'ਆਪ' ਦੇ ਅੰਦਰੂਨੀ ਕਲੇਸ਼ ਨੇ ਠੱਪ ਕੀਤਾ ਪੰਜਾਬ 'ਚ ਬਿਜਲੀ ਅੰਦੋਲਨ

09/07/2019 1:11:58 PM

ਜਲੰਧਰ (ਜ. ਬ.)— ਆਮ ਆਦਮੀ ਪਾਰਟੀ ਪੰਜਾਬ ਇਕਾਈ 'ਚ ਲਗਾਤਾਰ ਵਧਦੇ ਅੰਦਰੂਨੀ ਕਲੇਸ਼ ਕਾਰਨ ਪੰਜਾਬ 'ਚ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤਾ ਗਿਆ ਬਿਜਲੀ ਅੰਦੋਲਨ ਪੂਰੀ ਤਰ੍ਹਾਂ ਠੱਪ ਪਿਆ ਹੈ। ਮਾਮਲੇ ਬਾਰੇ ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਪਾਰਟੀ ਦੇ ਮੌਜੂਦਾ ਹਾਲਾਤ ਇਹ ਹਨ ਕਿ ਜਿੱਥੇ ਕੁਝ ਮਹੀਨੇ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਪਾਰਟੀ ਧੜੇਬੰਦੀ ਕਾਰਨ ਬਿਜਲੀ ਅੰਦੋਲਨ ਤੋਂ ਪਿੱਛੇ ਹਟ ਚੁੱਕੇ ਸਨ। ਉਥੇ ਹੀ ਇਕ ਵਾਰ ਫਿਰ ਆਮ ਆਦਮੀ ਪਾਰਟੀ 'ਚ ਅਮਨ ਅਰੋੜਾ ਨੂੰ ਲੈ ਕੇ ਧੜੇਬੰਦੀ ਤੇਜ਼ ਹੋ ਗਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਵਿਧਾਇਕ ਅਮਨ ਅਰੋੜਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਪਾਰਟੀ 'ਚ ਪਾਰਟੀ ਦੇ ਸਟੈਂਡ 'ਤੇ ਸਵਾਲ ਉਠਾਉਣ ਨੂੰ ਲੈ ਕੇ ਪਾਰਟੀ ਕਈ ਧੜਿਆਂ 'ਚ ਵੰਡੀ ਨਜ਼ਰ ਆ ਰਹੀ ਹੈ।

ਮਾਮਲੇ ਬਾਰੇ ਪਾਰਟੀ ਦੇ ਨੇਤਾ ਜਸਵੀਰ ਸਿੰਘ ਧੀਰ ਨੇ ਤਾਂ ਅਮਨ ਅਰੋੜਾ ਦੇ ਸਵਾਲ ਨੂੰ ਨਿਸ਼ਾਨਾ ਬਣਾਉਂਦਿਆਂ ਸਾਫ ਕਿਹਾ ਹੈ ਕਿ ਇਹ ਅਨੁਸ਼ਾਸਨਹੀਣਤਾ ਹੈ। ਉਥੇ ਪਾਰਟੀ ਦੇ ਸੀਨੀਅਰ ਆਗੂਆਂ ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਸਵੀਰ ਸਿੰਘ ਵੀਰ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਬਾਰੇ ਕੋਈ ਟਿੱਪਣੀ ਕਰਨ ਜਾਂ ਉਨ੍ਹਾਂ ਦੇ ਸਵਾਲ ਦਾ ਕੋਈ ਗੰਭੀਰ ਨੋਟਿਸ ਲੈਣ। ਉਕਤ ਦੋਵਾਂ ਵੱਡੇ ਆਗੂਆਂ ਨੇ ਕਿਹਾ ਕਿ ਜਸਵੀਰ ਸਿੰਘ ਵੀਰ ਵੱਲੋਂ ਇਹ ਕਹਿਣਾ ਕਿ ਉਨ੍ਹਾਂ ਨੇ ਇਹ ਸਾਰੇ ਫੈਸਲੇ ਪਾਰਟੀ ਪ੍ਰਧਾਨ ਭਗਵੰਤ ਮਾਨ ਨੂੰ ਵਿਸ਼ਵਾਸ ਵਿਚ ਲੈ ਕੇ ਕੀਤੇ ਹਨ ਇਹ ਵੀ ਗਲਤ ਹੈ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਦਾ ਪਾਰਟੀ 'ਚ ਕੱਦ ਵੱਡਾ ਹੈ, ਉਥੇ ਜਸਵੀਰ ਸਿੰਘ ਵੀਰ ਤਾਂ ਲੰਮੇ ਸਮੇਂ ਤੋਂ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰ ਹਨ। ਉਨ੍ਹਾਂ ਕਿਹਾ ਕਿ ਇਹ ਸਭ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਹੈ।

ਉਥੇ ਦੂਜੇ ਪਾਸੇ ਜਸਵੀਰ ਸਿੰਘ ਵੀਰ ਧੜੇ ਦੇ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਪਹਿਲਾਂ ਹੀ ਆਪਸੀ ਧੜੇਬੰਦੀ ਕਾਰਣ ਪੰਜਾਬ 'ਚ ਆਪਣੇ ਪੈਰ ਕਮਜ਼ੋਰ ਕਰ ਚੁੱਕੀ ਹੈ। ਆਈ. ਏ. ਐੱਸ. ਰੈਂਕ ਦੇ ਰਿਟਾਇਰਡ ਅਧਿਕਾਰੀ ਜਸਵੀਰ ਸਿੰਘ ਵੱਲੋਂ ਅਮਨ ਅਰੋੜਾ ਦੇ ਬਿਆਨਾਂ 'ਤੇ ਉਠਾਏ ਗਏ ਸਵਾਲ ਬਿਲਕੁਲ ਜਾਇਜ਼ ਹਨ। ਪਾਰਟੀ ਨੂੰ ਇਸ ਮਾਮਲੇ 'ਚ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਉਥੇ ਹੀ ਪਾਰਟੀ ਦੇ ਵਾਲੰਟੀਅਰ ਲੈਵਲ ਦੇ ਆਗੂ ਦਾ ਕਹਿਣਾ ਹੈ ਕਿ ਪਾਰਟੀ ਵਿਚ ਆਪਸੀ ਖਿੱਚ-ਧੂਹ ਇੰਨੀ ਵੱਧ ਚੁੱਕੀ ਹੈ ਕਿ ਇਕ ਨੇਤਾ ਕੁਝ ਬੋਲਦਾ ਹੈ ਤਾਂ ਦਸ ਨੇਤਾ ਉਸ ਦਾ ਵਿਰੋਧ ਕਰਨ ਵਿਚ ਲੱਗ ਜਾਂਦੇ ਹਨ।

ਅਜਿਹੇ 'ਚ ਪਾਰਟੀ ਹਾਈਕਮਾਨ ਨੂੰ ਚਾਹੀਦਾ ਹੈ ਕਿ ਉਹ ਸਖਤ ਐਕਸ਼ਨ ਲੈਂਦਿਆਂ ਪਾਰਟੀ ਦੀ ਲੱਤ ਖਿੱਚਣ ਵਾਲਿਆਂ ਨੂੰ ਅਨੁਸ਼ਾਸਨਹੀਣਤਾ ਦੇ ਨੋਟਿਸ ਜਾਰੀ ਕਰਨ। ਕੇਜਰੀਵਾਲ ਖੁਦ ਅਜਿਹੇ ਆਗੂਆਂ ਨੂੰ ਦਿੱਲੀ ਬੁਲਾ ਕੇ ਉਨ੍ਹਾਂ ਕੋਲੋਂ ਜਵਾਬ ਮੰਗਣ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਕੋਈ ਵੀ ਪਾਰਟੀ ਵਿਚ ਸੱਚ ਬੋਲਣਾ ਚਾਹੁੰਦਾ ਹੈ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਕੋਈ ਸਵਾਲ ਉਠਾਇਆ ਹੈ ਤਾਂ ਉਸ ਦੇ ਪਿੱਛੇ ਦੇ ਕਾਰਣ ਲੱਭਣੇ ਚਾਹੀਦੇ ਹਨ। ਇਸ ਸਭ ਦੌਰਾਨ ਪਾਰਟੀ ਦਾ ਬਿਜਲੀ ਅੰਦੋਲਨ ਕਿਤੇ ਗਾਇਬ ਹੋ ਚੁੱਕਾ ਹੈ। ਕਈ ਮਹੀਨੇ ਬੀਤਣ ਤੋਂ ਬਾਅਦ ਵੀ ਪਾਰਟੀ ਬਿਜਲੀ ਦੇ ਮਾਮਲੇ ਵਿਚ ਸਰਕਾਰ 'ਤੇ ਕੋਈ ਦਬਾਅ ਨਹੀਂ ਬਣਾ ਸਕੀ।


shivani attri

Content Editor

Related News