ਸੰਗਰੂਰ ਹਾਰ ਦਾ ਅਸਰ : ਹੁਣ ਜਨਵਰੀ ਦੇ ਅਖ਼ੀਰ ਤੱਕ ਨਿਗਮ ਚੋਣਾਂ ਕਰਵਾ ਸਕਦੀ ਹੈ ‘ਆਪ’

06/29/2022 9:53:28 AM

ਲੁਧਿਆਣਾ (ਵਿੱਕੀ) : ਆਮ ਆਦਮੀ ਪਾਰਟੀ ਦੀ ਟਿਕਟ ’ਤੇ ਨਗਰ ਨਿਗਮ ਚੋਣ ਲੜਨ ਦੇ ਸੁਫ਼ਨੇ ਦੇਖ ਰਹੇ ਆਗੂਆਂ ਨੂੰ ਹਾਲ ਦੀ ਘੜੀ ਜਨਵਰੀ ਤੱਕ ਉਡੀਕ ਕਰਨੀ ਪਵੇਗੀ ਕਿਉਂਕਿ ਸੰਗਰੂਰ ਜ਼ਿਮਨੀ ਚੋਣ ’ਚ ਮਿਲੀ ਹਾਰ ਤੋਂ ਬਾਅਦ ਪਾਰਟੀ ਹਾਲ ਦੀ ਘੜੀ ਨਿਗਮ ਚੋਣ ਕਰਵਾਉਣ ’ਚ ਕੁੱਝ ਮਹੀਨੇ ਦੀ ਦੇਰ ਕਰ ਸਕਦੀ ਹੈ। ਹਾਲਾਂਕਿ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਸੱਤਾਧਾਰੀ ‘ਆਪ’ ਸਤੰਬਰ ਤੋਂ ਬਾਅਦ ਕਦੇ ਵੀ ਨਿਗਮ ਚੋਣਾਂ ਦਾ ਬਿਗੁਲ ਵਜਾ ਸਕਦੀ ਹੈ। ਇਹੀ ਕਾਰਨ ਹੈ ਕਿ ਜਲਦ ਚੋਣਾਂ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਵੱਖ-ਵੱਖ ਵਾਰਡਾਂ ’ਚ ‘ਆਪ’ ਵਲੋਂ ਚੋਣ ਲੜਨ ਦੇ ਚਾਹਵਾਨਾਂ ਦੀ ਲਿਸਟ ਵੀ ਲੰਬੀ ਹੁੰਦੀ ਗਈ। ਇਸ ਦਾ ਸਬੂਤ ਹੈ ਕਿ ਲੁਧਿਆਣਾ ਦੇ ਹੀ ਵੱਖ-ਵੱਖ ਵਾਰਡਾਂ ’ਚ ਲੋਕਾਂ ਨੂੰ ‘ਆਪ’ ਦੇ ਕਈ ਨਵੇਂ ਆਗੂ ਦਿਖਣ ਲੱਗੇ ਹਨ, ਜਿਨ੍ਹਾਂ ਦੇ ਦਫ਼ਤਰ ਤੋਂ ਲੈ ਕੇ ਪੋਸਟਰ ਤੱਕ ਵੀ ਵਾਰਡਾਂ ਦੀਆ ਕੰਧਾਂ ਜਾਂ ਸੋਸ਼ਲ ਮੀਡੀਆ ’ਤੇ ਪ੍ਰਚਾਰਿਤ ਹੋ ਰਹੇ ਹਨ।

ਇਹ ਵੀ ਪੜ੍ਹੋ : ਮਰਹੂਮ ਪੰਜਾਬੀ ਗਾਇਕ 'ਸਿੱਧੂ ਮੂਸੇਵਾਲਾ' ਦੇ ਮੈਨੇਜਰ ਨੂੰ ਜਾਨ ਦਾ ਖ਼ਤਰਾ!, ਹਾਈਕੋਰਟ ਦਾ ਕੀਤਾ ਰੁਖ

ਇਸੇ ਦੇ ਨਾਲ ਹੀ ਪਾਰਟੀ ਦੇ ਵਿਧਾਇਕਾਂ ਵੱਲੋਂ ਰੋਜ਼ਾਨਾ ਹਲਕਿਆਂ ’ਚ ਸੜਕਾਂ ਅਤੇ ਗਲੀਆਂ ਬਣਾਉਣ ਦੇ ਕੰਮਾਂ ਦਾ ਉਦਘਾਟਨ ਵੀ ਨਗਰ ਨਿਗਮ ਚੋਣ ਜਲਦੀ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਹੀ ਤੇਜ਼ੀ ਨਾਲ ਕਰਵਾਏ ਗਏ ਤਾਂ ਕਿ ਜਨਤਾ ਦੀ ਵੋਟ ਨੂੰ ਆਪਣੇ ਵੱਲ ਖਿੱਚਿਆ ਜਾ ਸਕੇ ਪਰ ਸੰਗਰੂਰ ਹਾਰ ਤੋਂ ਸਬਕ ਲੈ ਕੇ ਪਾਰਟੀ ਹਾਲ ਦੀ ਘੜੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਵੀ ਇਕ-ਇਕ ਕਰ ਕੇ ਪੂਰੇ ਕਰਨ ਸਬੰਧੀ ਵੀ ਨਵੇਂ ਟਾਰਗੈੱਟ ਬਣਾਉਣ ਵੱਲ ਵੱਧ ਰਹੀ ਹੈ। ਇਨ੍ਹਾਂ ’ਚ ਸਭ ਤੋਂ ਅਹਿਮ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਕਰਨਾ ਨਿਸ਼ਾਨਾ ਰੱਖਿਆ ਗਿਆ ਹੈ। ਹਾਲਾਂਕਿ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਕਰਨ ਦਾ ਵਾਅਦਾ 1 ਜੁਲਾਈ ਤੋਂ ਲਾਗੂ ਹੋਣ ਜਾ ਰਿਹਾ ਹੈ।

ਇਹ ਵੀ ਪੜ੍ਹੋ : ਉਡੀਕ ਖ਼ਤਮ : PSEB ਨੇ ਐਲਾਨਿਆ 12ਵੀਂ ਜਮਾਤ ਦਾ ਨਤੀਜਾ, ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਮਾਰੀ ਬਾਜ਼ੀ

ਪਾਰਟੀ ਦਾ ਮੰਨਣਾ ਹੈ ਕਿ ਇਸ ਵਾਅਦੇ ਦੇ ਲਾਗੂ ਹੋਣ ਤੋਂ ਬਾਅਦ ਜ਼ਿਆਦਾਤਰ ਘਰੇਲੂ ਖ਼ਪਤਕਾਰਾਂ ਨੂੰ ਫ਼ਾਇਦਾ ਹੋਵੇਗਾ ਅਤੇ ਉਨ੍ਹਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਹੋ ਜਾਣਗੇ। ਨਾਲ ਹੀ ਸਤੰਬਰ ਤੋਂ ਬਾਅਦ ਏ. ਸੀ. ਦਾ ਇਸਤੇਮਾਲ ਘੱਟ ਹੋਣ ਕਾਰਨ ਉਨ੍ਹਾਂ ਖ਼ਪਤਕਾਰਾਂ ਨੂੰ ਵੀ ਫਾਇਦਾ ਮਿਲੇਗਾ, ਜਿਨ੍ਹਾਂ ਦੇ ਬਿੱਲ ਏ. ਸੀ. ਚੱਲਣ ਕਾਰਨ ਅਜੇ 400 ਤੋਂ 600 ਯੂਨਿਟ ਪ੍ਰਤੀ ਮਹੀਨਾ ਆ ਰਹੇ ਹਨ। ਪਾਰਟੀ ਦੀ ਸੋਚ ਹੈ ਕਿ ਜੁਲਾਈ ’ਚ 300 ਯੂਨਿਟ ਬਿਜਲੀ ਮੁਫ਼ਤ ਕਰਨ ਦਾ ਐਲਾਨ ਲਾਗੂ ਹੋਣ ਤੋਂ ਬਾਅਦ ਜਨਤਾ ਦੇ ਹੱਥ ’ਚ ਸਤੰਬਰ ਮਹੀਨੇ ’ਚ ਪਹਿਲੀ ਵਾਰ ਬਿਜਲੀ ਦਾ ਜ਼ੀਰੋ ਬਿੱਲ ਆਵੇਗਾ। ਇਸ ਤੋਂ ਬਾਅਦ ਨਵੰਬਰ ਅਤੇ ਜਨਵਰੀ ਤੱਕ ਕੁੱਲ 3 ਜ਼ੀਰੋ ਬਿੱਲ ਆਉਣ ’ਤੇ ਜਨਤਾ ’ਚ ਸਰਕਾਰ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੋਣ ਉਪਰੰਤ ਪਾਰਟੀ ਨਿਗਮ ਚੋਣਾਂ ਵੱਲ ਕਦਮ ਵਧਾਏਗੀ।

ਇਹ ਵੀ ਪੜ੍ਹੋ : ਪੰਜਾਬ ਦੇ DGP ਦੀ ਤਸਵੀਰ ਦਾ ਗਲਤ ਇਸਤੇਮਾਲ, ਪੰਜਾਬ ਪੁਲਸ ਵੱਲੋਂ ਅਲਰਟ ਜਾਰੀ

ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਅਜੇ ਸਰਕਾਰ ਬਣੀ ਨੂੰ 3 ਮਹੀਨੇ ਹੀ ਹੋਏ ਹਨ ਅਤੇ ਸਾਨੂੰ ਨਿਗਮ ਚੋਣਾਂ ਕਰਵਾਉਣ ਦੀ ਹਾਲ ਦੀ ਘੜੀ ਇੰਨੀ ਜਲਦੀ ਵੀ ਨਹੀਂ ਹੈ। ਪਹਿਲਾਂ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਵਾਅਦਿਆਂ ’ਚੋਂ ਕੁੱਝ ਨੂੰ ਪੂਰਾ ਕਰ ਲੈਣ, ਜਿਸ ਤੋਂ ਬਾਅਦ ਹੀ ਪਾਰਟੀ ਨਿਗਮ ਚੋਣਾਂ ’ਚ ਕਲੀਨ ਸਵੀਪ ਕਰਨ ਦਾ ਨਿਸ਼ਾਨਾ ਲੈ ਕੇ ਉਤਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਨਿਸ਼ਾਨਾ ਹਿਮਾਚਲ ਵਿਖੇ ਨਵੰਬਰ ’ਚ ਹੋਣ ਵਾਲੀ ਚੋਣ ਜਿੱਤਣ ਵੱਲ ਹੈ, ਜਿਸ ਤੋਂ ਬਾਅਦ ਅਗਲੇ ਸਾਲ ਦੇ ਸ਼ੁਰੂ ’ਚ ਪੰਜਾਬ ਦੀਆਂ 4 ਨਗਰ ਨਿਗਮਾਂ ਦੀਆਂ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News