ਆਮ ਆਦਮੀ ਪਾਰਟੀ ਆਪਣੀਆਂ ਗਲਤ ਹਰਕਤਾਂ ਕਾਰਨ ਬਣੀ ''ਅਯਾਸ਼ ਆਦਮੀ ਪਾਰਟੀ'' : ਮਜੀਠੀਆ

09/28/2016 5:39:31 PM

ਖਟਕੜ ਕਲਾਂ /ਨਵਾਂਸ਼ਹਿਰ (ਤ੍ਰਿਪਾਠੀ) : ਹੱਕ ਅਤੇ ਸੱਚ ਦੀ ਲੜਾਈ ਹਮੇਸ਼ਾ ਪੰਜਾਬੀਆਂ ਦੇ ਹਿੱਸੇ ਆਈ ਹੈ, ਭਾਵੇਂ ਉਹ ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਵੇ ਜਾਂ ਫ਼ਿਰ ਲੋਕ ਅਧਿਕਾਰਾਂ ਦੇ ਦਮਨ ਖਿਲਾਫ਼ ਹੋਵੇ ਪੰਜਾਬੀਆਂ ਨੇ ਹਮੇਸ਼ਾਂ ਅੱਗੇ ਹੋ ਕੇ ਸੰਘਰਸ਼ ਕੀਤਾ ਹੈ। ਹੱਕ ਤੇ ਸੱਚ ਨਾਲ ਖੜ੍ਹਨ ਦੀ ਗੁੜ੍ਹਤੀ ਸਾਨੂੰ ਸਾਡੇ ਗੁਰੂ ਸਾਹਿਬਾਨ ਤੋਂ ਮਿਲੀ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬੁੱਧਵਾਰ ਨੂੰ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 109ਵੇਂ ਜਨਮ ਦਿਨ ਮੌਕੇ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਮੌਕੇ ਕੀਤਾ। ਉਨ੍ਹਾਂ ਇਸ ਤੋਂ ਪਹਿਲਾਂ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਦੀ ਪ੍ਰਤਿਮਾ ਅੱਗੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤਾ। ਉਨ੍ਹਾਂ ਆਖਿਆ ਕਿ ਸ਼ਹੀਦ-ਏ-ਆਜ਼ਮ ਦੀ ਸੋਚ ਅੱਜ ਵੀ ਸਾਡੇ ਵਿਚ ਜਿੰਦਾ ਹੈ।
ਉਨ੍ਹਾਂ ਆਖਿਆ ਕਿ ਅੱਜ ਬਹੁਤ ਸਾਰੇ ਬਾਹਰੀ ਲੋਕ ਆਪਣੇ ਆਪ ਨੂੰ ਪੰਜਾਬ ਦੇ ਹਮਦਰਦ ਜਾਂ ਮਸੀਹਾ ਕਹਾਉਣ ਦੀ ਦੌੜ ਵਿਚ ਲੱਗੇ ਹੋਏ ਹਨ, ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ ਆਗੂ ਵੀ ਸ਼ਾਮਿਲ ਹਨ। ਉਨ੍ਹਾਂ ਆਖਿਆ ਕਿ ਪੰਜਾਬੀਆਂ ਦਾ ਦਰਦ ਗੈਰ-ਪੰਜਾਬੀ ਨਹੀਂ ਬਲਕਿ ਪੰਜਾਬੀ ਹੀ ਸਮਝ ਸਕਦੇ ਹਨ। ਉਨ੍ਹਾਂ ਆਖਿਆ ਕਿ ਆਪਣੀਆਂ ਗਲਤ ਹਰਕਤਾਂ ਕਾਰਨ ਆਮ ਆਦਮੀ ਪਾਰਟੀ ਤੋਂ ''ਅਯਾਸ਼ ਆਦਮੀ ਪਾਰਟੀ'' ਵਿਚ ਬਦਲਦੀ ਜਾਂਦੀ ਇਹ ਪਾਰਟੀ ਹਰ ਉਸ ਕੰਮ ਵਿਚ ਗਲਤਾਨ ਹੈ, ਜਿਸ ਨੂੰ ਸਮਾਜ ਦੇ ਲੋਕ ਕਦੇ ਵੀ ਸਵੀਕਾਰ ਨਹੀਂ ਕਰਦੇ। ਉਨ੍ਹਾਂ ਆਖਿਆ ਕਿ ਗਲਤ ਕੰਮਾਂ ਦਾ ਵਿਰੋਧ ਕਰਨ ਵਾਲੇ ਪਾਰਟੀ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਵਾਲੀ ਇਹ ਪਾਰਟੀ ਪਹਿਲਾਂ ਆਪਣੇ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਅਤੇ ਫ਼ਿਰ ਪੰਜਾਬ ਵਿਚ ਪਾਰਟੀ ਦੀ ਵਾਗਡੋਰ ਸੰਭਾਲੀ ਬੈਠੇ ਬਾਹਰੀ ਆਗੂਆਂ ''ਤੇ ਉਂਗਲ ਚੁੱਕਣ ਵਾਲੇ ਆਪਣੇ ਹੀ ਵਿਧਾਇਕ ਦਵਿੰਦਰ ਸਹਿਰਾਵਤ ਦੇ ਪਿੱਛੇ ਪੈ ਗਈ ਹੈ।
ਉਨ੍ਹਾਂ ਸੁਆਲ ਕੀਤਾ ਕਿ ਆਮ ਆਦਮੀ ਦਾ ਪਾਖੰਡ ਕਰਨ ਵਾਲੇ ਪਾਰਟੀ ਦੇ ਚੋਟੀ ਦੇ ਲੀਡਰ ਜਦੋਂ ਹਵਾਈ ਯਾਤਰਾ ਸਭ ਤੋਂ ਮਹਿੰਗੀ ਟਿਕਟ ਵਾਲੀ ਸੀਟ ''ਤੇ ਕਰਦੇ ਹੋਣ, ਪਾਰਟੀ ਦਾ ਮੁਖੀ ਪੰਜਾਬ ਆਉਣ ਤੋਂ ਪਹਿਲਾਂ ਹਰ ਵਾਰ ''ਜ਼ੈੱਡ ਪਲੱਸ'' ਸੁਰੱਖਿਆ ਦੀ ਮੰਗ ਕਰੇ, ਪਾਰਟੀ ਦੇ ਵਿਧਾਇਕ ਕਦੇ ਮਹਿਲਾਵਾਂ ਨਾਲ ਬਦਸਲੂਕੀ ਅਤੇ ਕਦੇ ਭ੍ਰਿਸ਼ਟ ਕਾਰਗੁਜ਼ਾਰੀਆਂ ਨਾਲ ਇਕ-ਇਕ ਕਰਕੇ ਜੇਲ ਜਾ ਰਹੇ ਹੋਣ, ਫਿਰ ਅਜਿਹੀ ਪਾਰਟੀ ਪੰਜਾਬ ਵਿਚ ਕਿਸ ਤਰ੍ਹਾਂ ਵਧੀਆ ਰਾਜ ਦੇਣ ਦਾ ਦਾਅਵਾ ਕਰ ਸਕਦੀ ਹੈ।
ਉਨ੍ਹਾਂ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ''ਹਲਕੇ ਵਿਚ ਕੈਪਟਨ'' ਮੁਹਿੰਮ ''ਤੇ ਵਿਅੰਗ ਕਰਦਿਆਂ ਆਖਿਆ ਕਿ ਨਾ ਤਾਂ ਉਹ ਸੰਸਦ ਵਿਚ ਜਾਂਦਾ ਹੈ ਤੇ ਨਾ ਉਸ ਹਲਕੇ ਵਿਚ ਜਿੱਥੋਂ ਦੀ ਨੁਮਾਇੰਦਗੀ ਕਰਦਾ ਹੈ, ਫ਼ਿਰ ਉਹ ਆਪਣੇ ਆਪ ਨੂੰ ਕਿਹੜੇ ਹਲਕੇ ਦਾ ਕੈਪਟਨ ਅਖਵਾਉਂਦਾ ਹੈ। ਉਨ੍ਹਾਂ ਚੋਟ ਕਰਦਿਆਂ ਆਖਿਆ ਕਿ ਉਸ ਨੂੰ ਸੰਸਦ ਵਿਚ ਹਾਜ਼ਰੀ ਵਧਾਉਣ ਲਈ ''ਪਾਰਲੀਮੈਂਟ ਵਿਚ ਕੈਪਟਨ'' ਜਾਂ ਫ਼ਿਰ ''ਪਹਾੜਾਂ ਵਿਚ ਕੈਪਟਨ'' ਵੀ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਾਂਗਰਸ ''ਤੇ ਹਮਲਾ ਕਰਦਿਆਂ ਆਖਿਆ ਕਿ ਅੱਜ ਕਿਸਾਨਾਂ ਨੂੰ ਸਰਕਾਰ ਆÀਣ ''ਤੇ ਰਾਹਤ ਦੇਣ ਦੇ ਦਾਅਵੇ ਕਰਨ ਵਾਲੀ ਪਾਰਟੀ ਦਾ ਵੱਡਾ ਦੁਖਾਂਤ ਇਹ ਹੈ ਕਿ ਪਾਰਟੀ ਦੀ ਚੋਣ ਮੈਨੀਫੈਸਟੋ ਕਮੇਟੀ ਦਾ ਮੁਖੀ, ਉਸ ਵਿਅਕਤੀ ਨੂੰ ਬਣਾਇਆ ਗਿਆ ਹੈ ਜੋ ਕਿ ਕਿਸਾਨ ਸਬਸਿਡੀਆਂ ਦਾ ਸਭ ਤੋਂ ਵੱਧ ਵਿਰੋਧ ਕਰਦਾ ਸੀ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਦੀ ਪਿੰਡ ਦੀ ਮਿੱਟੀ ਦੀ ਸਹੁੰ ਖਾ ਕੇ ਮੁੱਕਰ ਜਾਣ ਵਾਲੇ ਤੋਂ ਲੋਕਾਂ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ।


Gurminder Singh

Content Editor

Related News