‘ਆਪ’ ਨੇ ਐੱਮ. ਸੀ. ਚੋਣਾਂ ਲਈ 20 ਥਾਵਾਂ ’ਤੇ 121 ਉਮੀਦਵਾਰਾਂ ਦਾ ਕੀਤਾ ਐਲਾਨ
Tuesday, Jan 26, 2021 - 10:12 AM (IST)
 
            
            ਚੰਡੀਗੜ੍ਹ (ਰਮਨਜੀਤ) - ਆਮ ਆਦਮੀ ਪਾਰਟੀ ਵਲੋਂ ਸੂਬੇ ਵਿਚ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕਰ ਦਿੱਤੀ ਗਈ ਹੈ। ‘ਆਪ’ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਅਤੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਵਲੋਂ ਸਥਾਨਕ ਸਰਕਾਰ ਚੋਣਾਂ ਲਈ 20 ਥਾਵਾਂ ਤੋਂ 121 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਸੋਮਵਾਰ ਨੂੰ ਜਾਰੀ ਹੋਈ ਸੂਚੀ ਵਿਚ ਰਈਆ, ਸੁਲਤਾਨਪੁਰ ਲੌਧੀ, ਕੋਟਕਪੂਰਾ, ਮੋਗਾ, ਪਾਤੜਾਂ, ਮਾਲੇਰਕੋਟਲਾ, ਡੇਰਾਬੱਸੀ, ਮੰਡੀ ਗੋਬਿੰਦਗੜ੍ਹ, ਜੈਤੋ, ਫਰੀਦਕੋਟ, ਅਮਰਗੜ੍ਹ, ਅਹਿਮਦਗੜ੍ਹ, ਜ਼ੀਰਕਪੁਰ, ਸ੍ਰੀ ਹਰਗੋਬਿੰਦਪੁਰ, ਗੁਰੂ ਹਰਸਹਾਏ, ਜੀਰਾ, ਮੌੜ, ਮੁਕਤਸਰ, ਭਿਖੀਵਿੰਡ ਅਤੇ ਜੰਡਿਆਲਾ ਗੁਰੂ ਥਾਵਾਂ ਸ਼ਾਮਲ ਹਨ।
ਆਗੂਆਂ ਨੇ ਕਿਹਾ ਕਿ ਇਸ ਵਾਰ ਲੋਕਾਂ ਕੋਲ ਯੋਗ ਅਤੇ ਈਮਾਨਦਾਰ ਕੌਂਸਲਰ ਚੁਣ ਕੇ ਆਪਣੇ ਸ਼ਹਿਰ ਵਿਚ ਬਦਲਾਅ ਲਿਆਉਣ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਅੱਜ ਸਥਾਨਕ ਸਰਕਾਰਾਂ ਵਿਚ ਕਰੋੜਾਂ ਰੁਪਏ ਦੇ ਘਪਲੇ ਹੋ ਰਹੇ ਹਨ। ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇਹ ਜ਼ਰੂਰੀ ਹੈ ਕਿ ਪੜ੍ਹੇ ਲਿਖੇ, ਸਮਰਥ ਅਤੇ ਈਮਾਨਦਾਰ ਵਿਅਕਤੀ ਨੂੰ ਕੌਂਸਲਰ ਵਜੋਂ ਚੁਣਿਆ ਜਾਵੇ। ‘ਆਪ’ ਆਗੂ ਨੇ ਕਿਹਾ ਕਿ ਪਾਰਟੀ ਵਲੋਂ ਆਪਣੇ ਚੋਣ ਚਿੰਨ੍ਹ ‘ਝਾੜੂ’ ’ਤੇ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            