''ਆਪ'' ਆਗੂਆਂ ਨੇ ਕੈਪਟਨ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ

Monday, Mar 26, 2018 - 12:02 PM (IST)

''ਆਪ'' ਆਗੂਆਂ ਨੇ ਕੈਪਟਨ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ

ਜਲੰਧਰ (ਕੈਂਥ, ਵਰਿਆਣਾ)— ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਕਰਤਾਰਪੁਰ ਵੱਲੋਂ ਜਲੰਧਰ-ਹੁਸ਼ਿਆਰਪੁਰ ਮਾਰਗ ਸ਼ੇਖੇ ਪੁਲ ਲਾਗੇ ਦਲਿਤ ਨੇਤਾ ਵਿਨੋਦ ਮੋਦੀ ਸਾਬਕਾ ਜ਼ੋਨ ਇੰਚਾਰਜ ਐੱਸ. ਸੀ./ਐੱਸ. ਟੀ. ਵਿੰਗ ਜਲੰਧਰ ਦੀ ਅਗਵਾਈ ਹੇਠ ਦਲਿਤ ਮੁੱਦਿਆਂ ਨੂੰ ਲੈ ਕੇ ਕੈਪਟਨ ਸਰਕਾਰ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ 'ਆਪ' ਆਗੂ ਵਿਨੋਦ ਮੋਦੀ ਨੇ ਕਿਹਾ ਕਿ ਜੋ ਸਹੂਲਤ ਪਿਛਲੀ ਅਕਾਲੀ ਸਰਕਾਰ ਗਰੀਬ ਦਲਿਤਾਂ ਨੂੰ 200 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫਤ ਦਿੰਦੀ ਸੀ, ਉਹ ਸਹੂਲਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੰਦ ਕਰ ਦਿੱਤੀ ਹੈ।
ਕਾਂਗਰਸ ਪਾਰਟੀ ਨੇ ਚੋਣ ਮੈਨੀਫੈਸਟੋ 'ਚ ਇਹ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਦਲਿਤਾਂ ਨੂੰ ਮੁਫਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹੀ ਹਾਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਹੈ। ਅੱਜ ਦਲਿਤ ਵਿਦਿਆਰਥੀਆਂ ਤੋਂ ਉਸੇ ਤਰ੍ਹਾਂ ਫੀਸਾਂ ਲਈਆਂ ਜਾ ਰਹੀਆਂ ਹਨ। ਫੀਸਾਂ ਨਾ ਦੇਣ 'ਤੇ ਦਲਿਤ ਵਿਦਿਆਰਥੀਆਂ ਨੂੰ ਰੋਲ ਨੰਬਰ ਤਕ ਨਹੀਂ ਦਿੱਤੇ ਜਾਂਦੇ। ਵਿਨੋਦ ਮੋਦੀ ਨੇ ਕਿਹਾ ਕਿ ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਲਿਤ ਵਿਰੋਧੀ ਹੈ। ਉਨ੍ਹਾਂ ਆਖਿਰ 'ਚ ਸੁਪਰੀਮ ਕੋਰਟ ਦੇ ਉਸ ਫੈਸਲੇ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ, ਜਿਸ 'ਚ ਕਿਹਾ ਗਿਆ ਹੈ ਕਿ ਐੱਸ. ਸੀ./ਐੱਸ. ਟੀ. ਐਕਟ ਦੀ ਦੁਰਵਰਤੋਂ ਹੋ ਰਹੀ ਹੈ। ਇਸ ਰੋਸ ਪ੍ਰਦਰਸ਼ਨ 'ਚ ਅੰਮ੍ਰਿਤ ਪਾਲ ਯੂਥ ਆਗੂ 'ਆਪ', ਵਿਜੇ ਕੁਮਾਰ ਸ਼ੇਰਪੁਰ, ਰੱਖਾ ਰਾਮ ਸਾਬਕਾ ਸਰਪੰਚ, ਮਲਕੀਅਤ ਰਾਮ ਪੰਚ, ਸ਼ਿਵ ਕੁਮਾਰ, ਮਨਜੀਤ ਲਾਲ, ਰਾਜ ਕੁਮਾਰ ਨੰਗਲ ਸਲੇਮਪੁਰ, ਨਿਰਮਲ ਦਾਸ ਜੱਸਲ, ਗੁਰਮੀਤ ਰਾਮ, ਸੁਖਦੇਵ ਲਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ।


Related News