''ਆਪ'' ਦਾ ਅੰਦਰੂਨੀ ਕਲੇਸ਼, ਫਿਰ ਦਿੱਲੀ ਵਾਲੇ ਪੰਜਾਬੀਆਂ ''ਤੇ ਹੋਏ ਹਾਵੀ

07/29/2017 12:52:52 PM

ਜਲੰਧਰ (ਬੁਲੰਦ)—ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਿਲੀ ਜ਼ਬਰਦਸਤ ਹਾਰ ਤੋਂ ਬਾਅਦ ਇਕਜੁਟ ਹੋ ਕੇ ਹਾਰ ਦੇ ਲਈ ਦਿੱਲੀ ਤੋਂ ਆਏ ਆਗੂਆਂ ਵਲੋਂ ਕੀਤੀ ਗਈ ਮਨਮਰਜ਼ੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਪਾਰਟੀ ਦੇ ਆਗੂਆਂ ਨੇ ਇਥੋਂ ਤੱਕ ਕਿਹਾ ਸੀ ਕਿ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਤੇ ਹੋਰ ਦਿੱਲੀ ਤੋਂ ਆਏ ਆਬਜ਼ਰਵਰਾਂ ਨੇ ਪੰਜਾਬ  ਦੀਆਂ ਹੱਕੀ ਮੰਗਾਂ, ਜ਼ਰੂਰਤਾਂ ਨੂੰ ਅੱਖੋਂ-ਪਰੋਖੇ ਕਰ ਕੇ ਗਲਤ ਤਰੀਕੇ ਨਾਲ ਟਿਕਟਾਂ ਦੀ ਵੰਡ ਕੀਤੀ ਤੇ ਕਈ ਅਜਿਹੇ ਗਲਤ ਫੈਸਲੇ ਕੀਤੇ, ਜਿਸ ਨਾਲ ਪਾਰਟੀ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ। ਇਸ ਤੋਂ ਬਾਅਦ ਦਿੱਲੀ ਵਿਚ ਹੋਈ ਬੈਠਕ ਵਿਚ ਹਾਈਕਮਾਨ ਨੇ ਪੰਜਾਬ ਇਕਾਈ ਨੂੰ ਭਰੋਸਾ ਦਿਵਾਇਆ ਸੀ ਕਿ ਹੁਣ ਪੰਜਾਬ ਇਕਾਈ ਵਿਚ ਦਿੱਲੀ ਵਾਲੇ ਟੰਗ ਨਹੀਂ ਅੜਾਉਣਗੇ ਤੇ ਜੋ ਫੈਸਲਾ ਹੋਵੇਗਾ ਉਹ ਪੰਜਾਬ ਇਕਾਈ ਦੇ ਆਗੂਆਂ ਦੀ ਸਹਿਮਤੀ ਨਾਲ ਹੋਵੇਗਾ ਪਰ ਅੱਜ ਚੰਡੀਗੜ੍ਹ ਤੋਂ ਆਏ ਜਲੰਧਰ ਸ਼ਹਿਰੀ ਤੇ ਦਿਹਾਤੀ ਦੇ ਪ੍ਰਧਾਨਾਂ ਦਾ ਨਾਂ ਦਾ ਐਲਾਨ ਹੋਣ ਤੋਂ ਬਾਅਦ ਪਾਰਟੀ ਵਿਚ ਇਸ ਗੱਲ ਨੂੰ ਲੈ ਕੇ ਕਲੇਸ਼ ਪੈ ਗਿਆ ਹੈ।
ਇਸ ਮਾਮਲੇ ਬਾਰੇ ਸਭ ਤੋਂ ਅਹਿਮ ਜਲੰਧਰ ਸੀਟ 'ਤੇ ਅੱਜ ਪ੍ਰਧਾਨ ਬਣਾਏ ਗਏ ਬੱਬੂ ਨੀਲਕੰਠ ਦੀ ਪ੍ਰਧਾਨਗੀ ਤੋਂ ਨਾਰਾਜ਼ ਆਗੂਆਂ ਨੇ ਹੁਸ਼ਿਆਰਪੁਰ ਵਿਚ ਪਾਰਟੀ ਦੇ ਦੋਆਬਾ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਦੇ ਆਫਿਸ ਵਿਚ ਜ਼ਬਰਦਸਤ ਬੈਠਕ ਹੋਈ, ਜਿਸ ਵਿਚ ਕਈ ਸੂਬਾ ਪੱਧਰੀ ਆਗੂਆਂ, ਕਈ ਜ਼ਿਲਿਆਂ ਦੇ ਪ੍ਰਧਾਨ ਤੇ ਜਲੰਧਰ ਦੇ ਅਨੇਕਾਂ ਵਾਲੰਟੀਅਰ ਸ਼ਾਮਲ ਹੋਏ। ਬੈਠਕ  ਬਾਰੇ ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਬੂ ਦਾ ਨਾਂ ਉਸ ਲਿਸਟ ਵਿਚ ਨਹੀਂ ਸੀ, ਜਿਸ ਨੂੰ ਪਾਰਟੀ ਦੇ ਦੋਆਬਾ ਪ੍ਰਧਾਨ ਸਚਦੇਵਾ ਨੇ ਹਾਈਕਮਾਨ ਨੂੰ ਭੇਜਿਆ ਸੀ। ਇਸ ਸੂਚੀ ਵਿਚ ਡਾ. ਇੰਦਰਜੀਤ ਸਿੰਘ, ਚੰਦਨ ਗਰੇਵਾਲ ਤੇ ਡਾ. ਸੰਜੀਵ ਸ਼ਰਮਾ ਤੇ  ਬੱਬੂ ਨੀਲਕੰਠ ਦਾ ਨਾਂ ਸ਼ਾਮਲ ਸੀ ਪਰ ਹੋਰ ਨਾਵਾਂ ਨੂੰ ਛੱਡ ਦਿੱਲੀ ਤੋਂ ਸੰਜੇ ਸਿੰਘ ਦੇ ਕਰੀਬੀ ਮੰਨੇ ਜਾਂਦੇ ਬੱਬੂ ਨੀਲਕੰਠ ਦਾ ਨਾਂ ਸਾਹਮਣੇ ਲਿਆਂਦਾ ਗਿਆ, ਜਿਸ ਨਾਲ ਪਾਰਟੀ ਦੀ ਦੋਆਬਾ ਲੀਡਰਸ਼ਿਪ ਵਿਚ ਭਾਰੀ ਨਾਰਾਜ਼ਗੀ ਹੈ।
ਮਾਮਲੇ ਬਾਰੇ ਪਾਰਟੀ ਦੇ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਬੈਠਕ ਵਿਚ ਕਈਆਂ ਨੇ ਤਾਂ ਇਸ ਨਾਰਾਜ਼ਗੀ ਕਾਰਨ ਆਪਣੇ ਅਸਤੀਫੇ ਤੱਕ ਦੀ ਪੇਸ਼ਕਸ਼ ਕਰ ਦਿੱਤੀ ਤੇ ਕਈ ਆਗੂਆਂ ਨੇ ਪਾਰਟੀ ਹਾਈਕਮਾਨ ਨੂੰ ਲਿਖਤੀ ਤੌਰ 'ਤੇ ਕਿਹਾ ਕਿ ਜੇਕਰ ਪਾਰਟੀ ਇਕ ਹਫਤੇ  ਵਿਚ ਨੀਲਕੰਠ ਦੀ ਪ੍ਰਧਾਨਗੀ ਦਾ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਪਾਰਟੀ ਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਮਲੇ ਬਾਰੇ ਬੈਠਕ ਵਿਚ ਪਹੁੰਚੇ ਪਾਰਟੀ ਆਗੂਆਂ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਦਿੱਲੀ ਵਿਚ ਬੈਠੇ ਆਗੂਆਂ ਨੇ ਪੰਜਾਬ ਵਿਚ ਆਪਣੇ ਫੈਸਲੇ ਥੋਪਣੇ ਹਨ ਤਾਂ ਇਸਦਾ ਨਤੀਜਾ ਆਉਣ ਵਾਲੀਆਂ ਚੋਣਾਂ ਵਿਚ ਸਾਹਮਣੇ ਆਉਣਾ ਤੈਅ ਹੈ। ਨਾਰਾਜ਼ ਆਗੂਆਂ ਨੇ ਸਚਦੇਵਾ ਨੂੰ ਇਕ ਹਫਤੇ ਦਾ ਸਮਾਂ ਦਿੱਤਾ ਹੈ, ਨਹੀਂ ਤਾਂ ਸਾਰੀ ਨਾਰਾਜ਼ਗੀ ਜਗ ਜ਼ਾਹਿਰ ਹੋਵੇਗੀ ਤੇ ਆਗੂ ਆਪਣੀ ਨਾਰਾਜ਼ਗੀ ਪ੍ਰੈੱਸ ਕਾਨਫਰੰਸ ਵਿਚ ਵੀ ਜ਼ਾਹਿਰ ਕਰਨਗੇ। ਫਿਲਹਾਲ ਸਾਰੇ ਆਗੂਆਂ ਨੂੰ ਪ੍ਰੈੱਸ ਤੇ ਮੀਡੀਆ ਦੇ ਸਾਹਮਣੇ ਮੂੰਹ ਨਾ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ।
ਮਾਮਲੇ ਬਾਰੇ ਪਾਰਟੀ ਦੇ ਦੋਆਬਾ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਅਹੁਦੇ ਦੀ ਵੰਡ ਹੁੰਦੀ ਹੈ ਤਾਂ ਅਜਿਹਾ ਵਿਰੋਧ ਹੁੰਦਾ ਹੀ ਹੈ। ਉਨ੍ਹਾਂ ਕਿਹਾ ਕਿ ਨੀਲਕੰਠ ਦਾ ਨਾਂ ਵੀ ਉਨ੍ਹਾਂ ਦੀ ਸੂਚੀ ਵਿਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਪਾਰਟੀ ਲੋਕਤੰਤਰਿਕ ਢਾਂਚੇ ਵਾਲੀ ਹੈ। ਇਸ ਵਿਚ ਹਰ ਕਿਸੇ ਨੂੰ ਆਪਣਾ ਪੱਖ ਰੱਖਣ ਦੀ ਆਜ਼ਾਦੀ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਨੂੰ 4 ਨਾਂ ਭੇਜੇ ਸਨ ਤੇ ਪਾਰਟੀ ਨੇ ਨੀਲਕੰਠ ਦਾ ਨਾਂ ਫਾਈਨਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਵਿਰੋਧ ਜ਼ਰੂਰ ਸਾਹਮਣੇ ਆਇਆ ਹੈ ਪਰ ਕਿਸੇ ਨੇ ਇਸ ਮਾਮਲੇ ਨੂੰ ਲੈ ਕੇ ਅਸਤੀਫਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਾਰੇ ਨਾਰਾਜ਼ ਆਗੂਆਂ ਦੇ ਵਿਚਾਰਾਂ ਨੂੰ ਪਾਰਟੀ ਹਾਈਕਮਾਨ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਉਪ ਪ੍ਰਧਾਨ ਅਮਨ ਅਰੋੜਾ ਵਿਦੇਸ਼ ਚਲੇ ਗਏ ਹਨ ਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਸਾਰੇ ਮਾਮਲੇ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਜਾਵੇਗੀ।
ਮਾਮਲੇ ਬਾਰੇ ਪਾਰਟੀ ਜਾਣਕਾਰ ਦੱਸਦੇ ਹਨ ਕਿ 'ਆਪ' ਪਾਰਟੀ ਦੀ ਜ਼ਿਲਾ ਇਕਾਈ ਸਿੱਧੇ ਰੂਪ ਵਿਚ ਦੋ ਧੜਿਆਂ ਵਿਚ ਵੰਡੀ ਹੋਈ ਹੈ। ਇਕ ਵਿਚ ਨੀਲਕੰਠ ਸਮਰਥਕ ਤੇ ਦੂਸਰੇ ਵਿਚ ਡਾ. ਸੰਜੀਵ ਸਮਰਥਕ ਹਨ। ਨੀਲਕੰਠ ਦੀ ਪ੍ਰਧਾਨਗੀ ਨਾਲ ਸਿੱਧੇ ਤੌਰ 'ਤੇ ਡਾ. ਸੰਜੀਵ ਨੂੰ ਮੂੰਹ ਦੀ ਖਾਣੀ ਪਈ ਹੈ।  


Related News