖ਼ਤ ਕਰ ਦਿੱਤੇ। ਨਗਰ ਨਿਗਮ ਅਧਿਕਾਰੀਆਂ ਨੂੰ ਇਸ ਸ਼ਿਕਾਇਤ ਨੂੰ ਏਜੰਡੇ ’ਚ ਸ਼ਾਮਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸੂਚਿਤ ਕਰਨਾ ਚਾਹੀਦਾ ਸੀ ਕਿਉਂਕਿ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਕੌਂਸਲਰ ਦੀ ਸ਼ਿਕਾਇਤ ਸਪਲੀਮੈਂਟਰੀ ਏਜੰਡੇ ’ਚ ਪ੍ਰਕਾਸ਼ਿਤ ਕੀਤੀ ਗਈ ਸੀ।
ਸਾਰਿਆਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਨੇ ਨਿਯਮ
ਕੌਂਸਲਰ ਲਾਡੀ ਨੇ ਇਸ ਮੁੱਦੇ ’ਤੇ ਬਰਾਬਰਤਾ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਖ਼ਿਲਾਫ਼ ਰੋਜ਼ਾਨਾ ਸ਼ਿਕਾਇਤਾਂ ਮਿਲਦੀਆਂ ਹਨ ਪਰ ਉਨ੍ਹਾਂ ਨੂੰ ਕਦੇ ਵੀ ਸਪਲੀਮੈਂਟਰੀ ਏਜੰਡੇ ’ਚ ਪ੍ਰਕਾਸ਼ਿਤ ਨਹੀਂ ਕੀਤਾ ਜਾਂਦਾ। ਨਿਯਮ ਸਾਰਿਆਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਹਨ। ਜੇਕਰ ਏਜੰਡੇ ’ਚ 2022 ਦੀ ਸ਼ਿਕਾਇਤ ਸ਼ਾਮਲ ਕੀਤੀ ਜਾ ਸਕਦੀ ਹੈ ਤਾਂ ਨਗਰ ਨਿਗਮ ਸਟਾਫ਼ ਤੇ ਅਧਿਕਾਰੀਆਂ ਖ਼ਿਲਾਫ਼ ਸਾਰੀਆਂ ਸ਼ਿਕਾਇਤਾਂ ਨੂੰ ਵੀ ਪ੍ਰਕਾਸ਼ਿਤ ਕੀਤਾ ਜਾਣਾ ਚਾਹੀਦਾ ਹੈ।
ਕਿਹਾ, ਲੜਾਂਗਾ ਕਾਨੂੰਨੀ ਲੜਾਈ
ਕੌਂਸਲਰ ਜਸਬੀਰ ਸਿੰਘ ਲਾਡੀ ਨੇ ਸਪੱਸ਼ਟ ਕਿਹਾ ਕਿ ਉਹ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਮੇਰੇ ਖ਼ਿਲਾਫ਼ ਸ਼ਿਕਾਇਤ ਨੂੰ ਸਪਲੀਮੈਂਟਰੀ ਏਜੰਡੇ ’ਚ ਪ੍ਰਕਾਸ਼ਿਤ ਕਰਨ ਖ਼ਿਲਾਫ਼ ਕਾਨੂੰਨੀ ਲੜਾਈ ਲੜਨਗੇ। ਜਲਦੀ ਹੀ ਕਾਨੂੰਨੀ ਰਾਏ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸਪਲੀਮੈਂਟਰੀ ਏਜੰਡਾ ਤਿਆਰ ਕਰਨ ਵਾਲੇ ਨਗਰ ਨਿਗਮ ਦੇ ਅਧਿਕਾਰੀਆਂ ਖ਼ਿਲਾਫ਼ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।


Babita

Content Editor

Related News