ਜਾਖੜ ਦੇ ਆਉਣ ’ਤੇ ਅਕਾਲੀ-ਭਾਜਪਾ ਗਠਜੋੜ ਦੀ ਆਹਟ ਨਾਲ ''ਆਪ'' ਦੇ ਜਲੰਧਰ ਯੂਨਿਟ ਨੂੰ ਲੱਗਾ ਝਟਕਾ

Wednesday, Jul 05, 2023 - 11:16 AM (IST)

ਜਲੰਧਰ (ਖੁਰਾਣਾ)–ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਚ ਵੱਡਾ ਦਾਅ ਖੇਡਦਿਆਂ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਪ੍ਰਦੇਸ਼ ਭਾਜਪਾ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਇਸੇ ਵਿਚਕਾਰ ਅਜਿਹੀਆਂ ਖ਼ਬਰਾਂ ਨੇ ਵੀ ਜ਼ੋਰ ਫੜ ਲਿਆ ਹੈ ਕਿ ਪੰਜਾਬ ਵਿਚ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਦੋਬਾਰਾ ਹੋਣ ਜਾ ਰਿਹਾ ਹੈ ਅਤੇ ਇਸ ਦਾ ਐਲਾਨ ਕੁਝ ਦਿਨਾਂ ਦੇ ਅੰਦਰ ਕਰ ਦਿੱਤਾ ਜਾਵੇਗਾ। ਇਨ੍ਹਾਂ ਦੋਵਾਂ ਘਟਨਾਵਾਂ ਨਾਲ ਆਮ ਆਦਮੀ ਪਾਰਟੀ ਦੇ ਜਲੰਧਰ ਯੂਨਿਟ ਨੂੰ ਤਕੜਾ ਝਟਕਾ ਲੱਗਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਦੇ ਕਈ ਆਗੂ ਆਮ ਆਦਮੀ ਪਾਰਟੀ ਦਾ ਪੱਲਾ ਫੜ ਚੁੱਕੇ ਹਨ, ਜਿਸ ਕਾਰਨ ਜਲੰਧਰ ਵਿਚ ‘ਆਪ’ ਦੀ ਸਥਿਤੀ ਕਾਫ਼ੀ ਮਜ਼ਬੂਤ ਮੰਨੀ ਜਾ ਰਹੀ ਹੈ। ਇਨ੍ਹੀਂ ਦਿਨੀਂ ਵੀ ਕਾਂਗਰਸ ਦੇ ਕਈ ਆਗੂ ਅਤੇ ਸਾਬਕਾ ਕੌਂਸਲਰ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਸੰਪਰਕ ਵਿਚ ਸਨ ਅਤੇ ਉਨ੍ਹਾਂ ਦੀ ਜੁਆਈਨਿੰਗ ਹੋਣ ਹੀ ਵਾਲੀ ਸੀ ਪਰ ਇਸੇ ਵਿਚਕਾਰ ਸੁਨੀਲ ਜਾਖੜ ਦੇ ਅੱਗੇ ਆਉਣ ਨਾਲ ਇਹ ਸਮੀਕਰਨ ਬਦਲ ਰਹੇ ਹਨ। ਪਤਾ ਲੱਗਾ ਹੈ ਕਿ ਦਲ-ਬਦਲ ਕਰਨ ਵਾਲੇ ਕਈ ਆਗੂ ਹੁਣ ਭਾਜਪਾ ਵੱਲ ਮੁੜਨ ਬਾਰੇ ਸੋਚਣ ਲੱਗੇ ਹਨ।

ਇਹ ਵੀ ਪੜ੍ਹੋ- ਪੰਜਾਬ ’ਚ ਮੁਰਝਾਏ ਕਮਲ ਨੂੰ ਮੁੜ ਖਿੜਾਉਣ ਲਈ ਭਾਜਪਾ ਦਾ ‘ਜਾਖੜ ਪਲਾਨ’, ਚੁਣੌਤੀ-ਫਾਡੀ ਨੂੰ ਅੱਵਲ ਬਣਾਉਣਾ

ਜਲੰਧਰ ਵਰਗੇ ਸ਼ਹਿਰ ’ਚ ਹਨ ਜਾਖੜ ਦੇ ਮਜ਼ਬੂਤ ਸੰਪਰਕ
ਕਾਂਗਰਸ ਦੇ ਕੱਦਾਵਰ ਆਗੂ ਰਹੇ ਸੁਨੀਲ ਜਾਖੜ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿਚ ਚਲੇ ਗਏ ਸਨ, ਜਿਸ ਕਾਰਨ ਕਈ ਸੀਟਾਂ ’ਤੇ ਕਾਂਗਰਸ ਨੂੰ ਤਕੜਾ ਝਟਕਾ ਲੱਗਾ ਸੀ, ਜਿਸ ਦਾ ਸਿੱਧਾ ਲਾਭ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮਿਲਿਆ ਸੀ। ਸੁਨੀਲ ਜਾਖੜ ਇਕ ਵਧੀਆ ਸੁਭਾਅ ਦੇ ਵਿਅਕਤੀ ਹਨ, ਜਿਸ ਕਾਰਨ ਜਲੰਧਰ ਵਰਗੇ ਸ਼ਹਿਰ ਵਿਚ ਉਨ੍ਹਾਂ ਦੇ ਸੰਪਰਕ ਕਾਫ਼ੀ ਜ਼ਿਆਦਾ ਹਨ। ਉਹ ਇਨ੍ਹਾਂ ਸੰਪਰਕਾਂ ਦੀ ਵਰਤੋਂ ਕਰਕੇ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ। ਇਹ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਕਈ ਕੱਦਾਵਰ ਕਾਂਗਰਸੀ ਭਾਜਪਾ ਦਾ ਪੱਲਾ ਫੜ ਸਕਦੇ ਹਨ।

ਅਕਾਲੀ-ਭਾਜਪਾ ਦੇ ਇਕੱਠੇ ਹੋਣ ਨਾਲ ਵਧੇਗਾ ਵੋਟ ਸ਼ੇਅਰ
ਪਿਛਲੀਆਂ ਵਿਧਾਨ ਸਭਾ ਚੋਣਾਂ ਅਤੇ ਹਾਲ ਹੀ ਵਿਚ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ ਅਤੇ ਭਾਜਪਾ ਨੇ ਵੱਖ-ਵੱਖ ਹੋ ਕੇ ਚੋਣਾਂ ਲੜੀਆਂ। ਇਸ ਕਾਰਨ ਦੋਵਾਂ ਨੂੰ ਹੀ ਜ਼ਿਆਦਾ ਜਿੱਤ ਅਤੇ ਵੋਟ ਸ਼ੇਅਰ ਨਸੀਬ ਨਹੀਂ ਹੋਈ। ਦੋਵਾਂ ਦਾ ਹੀ ਵੋਟ ਸ਼ੇਅਰ ਵੰਡੇ ਜਾਣ ਨਾਲ ਆਮ ਆਦਮੀ ਪਾਰਟੀ ਨੂੰ ਸਿੱਧਾ ਫਾਇਦਾ ਪੁੱਜਾ ਪਰ ਹੁਣ ਜੇਕਰ ਦੋਵਾਂ ਪਾਰਟੀਆਂ ਵਿਚ ਗੱਠਜੋੜ ਹੁੰਦਾ ਹੈ ਤਾਂ ਦੋਵਾਂ ਪਾਰਟੀਆਂ ਦਾ ਵੋਟ ਸ਼ੇਅਰ ਕਾਫ਼ੀ ਵਧ ਜਾਵੇਗਾ, ਜਿਸ ਕਾਰਨ ਨਿਗਮ ਚੋਣਾਂ ਵਿਚ ਵੀ ‘ਆਪ’ ਦੇ ਉਮੀਦਵਾਰਾਂ ਨੂੰ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ। ਅਜਿਹੇ ਉਮੀਦਵਾਰਾਂ ਨੂੰ ਹੁਣ ਜ਼ਿਆਦਾ ਮਿਹਨਤ ਕਰਨੀ ਪਵੇਗੀ।

ਇਹ ਵੀ ਪੜ੍ਹੋ- ਭਾਰਤ ‘ਚ ਹਰ ਸਾਲ ਸ਼ੂਗਰ ਨਾਲ ਕਰੀਬ 10 ਲੱਖ ਲੋਕਾਂ ਦੀ ਹੋ ਰਹੀ ਮੌਤ, ਨੌਜਵਾਨਾਂ ਲਈ ਖ਼ਤਰੇ ਦੀ ਘੰਟੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News