‘ਮੈਗਾ ਰੋਡ ਸ਼ੋਅ’ ਦੌਰਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਆਖ਼ੀਆਂ ਵੱਡੀਆਂ ਗੱਲਾਂ
Sunday, Mar 13, 2022 - 04:41 PM (IST)
ਅੰਮ੍ਰਿਤਸਰ (ਵੈੱਬ ਡੈਸਕ,ਮਮਤਾ, ਗਾਂਧੀ)— ਚੋਣਾਂ ’ਚ ਮਿਲੀ ਵੱਡੀ ਜਿੱਤ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਵਿਖੇ ਵੱਡਾ ਰੋਡ ਸ਼ੋਅ ਕੱਢ ਕੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਆਪਣੇ ਸੰਬੋਧਨ ਦੌਰਾਨ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਾਲਿਆਂ ਨੇ ਕਮਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਜ ਸਵੇਰੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਨਤਮਸਤਕ ਹੋਏ, ਫਿਰ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਨਮਨ ਕੀਤਾ, ਫਿਰ ਅਸੀਂ ਦੁਰਗਿਆਣਾ ਮੰਦਿਰ ਅਤੇ ਭਗਵਾਨ ਵਾਲਮੀਕਿ ਜੀ ਦੇ ਧਾਰਮਕਿ ਸਥਾਨ ਰਾਮਤੀਰਥ ਵਿਖੇ ਨਤਮਸਤਕ ਹੋਏ। ਉਨ੍ਹਾਂ ਕਿਹਾ ਕਿ ਹੁਣ ਅਸੀਂ ਪੰਜਾਬ ਦੇ ਤਿੰਨ ਕਰੋੜ ਲੋਕਾਂ ਦੇ ਸਾਹਮਣੇ ਧੰਨਵਾਦ ਕਰਨ ਲਈ ਨਤਮਸਤਕ ਹੋਏ ਹਾਂ। ਉਨ੍ਹਾਂ ਕਿਹਾ ‘ਤੁਸੀਂ ਕਮਾਲ ਕਰ ਦਿੱਤਾ ਹੈ, ਆਈ ਲਵ ਯੂ ਪੰਜਾਬ’।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ’ਚ ਹੂੰਝਾ ਫੇਰ ਜਿੱਤ ਮਗਰੋਂ ਗੁਰੂ ਨਗਰੀ ’ਚ ‘ਆਪ’ ਨੇ ਕੱਢਿਆ ‘ਵਿਕਟਰੀ ਮਾਰਚ’, ਉਮੜਿਆ ਜਨ ਸੈਲਾਬ
ਉਨ੍ਹਾਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਜਿੱਤ ਨਾਲ ਬਹੁਤ ਵੱਡਾ ਇਨਕਲਾਬ ਆਇਆ ਹੈ। ਪੂਰੀ ਦੁਨੀਆ ਨੂੰ ਯਕੀਨ ਨਹੀਂ ਹੋ ਰਿਹਾ ਕਿ ਇੰਨਾ ਵੱਡਾ ਇਨਕਲਾਬ ਪੰਜਾਬ ’ਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆ ਇਹ ਤਾਂ ਜਾਣਦੀ ਸੀ ਕਿ ਪੰਜਾਬੀ ਇਨਕਲਾਬ ਕਰਦੇ ਹਨ ਪਰ ਇੰਨਾ ਵੱਡਾ ਇਨਕਲਾਬ ਕਿ ਸਾਰੇ ਹੀ ਹਾਰ ਗਏ। ਚਰਨਜੀਤ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਰਜਿੰਦਰ ਕੌਰ ਭੱਠਲ, ਨਵਜੋਤ ਸਿੰਘ ਸਿੱਧੂ, ਬਿਕਰਮ ਮਜੀਠੀਆ ਸਮੇਤ ਸਾਰੇ ਸਿਆਸੀ ਆਗੂਆਂ ਨੂੰ ਪੰਜਾਬ ਦੇ ਲੋਕਾਂ ਨੇ ਹਰਾਇਆ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਵੱਡੀ ਜਿੱਤ ਮਗਰੋਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ
ਉਨ੍ਹਾਂ ਕਿਹਾ ਕਿ ਇਹ ਤਾਂ ਪੰਜਾਬੀ ਹੀ ਕਰ ਸਕਦੇ ਸਨ, ਹੋਰ ਕਿਸੇ ’ਚ ਇੰਨੀ ਤਾਕਤ ਨਹੀਂ ਸੀ। ਉਨ੍ਹਾਂ ਕਿਹਾ ਕਿ ਜਨਤਾ ਨਾਲ ਕੀਤੀਆਂ ਸਾਰੀਆਂ ਗਾਰੰਟੀਆਂ ਨੂੰ ਪੂਰਾ ਕੀਤਾ ਜਾਵੇਗਾ। ਇਕ-ਇਕ ਸਰਕਾਰੀ ਪੈਸਾ ਲੋਕਾਂ ’ਤੇ ਖ਼ਰਚ ਕੀਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਕਈ ਸਾਲਾਂ ਤੋਂ ਬਾਅਦ ਪੰਜਾਬ ਨੂੰ ਹੁਣ ਪਹਿਲੀ ਵਾਰ ਈਮਾਨਦਾਰ ਮੁੱਖ ਮੰਤਰੀ ਮਿਲਿਆ ਹੈ। ਮੇਰੇ ਛੋਟੇ ਭਰਾ ਭਗਵੰਤ ਮਾਨ ਇਕ ਕੱਟੜ ਈਮਾਨਦਾਰ ਹਨ। ਜੇਕਰ ਕੋਈ ਸਾਡਾ ਐੱਮ. ਐੱਲ. ਏ. ਵੀ ਗਲਤ ਕੰਮ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਪੰਜਾਬ ਦੀ ਜਨਤਾ ਨੂੰ ਸਹੁੰ ਚੁੱਕ ਸਮਾਗਮ ’ਚ ਸ਼ਿਰਕਤ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ 16 ਤਾਰੀਖ਼ ਨੂੰ ਖਟਕੜਕਲਾਂ ’ਚ ਇਕੱਲੇ ਭਗਵੰਤ ਮਾਨ ਹੀ ਸਹੁੰ ਨਹੀਂ ਚੁੱਕਣਗੇ ਸਗੋਂ ਪੰਜਾਬ ਦਾ ਹਰ ਇਕ ਇਨਸਾਨ ਸਹੁੰ ਚੁੱਕੇਗਾ।
ਇਹ ਵੀ ਪੜ੍ਹੋ: ਰੰਧਾਵਾ ਦੇ ਤਿੱਖੇ ਹਮਲੇ, ਸਿੱਧੂ ਦੱਸਣ ਕਿ ਪ੍ਰਧਾਨ ਬਣਨ ਪਿੱਛੋਂ ਉਨ੍ਹਾਂ ਦੀ ਮੰਜੀ ਕਾਂਗਰਸ ਭਵਨ ’ਚ ਕਿਉਂ ਨਹੀਂ ਲੱਗੀ
ਉਥੇ ਹੀ ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਇਹ ਲੋਕਾਂ ਦੀ ਏਕਤਾ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ 70 ਸਾਲਾਂ ਤੋਂ ਲੁੱਟਣ ਵਾਲਿਆਂ ਦੀ ਹਾਰ ਹੋਈ ਹੈ। ਉਨ੍ਹਾਂ ਪੰਜਾਬ ਦੀ ਜਨਤਾ ਨੂੰ ਸਹੁੰ ਚੁੱਕ ਸਮਾਗਮ ’ਚ ਸ਼ਿਰਕਤ ਕਰਨ ਦਾ ਸੱਦਾ ਦਿੰਦੇ ਕਿਹਾ ਕਿ 16 ਮਾਰਚ ਨੂੰ ਖਟਕੜਕਲਾਂ ’ਚ ਇਕੱਲੇ ਮੈਂ ਨਹੀਂ ਸਗੋਂ ਤੁਸੀਂ ਵੀ ਸਹੁੰ ਚੁੱਕਣੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ