ਆਂਗਣਵਾੜੀ ਮੁਲਾਜ਼ਮਾਂ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਰੋਸ ਪ੍ਰਦਰਸ਼ਨ
Tuesday, Jul 11, 2017 - 03:14 AM (IST)
ਹੁਸ਼ਿਆਰਪੁਰ, (ਘੁੰਮਣ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਅੱਜ ਜ਼ਿਲਾ ਪ੍ਰਧਾਨ ਗੁਰਬਖਸ਼ ਕੌਰ ਦੀ ਅਗਵਾਈ 'ਚ ਆਲ ਇੰਡੀਆ ਫੈੱਡਰੇਸ਼ਨ ਆਫ ਆਂਗਣਵਾੜੀ ਵਰਕਰਜ਼-ਹੈਲਪਰਜ਼ ਦੇ ਸੱਦੇ 'ਤੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਸਾਹਮਣੇ ਕਾਲੇ ਦੁੱਪਟੇ ਲੈ ਕੇ ਰੋਸ ਧਰਨਾ ਦਿੱਤਾ ਤੇ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਆਈ. ਸੀ. ਡੀ. ਐੱਸ. ਸਕੀਮ 2 ਅਕਤੂਬਰ 1975 ਨੂੰ ਸ਼ੁਰੂ ਕੀਤੀ ਗਈ ਸੀ, ਜਿਸ ਦਾ ਮਨੋਰਥ 0 ਤੋਂ 6 ਸਾਲ ਤੱਕ ਦੇ ਬੱਚਿਆਂ 'ਚੋਂ ਕੁਪੋਸ਼ਣ ਨੂੰ ਖਤਮ ਕਰ ਕੇ ਉਨ੍ਹਾਂ ਦਾ ਸਰੀਰਿਕ ਤੇ ਬੌਧਿਕ ਵਿਕਾਸ ਕਰਨਾ ਹੈ। ਪਰ ਕੇਂਦਰ ਦੀ ਮੋਦੀ ਸਰਕਾਰ ਇਸ ਸਕੀਮ ਨੂੰ ਖਤਮ ਕਰਨ ਜਾਂ ਪ੍ਰਾਈਵੇਟ ਅਧਿਕਾਰੀਆਂ ਨੂੰ ਦੇਣ ਦੇ ਮਨਸੂਬੇ ਬਣਾ ਰਹੀ ਹੈ ਅਤੇ 3 ਸਾਲਾਂ ਵਿਚ ਲਗਾਤਾਰ ਬਜਟ 'ਚ ਕਟੌਤੀ ਕਰ ਰਹੀ ਹੈ। ਕੇਂਦਰ ਤੇ ਸੂਬਾ ਸਰਕਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕੈਪ. ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਆਂਗਣਵਾੜੀ ਵਰਕਰਜ਼ ਯੂਨੀਅਨ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀਆਂ ਚਿਰੋਕਣੀਆਂ ਲਟਕ ਰਹੀਆਂ ਮੰਗਾਂ ਨੂੰ ਸਰਕਾਰ ਆਉਣ 'ਤੇ ਪੂਰਾ ਕੀਤਾ ਜਾਵੇਗਾ ਪਰ ਸਰਕਾਰ ਨੇ ਮੰਗਾਂ ਮੰਨਣੀਆਂ ਤਾਂ ਦੂਰ, ਚਾਰ ਮਹੀਨੇ ਬੀਤ ਜਾਣ ਤੋਂ ਬਾਅਦ ਯੂਨੀਅਨ ਨਾਲ ਗੱਲਬਾਤ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਸਾਨੂੰ ਸਵੈ-ਸੇਵਕਾਂ ਦਾ ਦਰਜਾ ਦਿੰਦੀ ਹੈ, ਪਰ ਦੂਜੇ ਪਾਸੇ ਜ਼ਬਰਦਸਤੀ ਵਾਧੂ ਕੰਮ ਥੋਪਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਸ਼ੁਰੂ ਕਰਨ ਦੇ ਫੈਸਲੇ ਨੇ ਸੂਬੇ ਦੀਆਂ 53 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਰੋਜ਼ਗਾਰ ਖਤਮ ਕਰਨ ਦਾ ਰਾਹ ਫੜ ਲਿਆ ਹੈ। ਉਨ੍ਹਾਂ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ 3 ਤੋਂ 6 ਸਾਲ ਦੇ ਬੱਚਿਆਂ ਦਾ ਦਾਖ਼ਲਾ ਆਂਗਣਵਾੜੀ 'ਚ ਯਕੀਨੀ ਬਣਾਇਆ ਜਾਵੇ ਅਤੇ ਵਰਕਰਾਂ ਤੇ ਹੈਲਪਰਾਂ ਨੂੰ ਘੱਟੋ-ਘੱਟ ਉਜਰਤ ਵਿਚ ਸ਼ਾਮਲ ਕਰ ਕੇ ਵਰਕਰਾਂ ਨੂੰ 18,000 ਰੁਪਏ ਤੇ ਹੈਲਪਰਾਂ ਨੂੰ 15,000 ਰੁਪਏ ਦਿੱਤੇ ਜਾਣ ਅਤੇ ਹੋਰ ਲਟਕਦੀਆਂ ਮੰਗਾਂ ਪਹਿਲ ਦੇ ਆਧਾਰ 'ਤੇ ਪੂਰੀਆਂ ਕੀਤੀਆਂ ਜਾਣ।
ਅੱਜ ਦੇ ਰੋਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਜ਼ਿਲਾ ਸਕੱਤਰ ਸਰਬਜੀਤ ਕੌਰ ਮੁਕੇਰੀਆਂ, ਜ਼ਿਲਾ ਕੈਸ਼ੀਅਰ ਜਸਵਿੰਦਰ ਕੌਰ ਢਾਡਾ ਗੜ੍ਹਸ਼ੰਕਰ, ਸੀਟੂ ਦੇ ਜ਼ਿਲਾ ਜਨਰਲ ਸਕੱਤਰ ਮਹਿੰਦਰ ਕੁਮਾਰ ਬੱਢੋਆਣ, ਅਨੀਤਾ ਤਲਵਾੜਾ, ਅਰੁਣਾ ਹਾਜੀਪੁਰ, ਪਦਮਾ, ਧਨਪਤ ਭੱਠਾ ਮਜ਼ਦੂਰ ਯੂਨੀਅਨ ਆਗੂ, ਤਰਲੋਚਨ, ਸੋਮ ਨਾਥ ਸਤਨੌਰ, ਬਲਦੇਵ ਕੌਰ ਟਾਂਡਾ, ਰਵਿੰਦਰ ਰਾਹੀ, ਸੁਖਵਿੰਦਰ ਕੌਰ, ਆਸ਼ਾ ਸੈਲਾ, ਮਨਜੀਤ ਕੌਰ ਚੇਅਰਪਰਸਨ, ਜਸਪਾਲ ਕੌਰ, ਰੁਪਿੰਦਰ, ਪ੍ਰਵੀਨ, ਰਛਪਾਲ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ, ਕਮਲੇਸ਼, ਜਸਵਿੰਦਰ ਕੌਰ ਟਾਂਡਾ, ਜਗੀਰ ਕੌਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
